ਗੁਰੂ ਨਾਨਕ ਦੇਵ ਜੀ 70 ਸਾਲ 4 ਮਹੀਨੇ ਇਸ ਧਰਤ 'ਤੇ ਰਹਿ ਕੇ ਜਾਤਿ-ਪਾਤਿ ਤੇ ਊਚ-ਨੀਚ ਦੇ ਹਨੇਰੇ 'ਚ ਡੁੱਬੇ ਸੰਸਾਰ ਨੂੰ ਚਾਨਣ ਦੀ ਰਾਹ ਵਿਖਾਉਂਦਿਆਂ 22 ਸਤੰਬਰ, 1539 (23 ਅੱਸੂ ਵਦੀ 10, 1596) ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ | ਇਸ ਸਥਾਨ 'ਤੇ ਗੁਰੂ ਜੀ ਨੇ ਆਪਣੀ ਗ੍ਰਹਿਸਥ ਸੰਭਾਲੀ, ਖ਼ੁਦ ਖੇਤੀਬਾੜੀ ਕੀਤੀ ਤੇ ਸਿੱਖੀ ਦੇ ਉਪਦੇਸ਼ ਦਿੱਤੇ | ਇੱਥੇ ਹੀ ਉਨ੍ਹਾਂ ਭਾਈ ਲਹਿਣਾ ਨੂੰ ਦੂਜਾ ਗੁਰੂ ਥਾਪ ਕੇ ਗੁਰੂ ਅੰਗਦ ਦੇਵ ਬਣਾਇਆ | ਭਾਈ ਲਹਿਣਾ ਜੀ ਨੇ ਛੇ ਸਾਲਾਂ ਤੱਕ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ |

ਸਿੱਖ ਵਿਦਵਾਨਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਹਿੰਦੂ ਭਾਈਚਾਰੇ ਨੇ ਉਸ ਸਥਾਨ 'ਤੇ ਸੰਤ ਨਾਨਕ ਦੇਵ ਦੀ ਸਮਾਧ ਬਣਾ ਲਈ ਅਤੇ ਮੁਸਲਿਮ ਭਾਈਚਾਰੇ ਨੇ ਨਾਨਕ ਪੀਰ ਦੀ ਮਜ਼ਾਰ ਬਣਾ ਲਈ, ਜੋ ਅੱਜ ਵੀ ਕਾਇਮ ਹਨ | ਗੁਰਦੁਆਰਾ ਸਾਹਿਬ ਦੇ ਅੰਦਰ ਹਿੰਦੂ ਭਾਈਚਾਰੇ ਵਲੋਂ ਤਾਮੀਰ ਕਰਵਾਈ ਗਈ ਗੁਰੂ ਨਾਨਕ ਦੇਵ ਜੀ ਸਮਾਧ ਮੌਜੂਦ ਹੈ ਤੇ ਗੁਰੂ ਸਾਹਿਬ ਦੇ ਮੁਸਲਿਮ ਸ਼ਰਧਾਲੂਆਂ ਵਲੋਂ ਉਸਾਰੀ ਗਈ ਨਾਨਕ ਪੀਰ ਦੀ ਮਜ਼ਾਰ ਗੁਰਦੁਆਰਾ ਸਾਹਿਬ ਦੇ ਬਾਹਰ ਇਤਿਹਾਸਕ ਖੂਹ ਕੋਲ ਸਥਾਪਤ ਹੈ | ਕੁਝ ਵਿਦਵਾਨਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਮੁਸਲਮਾਨਾਂ ਨੇ ਗੁਰੂ ਜੀ ਦੀ ਅੰਤਿਮ ਯਾਦਗਾਰ ਵਜੋਂ ਇਕ ਖੂਹ ਲਵਾਇਆ ਤੇ ਇਕ ਮਸੀਤ (ਮਕਤਬ) ਵੀ ਸਥਾਪਤ ਕੀਤੀ | ਕਲਾਨੌਰ ਦੇ ਅਹਿਲਕਾਰ ਦੁਨੀ ਚੰਦ ਕਰੋੜੀ ਦਾ ਗੁਰੂ ਨਾਨਕ ਦੇਵ ਜੀ ਪ੍ਰਤੀ ਹੰਕਾਰ ਟੁੱਟਣ 'ਤੇ ਉਸ ਨੇ 100 ਘੁਮਾਓਾ ਜ਼ਮੀਨ ਉਨ੍ਹਾਂ ਨੂੰ ਭੇਟ ਕੀਤੀ | ਪੰਥ ਰਤਨ ਗਿਆਨੀ ਗਿਆਨ ਸਿੰਘ ਅਨੁਸਾਰ 13 ਮਾਘ ਸੰਮਤ 1572 ਨੂੰ ਗੁਰੂ ਨਾਨਕ ਦੇਵ ਜੀ ਨੇ ਬਾਕਾਇਦਾ ਮੋਹੜੀ ਗੱਡ ਕੇ ਕਰਤਾਰਪੁਰ ਦੀ ਨੀਂਹ ਰੱਖੀ | ਦੁਨੀ ਚੰਦ ਨੇ ਇੱਥੇ ਇਕ ਧਰਮਸ਼ਾਲਾ ਵੀ ਬਣਵਾਈ, ਜੋ ਅਲੋਪ ਹੋ ਚੁੱਕੀ ਹੈ | ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਸਫਾ 302 'ਤੇ ਨਗਰ ਦੇ ਨਿਰਮਾਣ ਦੇ ਬਾਰੇ 'ਚ ਲਿਖਦੇ ਹਨ, 'ਇਸ ਨਗਰ ਦੇ ਵਸਾਉਣ 'ਚ ਭਾਈ ਦੋਦਾ ਤੇ ਭਾਈ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਸ਼ਾਮਿਲ ਹੈ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲਾ ਬਣਵਾਈ | ਬਾਅਦ 'ਚ ਕਰਤਾਰਪੁਰ ਨੂੰ ਚਾਰੇ ਪਾਸਿਓਾ ਰਾਵੀ ਨੇ ਆਪਣੇ 'ਚ ਲੀਨ ਕਰ ਲਿਆ |'
ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਬਿਲਕੁਲ ਕੰਢੇ ਸਥਿਤ ਹੋਣ ਕਾਰਨ ਸਮੇਂ-ਸਮੇਂ 'ਤੇ ਹੜ੍ਹਾਂ ਤੇ ਪਾਣੀ ਦੇ ਕਟਾਅ ਦੀ ਮਾਰ ਹੇਠ ਆਉਂਦਾ ਰਿਹਾ | 18ਵੀਂ ਸਦੀ ਦੌਰਾਨ ਵੀ ਇੱਥੋਂ ਦਾ ਪੁਰਾਤਨ ਨਗਰ ਦਰਿਆ ਦੇ ਤੇਜ਼ ਵਹਾਅ ਕਾਰਨ ਕਾਫ਼ੀ ਪ੍ਰਭਾਵਿਤ ਹੋਇਆ | ਰਾਜਾ ਚੁੰਨੀ ਲਾਲ ਹੈਦਰਾਬਾਦੀ ਨੇ ਸਭ ਤੋਂ ਪਹਿਲਾਂ ਸੰਗਮਰਮਰ ਦੀ ਸੇਵਾ ਕਰਾ ਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਇਮਾਰਤ ਨੂੰ ਪੱਕਾ ਰੂਪ ਦਿੱਤਾ | ਦੱਸਿਆ ਜਾਂਦਾ ਹੈ ਕਿ ਰਾਜਾ ਚੁੰਨੀ ਲਾਲ ਮਲਹੋਤਰਾ ਨੇ ਹੈਦਰਾਬਾਦ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਦੇ ਸ਼ਾਸਨਕਾਲ ਦੌਰਾਨ ਇਕ ਤਾਕਤਵਰ ਦੀਵਾਨ ਵਜੋਂ ਸੇਵਾ ਨਿਭਾਈ | ਭਾਵੇਂ ਉਹ ਹੈਦਰਾਬਾਦ 'ਚ ਸਰਗਰਮ ਰਹੇ, ਪਰ ਉਹ ਲਾਹੌਰ ਨਾਲ ਡੂੰਘੀਆਂ ਜੜ੍ਹਾਂ ਰੱਖਣ ਵਾਲੇ ਇਕ ਹਿੰਦੂ ਖੱਤਰੀ ਪਰਿਵਾਰ 'ਚੋਂ ਸਨ | ਆਪਣੇ ਪੁਰਖਿਆਂ ਦੇ ਪਿਛੋਕੜ ਤੇ ਗੁਰੂ ਨਾਨਕ ਦੇਵ ਜੀ ਪ੍ਰਤੀ ਅਥਾਹ ਸ਼ਰਧਾ ਸਦਕਾ ਰਾਜਾ ਚੁੰਨੀ ਲਾਲ ਤੇ ਮਾਲਵਾਲਾ ਪਰਿਵਾਰ (ਹੈਦਰਾਬਾਦ ਦੇ ਨਿਜ਼ਾਮ ਰਾਜ 'ਚ ਵਿੱਤ ਵਿਭਾਗ/ਦਫ਼ਤਰ-ਏ-ਮਾਲ ਦੀ ਨਿਗਰਾਨੀ ਇਸ ਪਰਿਵਾਰ ਕੋਲ ਹੋਣ ਕਾਰਨ ਇਨ੍ਹਾਂ ਨੂੰ 'ਮਾਲਵਾਲਾ ਪਰਿਵਾਰ' ਕਿਹਾ ਜਾਂਦਾ ਸੀ) ਨੇ ਹੈਦਰਾਬਾਦ ਤੋਂ ਪੰਜਾਬ ਵੱਲ ਵੱਡੇ ਪੱਧਰ 'ਤੇ ਧਾਰਮਿਕ ਦਾਨ, ਜਗੀਰਾਂ ਤੇ ਮਾਲੀ ਸਹਾਇਤਾ ਭੇਜੀ | ਇਸ 'ਚ ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਨਾਲ ਜੁੜੇ ਇਤਿਹਾਸਕ ਖੇਤਰ ਮੁੱਖ ਤੌਰ 'ਤੇ ਸ਼ਾਮਿਲ ਸਨ | ਇਹ ਪਰਿਵਾਰ ਮੁਗ਼ਲ ਦਰਬਾਰ ਦੇ ਪ੍ਰਸਿੱਧ ਦੀਵਾਨ ਰਾਜਾ ਟੋਡਰ ਮੱਲ ਦੀ ਪੀੜ੍ਹੀ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ | ਰਾਜਾ ਚੁੰਨੀ ਲਾਲ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕਰਾਈ ਸੇਵਾ ਸਿੱਖ ਇਤਿਹਾਸ ਦਾ ਬਹੁਤ ਅਹਿਮ ਅਧਿਆਇ ਹੈ | ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਗਿਆਨ ਸਿੰਘ 'ਤਵਾਰੀਖ ਗੁਰੂ ਖ਼ਾਲਸਾ' 'ਚ ਇਸ ਸੇਵਾ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮੁੱਖ ਇਮਾਰਤੀ ਸੇਵਾ ਰਾਜਾ ਚੁੰਨੀ ਲਾਲ ਹੈਦਰਾਬਾਦੀਏ ਨੇ ਕਰਾਈ ਸੀ | ਇਹ ਸੇਵਾ ਸੰਨ 1744 'ਚ ਸ਼ੁਰੂ ਹੋਈ ਤੇ ਸੰਨ 1761 ਈ. ਤੱਕ ਮੁਕੰਮਲ ਹੋਈ |
ਇਸ ਤੋਂ ਬਾਅਦ 1827 'ਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਸੋਨੇ ਦੀ ਸੇਵਾ ਕਰਵਾਈ ਗਈ ਤੇ ਬੇਸ਼ਕੀਮਤੀ ਸੁਨਹਿਰੀ ਪਾਲਕੀ ਸਾਹਿਬ ਭੇਟ ਕੀਤੀ ਗਈ | ਇਸ ਦੌਰਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਪੱਕਾ ਕਰਨ ਲਈ ਸੰਗਮਰਮਰ ਲਗਵਾਇਆ ਗਿਆ ਤੇ ਅਸਥਾਨ ਦੀ ਪਵਿੱਤਰ ਦਿੱਖ ਨੂੰ ਸੁੰਦਰ ਤੇ ਸ਼ਾਨਦਾਰ ਬਣਾਇਆ ਗਿਆ | ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਠੇਕੇਦਾਰ ਲਾਲਾ ਸ਼ਾਮ ਦਾਸ ਨੇ 1911-12 'ਚ ਬਣਵਾਈ | 1920 ਤੋਂ 1929 ਵਿਚਕਾਰ ਜਦੋਂ ਰਾਵੀ ਦੇ ਪਾਣੀ ਨੇ ਇਕ ਵਾਰ ਫਿਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਤਾਂ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਅੱਗੇ ਆ ਕੇ ਉਸ ਸਮੇਂ 1,35,600 ਰੁਪਏ ਭੇਟ ਕੀਤੇ, ਜਿਸ ਨਾਲ ਦਰਿਆ ਰਾਵੀ 'ਤੇ ਪੱਕਾ ਸੁਰੱਖਿਆ ਬੰਨ੍ਹ ਬਣਾਇਆ ਗਿਆ | ਨਾਲ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਦੀ ਇਮਾਰਤ ਦਾ ਪੁਨਰ ਨਿਰਮਾਣ ਤੇ ਮੁਰੰਮਤ ਦਾ ਕਾਰਜ ਮੁਕੰਮਲ ਕਰਾਇਆ ਗਿਆ | ਅਜੇ ਇਹ ਇਮਾਰਤ ਬਣ ਹੀ ਰਹੀ ਸੀ ਕਿ ਦੇਸ਼ ਦੀ ਵੰਡ ਕਾਰਨ ਉਸਾਰੀ ਵਿਚਾਲੇ ਹੀ ਰੋਕ ਦਿੱਤੀ ਗਈ | ਮੁੱਖ ਦਰਬਾਰ ਦੇ ਬਾਹਰ ਲੱਗੀ ਇਤਿਹਾਸਕ ਸੰਗਮਰਮਰ ਦੀ ਤਖ਼ਤੀ 'ਤੇ ਦਰਜ ਇਬਾਰਤ ਅਨੁਸਾਰ ਇਹ ਤਖ਼ਤੀ ਪਟਿਆਲਾ ਰਿਆਸਤ ਦੇ ਮਹਾਰਾਜਾ ਮੇਜਰ ਜਨਰਲ ਹਿਜ਼ ਹਾਈਨੈੱਸ ਮਹਾਰਾਜਾਧਿਰਾਜ ਸਰ ਭੁਪਿੰਦਰ ਸਿੰਘ ਮਹਿੰਦਰ ਬਹਾਦਰ ਵਲੋਂ 1920 ਤੋਂ 1929 ਦਰਮਿਆਨ ਦਿੱਤੇ ਗਏ 1,35,600 ਰੁਪਏ ਦੇ ਸਮੇਂ ਸਿਰ ਅਤੇ ਸ਼ਾਹੀ ਦਾਨ ਦੀ ਯਾਦ ਵਜੋਂ ਸਥਾਪਤ ਕੀਤੀ ਗਈ ਹੈ | 3 ਜੂਨ, 1947 ਨੂੰ ਹੋਏ ਐਲਾਨ ਮੁਤਾਬਿਕ ਜਦੋਂ ਹੱਦਬੰਦੀ ਕਰਨ ਵਾਲੇ ਅੰਗਰੇਜ਼ ਅਧਿਕਾਰੀ ਨੇ ਗੁਰਦਾਸਪੁਰ ਦੀ ਵੰਡ ਕੀਤੀ ਤਾਂ ਉਹ ਇਹ ਵੰਡ ਕਰਨ 'ਚ ਪੂਰੀ ਤਰ੍ਹਾਂ ਅਸਮਰੱਥ ਰਿਹਾ | ਪਹਿਲਾਂ ਤਾਂ ਉਸ ਨੇ ਪੂਰਾ ਗੁਰਦਾਸਪੁਰ ਹੀ ਪਾਕਿਸਤਾਨ ਦੇ ਹਿੱਸੇ ਪਾ ਦਿੱਤਾ, ਪਰ ਕੁਝ ਮੁੱਖ ਭਾਰਤੀ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਇਸ 'ਤੇ ਦੁਬਾਰਾ ਵਿਚਾਰ ਹੋਈ ਤਾਂ ਗੁਰਦਾਸਪੁਰ ਦੇ ਦੋ ਟੋਟੇ ਕੀਤੇ ਗਏ, ਇਕ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਤੇ ਇਕ ਹਿੰਦੁਸਤਾਨ 'ਚ ਰਹਿ ਗਿਆ | ਇਸ ਮੁੜ ਹੋਈ ਹੱਦਬੰਦੀ ਨਾਲ ਕਰਤਾਰਪੁਰ ਐਨ ਸਰਹੱਦ 'ਤੇ ਪਾਕਿਸਤਾਨ ਵੱਲ ਰਹਿ ਗਿਆ |
ਲੰਬੇ ਸਮੇਂ ਤੱਕ ਕੋਈ ਸੇਵਾ-ਸੰਭਾਲ ਨਾ ਹੋਣ ਕਰਕੇ ਇਹ ਅਸਥਾਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ | ਫਿਰ 1995 'ਚ ਵਿਦੇਸ਼ੀ ਸਿੱਖ ਸੰਗਤ ਨੇ ਲੱਖਾਂ ਰੁਪਏ ਖ਼ਰਚ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਖ਼ੂਬਸੂਰਤ ਢੰਗ ਨਾਲ ਤਿਆਰ ਕਰਾਇਆ | ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਾਂਝਾ ਲਾਂਘਾ ਬਣਾਉਣ ਲਈ ਸਾਲ 2000 'ਚ ਸਹਿਮਤੀ ਪ੍ਰਗਟ ਕਰਨ ਦੇ 18 ਵਰ੍ਹੇ ਬਾਅਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਣ ਲਈ ਅਮਲੀ ਰੂਪ 'ਚ ਭਾਰਤ ਨਾਲ ਗੱਲਬਾਤ ਦੀ ਸ਼ੁਰੂਆਤ ਹੋਈ, ਜਿਸ ਦੇ ਬਾਅਦ 26 ਨਵੰਬਰ, 2018 ਨੂੰ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ 'ਚ ਅਤੇ 28 ਨਵੰਬਰ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਕਰਤਾਰਪੁਰ ਸਾਹਿਬ ਵਿਖੇ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦੇ ਚਲਦਿਆਂ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਸਾਰ ਭਰ ਦੀ ਨਾਨਕ ਨਾਮ ਲੇਵਾ ਸੰਗਤ ਅਤੇ ਵਿਸ਼ੇਸ਼ ਤÏਰ 'ਤੇ ਸਿੱਖਾਂ ਵਲੋਂ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਨਿੱਤ ਕੀਤੀ ਜਾ ਰਹੀ ਅਰਦਾਸ 9 ਨਵੰਬਰ, 2019 ਨੂੰ ਕਰਤਾਰਪੁਰ ਲਾਂਘੇ ਦੇ ਰੂਪ 'ਚ ਪੂਰੀ ਹੋਈ, ਪਰ ਹੁਣ ਫਿਰ ਪਿਛਲੇ ਲੰਮੇ ਸਮੇਂ ਤੋਂ ਇਹ ਲਾਂਘਾ ਬੰਦ ਕੀਤਾ ਹੋਇਆ |
-ਪ੍ਰਤੀਨਿਧੀ, ਅੰਮਿ੍ਤਸਰ |
ਮੋਬਾਈਲ : 9356127771