ਪਹਿਲੀ ਚੈਂਪੀਅਨਜ਼ ਟਰਾਫ਼ੀ ਦਾ ਆਯੋਜਨ ਓਰਡੋਸ (ਚੀਨ) ਵਿਖੇ ਕੀਤਾ ਗਿਆ ਸੀ ਤੇ ਭਾਰਤ ਇਸ ਦਾ ਪਹਿਲਾ ਚੈਂਪੀਅਨ ਬਣਿਆ ਸੀ | ਇਸ ਵਿਚ ਚੀਨ, ਭਾਰਤ, ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ ਤੇ ਜਪਾਨ ਨੇ ਹਿੱਸਾ ਲਿਆ ਸੀ | ਫਾਈਨਲ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ, ਜਿਸ ਦੌਰਾਨ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ ਕੋਈ ਵੀ ਗੋਲ ਨਾ ਕਰ ਸਕੀਆਂ | ਆਖਰ ਭਾਰਤ ਨੇ ਪਨੈਲਟੀ ਸ਼ੂਟਆਊਟ ਜ਼ਰੀਏ ਪਾਕਿਸਤਾਨ ਨੂੰ 4-2 ਨਾਲ ਹਰਾਇਆ ਸੀ | 2013 ਦੀ ਦੂਜੀ ਚੈਂਪੀਅਨਜ਼ ਟਰਾਫ਼ੀ 'ਚ ਭਾਰਤ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਪੰਜਵੇਂ ਸਥਾਨ 'ਤੇ ਰਿਹਾ | 2016 ਦੀ ਤੀਜੀ ਟਰਾਫ਼ੀ ਕੁਆਟਨ (ਮਲੇਸ਼ੀਆਂ) 'ਚ ਖੇਡੀ ਗਈ, ਜਿਸ 'ਚ ਭਾਰਤ, ਪਾਕਿਸਤਾਨ, ਚੀਨ, ਮਲੇਸ਼ੀਆ, ਦੱਖਣੀ ਕੋਰੀਆ ਤੇ ਜਪਾਨ ਦੀਆਂ ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੁਕਾਬਲਾ ਫਿਰ ਭਾਰਤ-ਪਾਕਿਸਤਾਨ ਦਰਮਿਆਨ ਹੋਇਆ | ਰੁਪਿੰਦਰਪਾਲ ਸਿੰਘ, ਅਫ਼ਾਨ ਯੂਸਫ਼ ਤੇ ਨਿਥਿਨ ਥਿਮੇਈਆ ਦੇ ਗੋਲਾ ਸਦਕਾ ਭਾਰਤ ਦੂਜੀ ਵਾਰ ਚੈਂਪੀਅਨ ਬਣਿਆ |

2018 'ਚ ਮਸਕਟ (ਓਮਾਨ) ਵਿਚ ਪੰਜਵੀਂ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹੋਈ, ਜਿਸ 'ਚ ਮੇਜ਼ਬਾਨ ਓਮਾਨ, ਭਾਰਤ, ਪਾਕਿਸਤਾਨ, ਜਪਾਨ, ਮਲੇਸ਼ੀਆ ਤੇ ਦੱਖਣੀ ਕੋਰੀਆ ਨੇ ਹਿੱਸਾ ਲਿਆ ਤੇ ਫਾਈਨਲ ਵਿਚ ਫਿਰ ਭਾਰਤ-ਪਾਕਿਸਤਾਨ ਦੀ ਟੱਕਰ ਹੋਈ, ਪਰ ਮੀਂਹ ਨੇ ਮੁਕਾਬਲੇ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਤੇ ਦੋਵਾਂ ਟੀਮਾਂ ਨੂੰ ਸਾਂਝਾ ਜੇਤੂ ਐਲਾਨਿਆ ਗਿਆ | 2023 'ਚ ਇਹ ਟੂਰਨਾਮੈਂਟ ਚੇਨਈ (ਭਾਰਤ) ਵਿਚ ਖੇਡਿਆ ਗਿਆ ਤੇ ਫਾਈਨਲ ਮੁਕਾਬਲਾ ਭਾਰਤ-ਮਲੇਸ਼ੀਆ ਵਿਚਾਲੇ ਹੋਇਆ | ਪਹਿਲੇ ਅੱਧ 'ਚ ਮਲੇਸ਼ੀਆ 3-1 ਨਾਲ ਅੱਗੇ ਚੱਲ ਰਿਹਾ ਸੀ | ਆਖਰੀ 16 ਮਿੰਟਾਂ 'ਚ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਅਕਾਸ਼ਦੀਪ ਸਿੰਘ ਦੇ ਗੋਲਾਂ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ | ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ 'ਤੇ ਕਬਜ਼ਾ ਕੀਤਾ | ਟਰਾਫ਼ੀ ਦਾ ਅੱਠਵਾਂ ਐਡੀਸ਼ਨ 2024 'ਚ ਚੀਨ ਦੇ ਹੁਲਨਬੁਈਰ ਵਿਖੇ ਹੋਇਆ | ਭਾਰਤ ਨੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ ਤੇ ਫਾਈਨਲ ਮੁਕਾਬਲੇ ਚੀਨ ਨਾਲ ਖੇਡਦਿਆਂ ਜੁਗਰਾਜ ਸਿੰਘ ਦੇ ਇਕਲੌਤੇ ਗੋਲ ਨਾਲ ਭਾਰਤ ਨੇ ਚੀਨ ਨੂੰ 1-0 ਨਾਲ ਹਰਾਇਆ ਤੇ ਪੰਜਵੀਂ ਵਾਰ ਚੈਂਪੀਅਨ ਬਣ ਗਿਆ | ਹਾਲ ਹੀ 'ਚ ਟੂਰਨਾਮੈਂਟ ਦਾ ਨੌਵਾਂ ਐਡੀਸ਼ਨ ਪੰਜਾਬ (ਭਾਰਤ) ਵਿਚ ਖੇਡਿਆ ਗਿਆ, ਜਿਸ 'ਚ ਭਾਰਤ ਲਗਾਤਾਰ ਤੀਜੀ ਵਾਰ ਤੇ ਕੁੱਲ ਮਿਲਾ ਕੇ ਛੇਵੀਂ ਵਾਰ ਚੈਂਪੀਅਨ ਬਣਿਆ, ਜੋ ਕਿ ਇਕ ਰਿਕਾਰਡ ਹੈ | ਲੀਗ ਪੜਾਅ ਦੇ ਮੁਕਾਬਲੇ ਜਲੰਧਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਮੁਹਾਲੀ ਵਿਚ ਖੇਡੇ ਗਏ | ਫਾਈਨਲ ਮੁਕਾਬਲੇ 'ਚ ਜਪਾਨ ਦੇ ਕਾਜੂਮਾਸ਼ਾ ਮਾਤੁਸੁਮੇਤੇ ਨੇ ਤੀਜੇ ਮਿੰਟ 'ਚ ਹੀ ਗੋਲ ਦਾਗ ਕੇ ਲੀਡ ਲੈ ਲਈ | ਬਾਅਦ 'ਚ ਭਾਰਤੀ ਟੀਮ ਨੇ ਦੇ ਸ਼ਿਲਾਨੰਦ ਲਾਕੜਾ ਨੇ 42ਵੇਂ ਮਿੰਟ 'ਚ ਪਨੈਲਟੀ ਕਾਰਨਰ ਤੋਂ ਗੋਲ ਦਾਗਿਆ | ਫਿਰ ਦਿਲਪ੍ਰੀਤ ਸਿੰਘ ਨੇ ਇਕ ਮੈਦਾਨੀ ਗੋਲ ਕੀਤਾ | 53ਵੇਂ ਮਿੰਟ 'ਚ ਜਗਰਾਜ ਸਿੰਘ ਨੇ ਪਨੈਲਟੀ ਕਾਰਨਰ ਤੋਂ ਗੋਲ ਕਰ ਦਿੱਤਾ | 54ਵੇਂ ਮਿੰਟ 'ਚ ਵਿਵੇਕ ਸਾਗਰ ਪ੍ਰਸਾਦ ਨੇ ਚੌਥਾ ਗੋਲ ਦਾਗ ਕੇ ਖ਼ਿਤਾਬ 'ਤੇ ਭਾਰਤ ਦਾ ਕਬਜ਼ਾ ਪੱਕਾ ਕਰ ਦਿੱਤਾ | ਹਾਰਦਿਕ ਸਿੰਘ ਦਾ ਇਹ 200ਵਾਂ ਕੌਮਾਂਤਰੀ ਮੈਚ ਸੀ ਤੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ 10 ਗੋਲਾਂ ਨਾਲ ਟਾਪ ਸਕੋਰਰ ਰਿਹਾ, ਜਿਸਨੇ 250 ਕੌਮਾਂਤਰੀ ਗੋਲਾਂ ਦਾ ਅੰਕੜਾ ਪਾਰ ਕੀਤਾ | ਹਰਮਨਪ੍ਰੀਤ ਸਿੰਘ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ | ਵਧੀਆ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਤੇ ਵਧੀਆ ਨੌਜਵਾਨ ਖਿਡਾਰੀ ਮਲੇਸ਼ੀਆ ਦੇ ਅਜ਼ੀਮਦੀਨ ਕਮਰਦੀਨ ਨੂੰ ਐਲਾਨਿਆ ਗਿਆ | ਭਾਰਤ ਨੇ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹਿੰਦਿਆਂ ਵਿਰੋਧੀ ਟੀਮਾਂ ਸਿਰ 42 ਗੋਲ ਦਾਗੇ ਤੇ ਆਪਣੇ ਖ਼ਿਲਾਫ਼ ਸਿਰਫ਼ 6 ਗੋਲ ਖਾਧੇ |
-ਤਹਿ-ਸੁਨਾਮ (ਸੰਗਰੂਰ) | ਮੋਬਾਈਲ : 94631-28483