31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਿੱਖ ਇਤਿਹਾਸ ਦੀਆਂ ਯਾਦਗਾਰ ਬੇਰੀਆਂ

ਸਿੱਖ ਇਤਿਹਾਸ ਦੀਆਂ ਯਾਦਗਾਰ ਬੇਰੀਆਂ

ਅਜੀਤ ਡੈਸਕ 31-08-2026

 

ਸਿੱਖ ਇਤਿਹਾਸ ਨੂੰ  ਬੜਾ ਨੇੜੇ ਤੋਂ ਵਾਚਣ 'ਤੇ ਗੁਰੂਆਂ ਤੇ ਸਿੱਖ ਸੰਗਤਾਂ ਦੇ ਰੁੱਖਾਂ ਨਾਲ ਪਿਆਰ ਅਤੇ ਉਨ੍ਹਾਂ ਦੀ ਸੰਭਾਲ ਦਾ ਜ਼ਿਕਰ ਬਹੁਤ ਥਾਈਾ ਮਿਲਦਾ ਹੈ | ਇਨ੍ਹਾਂ ਰੁੱਖਾਂ 'ਚ ਬੇਰੀਆਂ ਦਾ ਵਿਸ਼ੇਸ਼ ਵਰਨਣ ਮਿਲਦਾ ਹੈ, ਜਿਨ੍ਹਾਂ 'ਚੋਂ ਕੁਝ ਕੁ ਦਾ ਅਸੀਂ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ |
ਦੁੱਖ ਭੰਜਨੀ ਬੇਰੀ-ਇਸ ਬੇਰੀ ਦੀ ਪੁਰਾਤਨ ਵਾਰਤਾ ਅਤੇ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਤਾ ਹੋਣ ਕਰਕੇ ਸਾਰੇ ਸਿੱਖ ਇਸ ਬੇਰੀ ਦੇ ਨਾਂਅ ਤੋਂ ਜਾਣੂ ਹਨ | ਅੱਜ ਵੀ ਇਹ ਬੇਰੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਗੁਰੂ ਘਰ ਦੀ ਸ਼ੋਭਾ ਵਧਾ ਰਹੀ ਹੈ | ਕਈ ਸਦੀਆਂ ਪੁਰਾਤਨ ਹੋਣ ਕਾਰਨ ਬੇਰੀ ਨੂੰ  ਕੁਝ ਲਾਖ ਕਾਰਨ ਨੁਕਸਾਨ ਹੋਇਆ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਨੇ ਇਸ ਨੂੰ  ਮੁੜ ਤੋਂ ਹਰਿਆ-ਭਰਿਆ ਅਤੇ ਫ਼ਲ ਦੇਣ ਯੋਗ ਬਣਾ ਦਿੱਤਾ | ਹੁਣ ਇਹ ਰੁੱਖ ਸਿਹਤਯਾਬ ਹੈ ਪਰ ਮਾਹਿਰਾਂ ਦੀ  ਲਗਾਤਾਰ ਨਿਗਰਾਨੀ ਦੀ ਜ਼ਰੂਰਤ ਬਣੀ ਰਹਿੰਦੀ ਹੈ | 
ਬੇਰ ਬਾਬਾ ਬੁੱਢਾ ਜੀ-ਇਹ ਪਵਿੱਤਰ ਤੇ ਪੁਰਾਤਨ ਬੇਰੀ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੀ ਸ਼ੋਭਾ ਨੂੰ  ਚਾਰ ਚੰਨ ਲਾ ਰਹੀ ਹੈ | ਇਹ ਬੇਰੀ ਤਕਰੀਬਨ ਪੰਜ ਸਦੀਆਂ ਪੁਰਾਣੇ ਮਾਣਮੱਤੇ ਇਤਿਹਾਸ ਦੀ ਗਵਾਹ ਹੈ | ਸਿੱਖ ਇਤਿਹਾਸ ਅਨੁਸਾਰ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਦਾ ਜਨਮ ਪਿਤਾ ਸੁੰਘਾ ਰੰਧਾਵਾ ਤੇ ਮਾਤਾ ਗੌਰਾ ਦੇ ਘਰ 7 ਕੱਤਕ ਸੰਮਤ 1563 ਨੂੰ  ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮਿ੍ਤਸਰ ਵਿਖੇ ਹੋਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਸਦਕਾ ਬਾਬਾ ਬੁੱਢਾ ਜੀ ਨੂੰ  ਸਤਿਕਾਰ ਮਿਲਿਆ | ਜਦੋਂ ਪੰਚਮ ਪਾਤਿਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਤੇ ਅੰਮਿ੍ਤ ਸਰੋਵਰ ਦੀ ਤਿਆਰੀ ਆਰੰਭੀ ਤਾਂ ਬਾਬਾ ਜੀ ਇਸ ਸੇਵਾ ਦੇ ਮੋਢੀ ਪ੍ਰਬੰਧਕ ਬਣੇ | ਇਸ ਬੇਰੀ ਹੇਠ ਬੈਠ ਕੇ ਉਹ ਸੰਗਤਾਂ ਪਾਸੋਂ ਸੇਵਾ ਕਰਾਇਆ ਕਰਦੇ ਸਨ ਅਤੇ ਰਾਜ-ਮਿਸਤਰੀ, ਮਜ਼ਦੂਰਾਂ ਨੂੰ  ਤਨਖਾਹ ਵੰਡਿਆ ਕਰਦੇ ਸਨ | ਉਹ ਹੱਥੀਂ ਸੇਵਾ ਵੀ ਕਰਦੇ ਸਨ | ਇਹ ਬੇਰੀ ਅੱਜ ਵੀ ਉਨ੍ਹਾਂ ਦੀ ਯਾਦ ਨੂੰ  ਚੇਤੇ ਕਰਾਉਂਦੀ ਹੈ | 
ਲਾਚੀ ਬੇਰੀ-ਇਕ ਹੋਰ ਬੇਰੀ ਨੂੰ  ਲਾਚੀ ਬੇਰੀ ਕਰਕੇ ਜਾਣਿਆ ਜਾਂਦਾ ਹੈ | ਇਹ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿਚ ਦਰਸ਼ਨੀ ਡਿਊਢੀ ਕੋਲ ਹੈ | ਇਹ ਬੇਰੀ ਦੁੱਖ ਭੰਜਨੀ ਬੇਰੀ ਅਤੇ ਬਾਬਾ ਬੁੱਢਾ ਜੀ ਦੀ ਬੇਰ ਜਿੰਨੀ ਭਾਵੇਂ ਪੁਰਾਤਨ ਨਹੀਂ ਪਰ ਇਸ ਦਾ ਸਿੱਖ ਇਤਿਹਾਸ ਵਿਚ ਆਪਣਾ ਵਿਸ਼ੇਸ਼ ਮਹੱਤਵ ਹੈ | ਇਸ ਬੇਰੀ ਦਾ ਸਬੰਧ ਮੱਸਾ ਰੰਘੜ ਦਾ ਮਈ 1740 ਈ: ਵਿਚ ਸਿਰ ਵੱਢਣ ਵਾਲੇ ਮਹਾਨ ਯੋਧਿਆਂ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਅਤੇ ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਨਾਲ ਹੈ | ਸਿੱਖ ਇਤਿਹਾਸ ਅਨੁਸਾਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਕੋਲ ਪਹੁੰਚ ਕੇ ਲਾਚੀ ਬੇਰੀ ਨਾਲ ਘੋੜੇ ਬੰਨ੍ਹ ਦਿੱਤੇ ਅਤੇ ਦਰਬਾਰ ਸਾਹਿਬ ਅੰਦਰ ਜਾ ਕੇ ਮੱਸੇ ਰੰਗੜ ਦਾ ਸਿਰ ਵੱਢ ਲਿਆਏ ਅਤੇ ਬੀਕਾਨੇਰ ਵਿਚ ਜਥੇਦਾਰ ਬੁੱਢਾ ਸਿੰਘ ਅੱਗੇ ਜਾ ਰੱਖਿਆ | ਉਦੋਂ ਤੋਂ ਹੀ ਇਸ ਲਾਚੀ ਬੇਰੀ ਦੀ ਸਿੱਖ ਇਤਿਹਾਸ 'ਚ ਵੱਡੀ ਮਹੱਤਤਾ ਬਣੀ ਹੋਈ ਹੈ |
ਗੁ. ਸ੍ਰੀ ਬੇਰੀ ਸਾਹਿਬ ਸੁਲਤਾਨਪੁਰ ਲੋਧੀ-ਸੁਲਤਾਨਪੁਰ ਲੋਧੀ ਨੂੰ  ਇਤਿਹਾਸਕ ਨਗਰੀ ਕਿਹਾ ਜਾਂਦਾ ਹੈ, ਜਿਸ ਨੂੰ  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲੰਬੇ ਸਮੇਂ ਤੱਕ ਚਰਨ ਛੋਹ ਪ੍ਰਾਪਤ ਹੈ | ਇਸ ਅਸਥਾਨ 'ਤੇ ਗੁਰੂ ਜੀ ਕਾਲੀ ਵੇਈਾ ਨੇੜੇ ਰੋਜ਼ਾਨਾ ਇਸ਼ਨਾਨ ਕਰਨ ਲਈ ਜਾਂਦੇ ਸਨ | ਇਸ ਸਥਾਨ 'ਤੇ ਮੌਜੂਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਗੁਰੂ ਜੀ ਨੇ ਇਸੇ ਸਥਾਨ 'ਤੇ ਰੱਬੀ ਚਿੰਤਨ ਅਤੇ ਸਾਧਨਾ ਕੀਤੀ | ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਇਸ ਨਗਰੀ 'ਚ ਬਤੀਤ ਕੀਤੇ | ਇੱਥੇ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਭਾਈਆ ਜੈ ਰਾਮ ਆਪਣੇ ਪਰਿਵਾਰ ਨਾਲ ਰਹਿੰਦੇ ਸਨ | ਗੁਰੂ ਜੀ ਇੱਥੇ ਮੋਦੀਖਾਨੇ 'ਚ ਨੌਕਰੀ ਕਰਦੇ ਸਨ | ਗੁਰੂ ਜੀ ਇਸ਼ਨਾਨ ਉਪਰੰਤ ਭਗਤੀ ਕਰਦੇ, ਜਿੱਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ | ਇੱਥੇ ਹੀ ਗੁਰੂ ਜੀ ਨੇ ਆਪਣੇ ਹੱਥੀਂ ਬੇਰੀ ਦਾ ਬੂਟਾ ਲਾਇਆ, ਜੋ ਅੱਜ ਵੱਡੇ ਰੁੱਖ ਦੇ ਰੂਪ 'ਚ ਮੌਜੂਦ ਹੈ, ਜਿਸ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਂਦੀ ਹੈ |
ਬੇਰੀ ਗੁਰਦੁਆਰਾ ਜੰਡ ਸਾਹਿਬ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸੰਮਤ 1726 ਦੇ ਵੈਸਾਖ ਮਹੀਨੇ ਖਿਦਰਾਣੇ ਦੀ ਢਾਬ 'ਤੇ ਜੰਗ ਜਿੱਤਣ ਤੋਂ ਬਾਅਦ ਇਸ ਇਲਾਕੇ 'ਚ ਵਿਚਰ ਰਹੇ ਸਨ ਤਾਂ ਇਕ ਦਿਨ ਅਜੋਕੇ ਫ਼ਰੀਦਕੋਟ ਜ਼ਿਲ੍ਹੇ 'ਚ ਮੁਕਤਸਰ-ਫਿਰੋਜ਼ਪੁਰ ਰੋਡ ਦੇ ਕਸਬਾ ਸਾਦਿਕ ਤੋਂ ਛੇ ਕਿਲੋਮੀਟਰ ਪੱਛਮ ਵੱਲ ਇਕ ਸਥਾਨ 'ਤੇ ਪਹੁੰਚੇ ਤਾਂ ਉੱਥੇ ਇਕ ਬੇਰੀ ਦੇ ਰੁੱਖ ਹੇਠ ਵਿਸ਼ਰਾਮ ਕੀਤਾ ਅਤੇ ਜੰਡ ਦਾ ਇਕ ਕਿੱਲਾ ਗੱਡ ਕੇ ਆਪਣਾ ਘੋੜਾ ਉਸ ਨਾਲ ਬੰਨਿ੍ਹਆ | ਅੱਜ ਵੀ ਇਸ ਸਥਾਨ 'ਤੇ ਜੰਡ ਦਾ ਰੁੱਖ ਮÏਜੂਦ ਹੈ, ਜੋ ਬਾਅਦ 'ਚ ਹਰਾ ਹੋ ਗਿਆ | ਜਿਸ ਬੇਰੀ ਹੇਠ ਗੁਰੂ ਜੀ ਨੇ ਆਰਾਮ ਫ਼ਰਮਾਇਆ, ਉਹ ਅੱਜ ਬਹੁਤ ਵੱਡੇ ਰੁੱਖ ਦੇ ਰੂਪ ਵਿਚ ਮੌਜੂਦ ਹੈ, ਜੋ ਹਰੀ-ਭਰੀ ਤੇ ਫ਼ਲਦਾਰ ਹੈ | ਇੱਥੇ ਹਰ ਸਾਲ ਵਿਸਾਖੀ ਮੌਕੇ ਜੋੜ-ਮੇਲਾ ਲਗਦਾ ਹੈ |
ਗੁ. ਬੇਰ ਸਾਹਿਬ ਸਿਆਲਕੋਟ-ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜੰਮੂ ਤੋਂ ਕਸ਼ਮੀਰ ਜਾਂਦੇ ਹੋਏ ਸਿਆਲਕੋਟ ਪੁੱਜੇ ਤਾਂ ਇੱਥੇ ਪੂਰਾ ਸ਼ਹਿਰ ਦੁੱਖ ਨਾਲ ਸਹਿਮਿਆ ਹੋਇਆ ਸੀ | ਕਾਰਨ ਸੀ ਕਿ ਇਕ ਕਰਨੀ ਵਾਲੇ ਫ਼ਕੀਰ ਹਮਜਾ ਗੈਸ ਨਾਲ ਕਿਸੇ ਨੇ ਵਾਅਦਾ ਖ਼ਿਲਾਫ਼ੀ ਕੀਤੀ ਸੀ ਅਤੇ ਉਹ ਜਲਾਲ 'ਚ ਆ ਕੇ 40 ਦਿਨ ਦਾ ਚਿਲਾ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਇਸਦੇ ਪੂਰਾ ਹੋਣ 'ਤੇ ਸਾਰਾ ਸ਼ਹਿਰ ਗਰਕ ਜਾਵੇਗਾ | ਇਹ ਸੁਣ ਕੇ ਗੁਰੂ ਜੀ ਚਿਲੇ ਵਾਲੀ ਥਾਂ ਤੋਂ ਥੋੜ੍ਹੀ ਦੂਰ ਇਕ ਬੇਰੀ ਦੇ ਰੁੱਖ ਹੇਠ ਜਾ ਬਿਰਾਜੇ ਅਤੇ ਸ਼ਬਦ ਸ਼ੁਰੂ ਕਰ ਦਿੱਤਾ, ਜਿਸ ਨਾਲ ਹਮਜਾ ਦਾ ਚਿਲਾ ਟੁੱਟ ਗਿਆ ਅਤੇ ਉਹ ਗੁਰੂ ਜੀ ਨਾਲ ਗੁੱਸੇ ਹੋਣ ਲੱਗਾ | ਗੁਰੂ ਜੀ ਨੇ ਉਸ ਨੂੰ  ਪਿਆਰ ਨਾਲ ਸਮਝਾਇਆ ਅਤੇ ਹਮਜਾ ਨੇ ਸਿਆਲਕੋਟੀਆਂ ਨੂੰ  ਮੁਆਫ਼ ਕਰ ਦਿੱਤਾ | ਜਿਸ ਥਾਂ 'ਤੇ ਗੁਰੂ ਜੀ ਠਹਿਰੇ ਸਨ, ਉਸ ਮੁਹੱਲੇ ਨੂੰ  ਅੱਜ ਵੀ ਬੇਰ ਸਾਹਿਬ ਆਖਿਆ ਜਾਂਦਾ ਹੈ ਤੇ ਇੱਥੇ ਇਕ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਸਨੂੰ 'ਗੁਰਦੁਆਰਾ ਬੇਰੀ ਸਾਹਿਬ' ਆਖਿਆ ਜਾਂਦਾ ਹੈ | ਗੁਰਦੁਆਰੇ ਪਿੱਛੇ ਬੇਰੀ ਦਾ ਉਹ ਰੁੱਖ ਅੱਜ ਵੀ ਮੌਜੂਦ ਹੈ, ਜਿਸ ਹੇਠਾਂ ਗੁਰੂ ਜੀ ਬਿਰਾਜੇ ਸਨ | ਗਿਆਨੀ ਗਿਆਨ ਸਿੰਘ ਜੀ 'ਤਵਾਰੀਖ ਖ਼ਾਲਸਾ' 'ਚ ਲਿਖਦੇ ਹਨ ਕਿ ਕੈਂਪਸ ਅੰਦਰ ਸ਼ਹੀਦ ਨੱਥਾ ਸਿੰਘ ਦਾ ਸ਼ਹੀਦ ਗੰਜ ਹੈ ਅਤੇ ਉਨ੍ਹਾਂ ਦਾ ਬਣਾਇਆ ਹੋਇਆ ਕਈ ਹਲਟਾਂ ਵਾਲਾ ਵੱਡਾ ਖੂਹ ਤੇ ਇਕ ਸੁੰਦਰ ਤਲਾਬ ਵੀ ਬਣਿਆ ਹੋਇਆ ਹੈ |
ਮਹਾਰਾਜਾ ਰਣਜੀਤ ਸਿੰਘ ਸੰਬੰਧਿਤ ਬੇਰੀ-ਸਿੱਖ ਇਤਿਹਾਸ 'ਚ ਇਕ ਹੋਰ ਮਹੱਤਵਪੂਰਨ ਬੇਰੀ ਦਾ ਜ਼ਿਕਰ ਮਿਲਦਾ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਰਹੀ ਹੈ | ਇਤਿਹਾਸ ਅਨੁਸਾਰ ਇਸ ਬੇਰੀ ਨੂੰ  ਬਹੁਤ ਮਿੱਠੇ ਬੇਰ ਲੱਗੇ ਹੋਏ ਸਨ ਕਿ ਕੁਝ ਬੱਚੇ ਇੱਟਾਂ-ਰੋੜੇ ਮਾਰ-ਮਾਰ ਬੇਰ ਝਾੜ ਰਹੇ ਸਨ ਤੇ ਉਧਰੋਂ ਲੰਘ ਰਹੇ ਮਹਾਰਾਜਾ ਰਣਜੀਤ ਸਿੰਘ ਨੂੰ  ਇਕ ਰੋੜਾ ਜਾ ਲੱਗਾ ਤਾਂ ਪਹਿਰੇਦਾਰਾਂ ਨੇ ਬੱਚਿਆਂ ਨੂੰ  ਫੜ ਕੇ ਪੇਸ਼ ਕੀਤਾ, ਪਰ ਮਹਾਰਾਜਾ ਨੇ ਸਜ਼ਾ ਦੇਣ ਦੀ ਥਾਂ ਬੱਚਿਆਂ ਨੂੰ  ਇਹ ਕਹਿ ਕੇ ਇਨਾਮ ਦਿੱਤਾ ਕਿ ਜਦੋਂ ਇਕ ਬੇਰੀ ਇੱਟਾਂ-ਰੋੜੇ ਖਾ ਕੇ ਤੁਹਾਨੂੰ ਮਿੱਠੇ ਬੇਰ ਦੇ ਦਿੰਦੀ ਹੈ ਤਾਂ ਪੰਜਾਬ ਦਾ ਰਾਜਾ ਕੀ ਤੁਹਾਨੂੰ ਕੁਝ ਨਹੀਂ ਦੇਵੇਗਾ? ਇਸ ਤਰ੍ਹਾਂ ਇਸ ਬੇਰੀ ਦਾ ਸਿੱਖ ਇਤਿਹਾਸ 'ਚ ਵਿਸ਼ੇਸ਼ ਸਥਾਨ ਬਣ ਗਿਆ |
ਵਿਲੱਖਣ ਬੇਰੀ ਗੁਰਦੁਆਰਾ ਗੁਰੂਸਰ ਮਹਿਰਾਜ-ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ 'ਤੇ ਪ੍ਰਚਾਰ ਕਰ ਰਹੇ ਸਨ ਤਾਂ ਨਥਾਣਾ ਤੇ ਮਹਿਰਾਜ ਦੇ ਲਾਗੇ 1631 'ਚ ਘਮਸਾਣ ਦੀ ਜੰਗ ਹੋਈ | ਜੰਗ ਜਿੱਤਣ ਤੋਂ ਮਗਰੋਂ ਗੁਰੂ ਜੀ ਨੇ ਇੱਥੇ ਇਕ ਤਲਾਬ ਬਣਾਇਆ, ਜਿਸਨੂੰ ਗੁਰੂਸਰ ਦਾ ਨਾਂਅ ਦਿੱਤਾ | ਇਸ ਸਥਾਨ 'ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਨੇੜੇ ਹੀ ਸ਼ਹੀਦ ਸਿੱਖਾਂ ਦੇ ਸਸਕਾਰ ਵਾਲੀ ਥਾਂ ਕੋਲ ਇਕ ਵੱਡੀ ਵਿਲੱਖਣ ਬੇਰੀ ਅੱਜ ਵੀ ਖੜ੍ਹੀ ਹੈ, ਜਿਸ ਦਾ ਫੈਲਾਅ ਅੱਧੇ ਏਕੜ 'ਚ ਹੈ | ਸ਼ਾਇਦ ਇਹ ਪੰਜਾਬ ਦੀ ਸਭ ਤੋਂ ਵੱਡੀ ਬੇਰੀ ਕਹੀ ਜਾਂਦੀ ਹੈ | ਬਹੁਤ ਪੁਰਾਤਨ ਤੇ ਜੰਗ ਨਾਲ ਸੰਬੰਧਿਤ ਹੋਣ ਕਾਰਨ ਇਸ ਦੀ ਸਿੱਖ ਇਤਿਹਾਸ ਵਿਚ ਖ਼ਾਸ ਮਹੱਤਤਾ ਹੈ |
-ਮਕਾਨ ਨੰ: 3098, ਸੈਕਟਰ-37ਡੀ, ਚੰਡੀਗੜ੍ਹ |
ਮੋਬਾਈਲ : 98764-52223

ਪਿਛਲੀ ਖ਼ਬਰ ਸੇਵਾ ਮ ੁਕਤੀ ’ਤੇ ਵਿਸ਼ੇਸ਼ ਏ.ਪੀ.ਆਰ.ਓ. ਸੰਜੀਵ ਕੁਮਾਰ ਸ਼ਰਮਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।