ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ | ਚੋਣਾਂ ਦਾ ਸਮਾਂ ਨੇੜੇ ਆਉਣ ਕਰਕੇ ਪੰਜਾਬ ਵਿਚ ਸੱਤਾ ਦੀਆਂ ਦਾਅਵੇਦਾਰ ਰਾਜਨੀਤਕ ਧਿਰਾਂ ਬੇਹੱਦ ਸਰਗਰਮ ਹੋ ਗਈਆਂ ਹਨ | ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਦਾ ਸਾਹਮਣਾ ਕਰਨ ਲਈ ਅਤੇ ਆਪੋ-ਆਪਣੀਆਂ ਸੰਭਾਵਨਾਵਾਂ ਵਧਾਉਣ ਲਈ ਨਵੇਂ-ਨਵੇਂ ਗੱਠਜੋੜ ਬਣਾ ਰਹੀਆਂ ਹਨ ਤੇ ਕੁਝ ਰਾਜਨੀਤਕ ਪਾਰਟੀਆਂ ਵਲੋਂ ਆਪਣੇ ਪੁਰਾਣੇ ਗੱਠਜੋੜ ਮੁੜ ਬਹਾਲ ਕੀਤੇ ਜਾ ਰਹੇ ਹਨ | ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰੀਏ, ਪੰਜਾਬ ਜਿਸ 'ਤੇ ਰਾਜ ਕਰਨ ਲਈ ਇਹ ਰਾਜਨੀਤਕ ਪਾਰਟੀਆਂ ਤਤਪਰ ਹੋ ਰਹੀਆਂ ਹਨ, ਉਸ ਦੇ ਹਾਲਾਤ 'ਤੇ ਵਿਚਾਰ ਕਰਨੀ ਵੀ ਅਸੀਂ ਜ਼ਰੂਰੀ ਸਮਝਦੇ ਹਾਂ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਕਿਸੇ ਅਜਿਹੀ ਸਰਕਾਰ ਦੀ ਤਲਾਸ਼ ਕਰਨੀ ਹੈ, ਜਿਹੜੀ ਉਨ੍ਹਾਂ ਨੂੰ ਦਰਪੇਸ਼ ਮਸਲਿਆਂ ਦਾ ਕੋਈ ਹੱਲ ਕੱਢ ਸਕੇ ਅਤੇ ਰਾਜ ਨੂੰ ਮੁੜ ਅਮਨ ਤੇ ਵਿਕਾਸ ਦੇ ਰਾਹ 'ਤੇ ਪਾ ਸਕੇ |

ਪੰਜਾਬ ਦੇ ਮੁੱਦਿਆਂ ਸੰਬੰਧੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਮੁੱਦਾ ਇਸ ਦੀ ਆਰਥਿਕ ਬਦਹਾਲੀ ਦਾ | 1965-66 ਵਿਚ ਹਰੀ ਕ੍ਰਾਂਤੀ ਦੇ ਨਾਂਅ 'ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਤਤਕਾਲੀ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇਥੇ ਇਕ ਨਵੀਂ ਕਿਸਮ ਦੀ ਖੇਤੀ ਸ਼ੁਰੂ ਕੀਤੀ ਗਈ ਸੀ, ਜਿਸ ਅਧੀਨ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤਰਜੀਹ ਦਿੱਤੀ ਗਈ | ਰਾਜ ਵਿਚ ਟਿਊਬਵੈੱਲਾਂ ਰਾਹੀਂ ਸਿੰਚਾਈ ਦੀ ਵਿਵਸਥਾ ਕਰਨ ਲਈ ਬਿਜਲੀ ਦੇ ਕੁਨੈਕਸ਼ਨ ਦਿੱਤੇ ਗਏ | ਵਧੇਰੇ ਝਾੜ ਦੇਣ ਵਾਲੇ ਕਣਕ ਅਤੇ ਝੋਨੇ ਦੇ ਬੀਜ ਕਿਸਾਨਾਂ ਨੂੰ ਮੁਹੱਈਆ ਕੀਤੇ ਗਏ | ਖੇਤੀ ਉਤਪਾਦਨ ਵਧਾਉਣ ਲਈ ਰਵਾਇਤੀ ਦੇਸੀ ਖਾਦਾਂ ਦੀ ਥਾਂ 'ਤੇ ਰਸਾਇਣਕ ਖਾਦਾਂ ਨੂੰ ਤਰਜੀਹ ਦਿੱਤੀ ਗਈ | ਕੁਝ ਦਹਾਕਿਆਂ ਤੱਕ ਇਸ ਨਵੇਂ ਖੇਤੀ ਮਾਡਲ ਨੇ ਪੰਜਾਬ ਦੀ ਖੇਤੀ ਨੂੰ ਹੁਲਾਰਾ ਦਿੱਤਾ | ਖੇਤੀ ਉਤਪਾਦਨ ਵਿਚ ਵੱਡਾ ਵਾਧਾ ਹੋਇਆ ਅਤੇ ਕਿਸਾਨਾਂ ਦੀ ਆਮਦਨ ਵਧਣ ਨਾਲ ਉਨ੍ਹਾਂ ਦਾ ਜੀਵਨ-ਪੱਧਰ ਵੀ ਉੱਚਾ ਹੋਇਆ | ਪਰ ਇਸ ਕ੍ਰਾਂਤੀ ਦਾ ਵਿਸਥਾਰ ਅੱਗੇ ਸਨਅਤਾਂ ਤੇ ਸੇਵਾਵਾਂ ਤੱਕ ਨਹੀਂ ਕੀਤਾ ਗਿਆ | ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਰਾਜ ਨੂੰ ਕਣਕ-ਝੋਨਾ ਪੈਦਾ ਕਰਨ ਤੱਕ ਸੀਮਤ ਰੱਖ ਕੇ ਕੱਚੇ ਮਾਲ ਦੀ ਮੰਡੀ ਬਣਾਈ ਰੱਖਿਆ | ਖੇਤੀ ਆਧਾਰਿਤ ਸਨਅਤਾਂ ਲਗਾਉਣ ਲਈ ਅਤੇ ਮਿਆਰੀ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਕੇ ਮਨੁੱਖੀ ਵਸੀਲਿਆਂ ਦਾ ਵਿਕਾਸ ਕਰਨ ਲਈ ਭਾਵ ਅੱਗੇ ਖੇਤੀ ਕ੍ਰਾਂਤੀ ਨੂੰ ਸਨਅਤੀ ਕ੍ਰਾਂਤੀ ਅਤੇ ਸਨਅਤੀ ਕ੍ਰਾਂਤੀ ਨੂੰ ਸੇਵਾਵਾਂ ਦੇ ਵਿਕਾਸ ਤਕ ਲਿਜਾ ਕੇ ਰਾਜ ਦੀ ਆਰਥਿਕਤਾ ਦਾ ਸਰਕਲ ਪੂਰਾ ਕਰਨ ਲਈ ਦੂਰ-ਦਿ੍ਸ਼ਟੀ ਵਾਲੀ ਨੀਤੀ ਅਖ਼ਤਿਆਰ ਨਹੀਂ ਕੀਤੀ ਗਈ | ਇਸ ਦਾ ਸਿੱਟਾ ਇਹ ਨਿਕਲਿਆ ਕਿ ਕੁਝ ਦਹਾਕਿਆਂ ਬਾਅਦ ਹਰੀ ਕ੍ਰਾਂਤੀ ਨੇ ਦਮ ਤੋੜਨਾ ਸ਼ੁਰੂ ਕਰ ਦਿੱਤਾ | ਕਿਸਾਨ ਪਰਿਵਾਰਾਂ ਵਿਚਕਾਰ ਪੀੜ੍ਹੀ-ਦਰ-ਪੀੜ੍ਹੀ ਜ਼ਮੀਨ ਵੰਡੀ ਗਈ ਅਤੇ ਛੋਟੇ ਕਿਸਾਨਾਂ ਲਈ ਖੇਤੀ ਲਾਹੇਵੰਦ ਨਾ ਰਹੀ | ਕੁਝ ਦਹਾਕਿਆਂ ਤੱਕ ਕੇਂਦਰ ਸਰਕਾਰ ਵਲੋਂ ਖੇਤੀ ਲਾਗਤ 'ਤੇ ਕੀਮਤ ਕਮਿਸ਼ਨ ਬਣਾ ਕੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਦਿੱਤੇ ਗਏ ਪਰ ਬਾਅਦ ਵਿਚ ਫ਼ਸਲਾਂ ਦੇ ਲਾਭਕਾਰੀ ਭਾਅ ਦੇਣ ਤੋਂ ਕੇਂਦਰੀ ਸਰਕਾਰਾਂ ਨੇ ਹੱਥ ਪਿੱਛੇ ਖਿੱਚ ਲਏ | ਖੇਤੀ ਲਾਗਤਾਂ ਵਧਣ ਕਾਰਨ ਕਿਸਾਨਾਂ ਸਿਰ ਕਰਜ਼ਾ ਵਧਦਾ ਗਿਆ | ਖੇਤੀ ਤੋਂ ਬਾਹਰ ਰੁਜ਼ਗਾਰ ਦੀਆਂ ਸੰਭਾਵਨਾਵਾਂ ਨਾ ਹੋਣ ਕਰਕੇ ਨੌਜਵਾਨਾਂ ਨੂੰ ਪੰਜਾਬ ਵਿਚ ਆਪਣਾ ਭਵਿੱਖ ਹਨੇਰਾ ਨਜ਼ਰ ਆਉਣ ਲੱਗਾ | ਇਸ ਦੇ ਸਿੱਟੇ ਵਜੋਂ ਥੋੜ੍ਹੀ ਜਿਹੀ ਚੰਗੀ ਆਰਥਿਕਤਾ ਵਾਲੇ ਕਿਸਾਨ ਪਰਿਵਾਰਾਂ ਤੇ ਹੋਰ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਈਲੈੱਟਸ ਵਗੈਰਾ ਕਰਵਾ ਕੇ ਵਿਦੇਸ਼ਾਂ ਵਿਚ ਸਿੱਖਿਆ ਦੇ ਬਹਾਨੇ ਰੁਜ਼ਗਾਰ ਤਲਾਸ਼ ਕਰਨ ਲਈ ਭੇਜਣਾ ਸ਼ੁਰੂ ਕਰ ਦਿੱਤਾ | ਦੂਜੇ ਪਾਸੇ ਗ਼ਰੀਬ ਪਰਿਵਾਰ ਜਿਹੜੇ ਆਪਣੇ ਬੱਚਿਆਂ ਨੂੰ ਮਹਿੰਗੇ ਜਾਂ ਗ਼ੈਰ-ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਨਾ ਦੁਆ ਸਕੇ, ਉਨ੍ਹਾਂ ਦੇ ਬੱਚੇ ਰਾਜ ਵਿਚ ਹੀ ਛੋਟੇ-ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਲੱਗੇ | ਇਸ ਵਰਗ ਨਾਲ ਸੰਬੰਧਿਤ ਨੌਜਵਾਨਾਂ ਦਾ ਹੀ ਇਕ ਵੱਡਾ ਹਿੱਸਾ ਜੁਰਮਾਂ ਦੀ ਦੁਨੀਆ ਵਿਚ ਪਰਵੇਸ਼ ਕਰ ਗਿਆ | ਨਸ਼ੇ ਖਾਣ ਅਤੇ ਨਸ਼ੇ ਵੇਚਣ ਦਾ ਸਿਲਸਿਲਾ ਵੀ ਇਸ ਆਰਥਿਕ ਮੰਦਵਾੜੇ ਵਿਚੋਂ ਹੀ ਪਣਪਿਆ | ਉੱਭਰ ਰਹੇ ਗੈਂਗਸਟਰਵਾਦ ਨੂੰ ਵੀ ਇਸ ਸੰਦਰਭ ਵਿਚ ਹੀ ਦੇਖਿਆ ਜਾ ਸਕਦਾ ਹੈ | ਭਾਰਤ ਵਿਰੋਧੀ ਦੂਜੇ ਦੇਸ਼ਾਂ ਨੇ ਵੀ ਇਸ ਸਥਿਤੀ ਦਾ ਫ਼ਾਇਦਾ ਉਠਾਉਂਦਿਆਂ ਵੱਡੀ ਪੱਧਰ 'ਤੇ ਨਸ਼ਿਆਂ ਦੀ ਸਪਲਾਈ ਕਰਕੇ ਉਹ ਕੁਝ ਪ੍ਰਾਪਤ ਕਰਨ ਦਾ ਯਤਨ ਕੀਤਾ, ਜੋ ਜੰਗਾਂ ਨਾਲ ਉਹ ਨਹੀਂ ਕਰ ਸਕੇ ਸਨ |
ਪੰਜਾਬ ਦਾ ਅਜੋਕਾ ਸਮਾਜਿਕ ਦਿ੍ਸ਼ ਇਹ ਹੈ ਕਿ ਨਸ਼ਿਆਂ ਦਾ ਪ੍ਰਚਲਨ ਸਰਕਾਰਾਂ ਦੇ ਸਭ ਯਤਨਾਂ ਦੇ ਬਾਵਜੂਦ ਨਹੀਂ ਰੁਕ ਰਿਹਾ | ਗੈਂਗਸਟਰਵਾਦ ਕੌੜੀ ਵੇਲ੍ਹ ਦੀ ਤਰ੍ਹਾਂ ਵਧਦਾ ਜਾ ਰਿਹਾ ਹੈ | ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਵੀ ਹੋ ਗਿਆ ਹੈ ਅਤੇ ਉਸ ਦਾ ਪੱਧਰ ਵੀ ਨੀਵੇਂ ਤੋਂ ਨੀਵਾਂ ਹੁੰਦਾ ਜਾ ਰਿਹਾ ਹੈ | ਰਿਪੋਰਟਾਂ ਇਹ ਆ ਰਹੀਆਂ ਹਨ ਕਿ 10-15 ਸਾਲਾਂ ਵਿਚ ਹੀ ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ | ਸਾਲ ਵਿਚ ਦੋ ਵਾਰ ਕਿਸਾਨਾਂ ਵਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਕਾਰਨ ਅਤੇ ਸਨਅਤਾਂ ਅਤੇ ਟਰਾਂਸਪੋਰਟ ਵਲੋਂ ਪੈਦਾ ਕੀਤੇ ਜਾ ਰਹੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਸਨਅਤਾਂ ਦਾ ਗੰਦਾ ਪਾਣੀ ਨਦੀਆਂ ਨਾਲਿਆਂ ਵਿਚ ਵਹਾਉਣ ਕਾਰਨ ਜਾਂ ਬੋਰਵੈੱਲ ਕਰਕੇ ਜ਼ਮੀਨ ਵਿਚ ਸੁੱਟਣ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ | ਸਿੱਖਿਆ ਤੇ ਸਿਹਤ ਸੇਵਾਵਾਂ ਦੀ ਹਾਲਤ ਇਹ ਹੈ ਕਿ ਸਮੇਂ ਦੀ ਸਰਕਾਰ ਵੱਡੀ ਪੱਧਰ 'ਤੇ ਇਨ੍ਹਾਂ ਸੇਵਾਵਾਂ ਨੂੰ ਬਿਹਤਰ ਬਣਾਉਣ ਦਾ ਪ੍ਰਚਾਰ ਤਾਂ ਕਰ ਰਹੀ ਹੈ, ਪਰ ਸਰਕਾਰੀ ਹਸਪਤਾਲਾਂ ਵਿਚ ਪੂਰਾ ਅਮਲਾ ਨਹੀਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਪੂਰੇ ਅਧਿਆਪਕ ਨਹੀਂ ਹਨ | ਅਜਿਹੀਆਂ ਸਥਿਤੀਆਂ ਵਿਚ ਕਦੇ ਪੰਜਾਬ ਦੇ ਜ਼ਰਖੇਜ ਰਹੇ ਖੇਤਾਂ ਵਿਚ ਖੁਦਕੁਸ਼ੀਆਂ ਦੀ ਫ਼ਸਲ ਉੱਗ ਰਹੀ ਹੈ | ਨੌਜਵਾਨਾਂ ਦੇ ਹਰ ਰੋਜ਼ ਵਧੇਰੇ ਨਸ਼ਾ ਲੈ ਕੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ | ਮਹਿੰਗੇ ਰਸਾਇਣਕ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਹੋਏ ਨੌਜਵਾਨ ਮਾਂ-ਬਾਪ ਅਤੇ ਭੈਣਾਂ-ਭਰਾਵਾਂ ਦੇ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ | ਬੈਂਕ ਲੁੱਟਣ ਅਤੇ ਪੈਟਰੋਲ ਪੰਪ ਲੁੱਟਣ ਦੀਆਂ ਘਟਨਾਵਾਂ ਵੀ ਨਿਰੰਤਰ ਵਾਪਰਦੀਆਂ ਰਹਿੰਦੀਆਂ ਹਨ | ਗਲੀਆਂ-ਬਾਜ਼ਾਰਾਂ ਵਿਚ ਔਰਤਾਂ ਦਾ ਵਿਚਰਨਾ ਵੀ ਔਖਾ ਹੋਇਆ ਪਿਆ ਹੈ | ਮੋਟਰਸਾਈਕਲ ਤੇ ਸਕੂਟਰ ਸਵਾਰ ਨੌਜਵਾਨ ਉਨ੍ਹਾਂ ਦੀਆਂ ਚੇਨੀਆਂ ਤੇ ਬਾਲੀਆਂ ਧੂਹ ਕੇ ਲੈ ਜਾਂਦੇ ਹਨ | ਬਿਨਾਂ ਸ਼ੱਕ ਪੰਜਾਬ ਦਾ ਇਹ ਦਿ੍ਸ਼ ਬੇਹੱਦ ਭੈ-ਭੀਤ ਕਰਨ ਵਾਲਾ ਹੈ | ਪੰਜਾਬ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਬਾਅਦ ਕਿਸੇ ਅਜਿਹੀ ਸਮਰੱਥ ਸਰਕਾਰ ਦੀ ਲੋੜ ਹੈ, ਜੋ ਪੰਜਾਬ ਦੀ ਸਮੁੱਚੀ ਆਰਥਿਕਤਾ ਨੂੰ ਬਹਾਲ ਕਰ ਸਕੇ | ਸਿੱਖਿਆ ਅਤੇ ਸਿਹਤ ਅਦਾਰਿਆਂ ਨੂੰ ਮਜ਼ਬੂਤ ਬਣਾ ਸਕੇ | ਖੇਤੀ ਵਿਚ ਵਿਭਿੰਨਤਾ ਲਿਆ ਕੇ ਰਾਜ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਰਿਵਾਇਤੀ ਫ਼ਸਲੀ ਚੱਕਰ ਅਤੇ ਖ਼ਾਸ ਕਰਕੇ ਝੋਨੇ ਦੀ ਕਾਸ਼ਤ ਤੋਂ ਛੁਟਕਾਰਾ ਦੁਆ ਸਕੇ, ਕਿਉਂਕਿ ਝੋਨਾ ਵੀ ਧਰਤੀ ਹੇਠਲੇ ਪਾਣੀ ਦੀ ਪੱਧਰ ਨੂੰ ਹੇਠਾਂ ਲਿਜਾਣ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ | ਰਾਜ ਦਾ ਵੱਡੀ ਪੱਧਰ 'ਤੇ ਸਨਅਤੀਕਰਨ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣਾ ਵੀ ਨਵੀਂ ਸਰਕਾਰ ਲਈ ਵਿਸ਼ੇਸ਼ ਤਰਜੀਹ ਹੋਣੀ ਚਾਹੀਦੀ ਹੈ |
ਪਰ ਦੱੁਖ ਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਵਿਚ ਸਰਕਾਰ ਬਣਾਉਣ ਲਈ ਇਕ-ਦੂਜੇ ਨਾਲ ਗੁੱਥਮ-ਗੁੱਥਾ ਹੋ ਰਹੀਆਂ ਰਾਜਨੀਤਕ ਪਾਰਟੀਆਂ ਰਾਜ ਦੇ ਉਪਰੋਕਤ ਮੁੱਦਿਆਂ ਬਾਰੇ ਗੰਭੀਰ ਦਿਖਾਈ ਨਹੀਂ ਦਿੰਦੀਆਂ | ਉਨ੍ਹਾਂ ਵਲੋਂ ਚੋਣਾਂ ਜਿੱਤਣ ਲਈ ਜੋ ਢੰਗ-ਤਰੀਕੇ ਅਪਣਾਏ ਜਾ ਰਹੇ ਹਨ, ਉਹ ਹਨ ਕਰਜ਼ੇ ਚੁੱਕ ਕੇ ਜਾਂ ਹੋਰ ਢੰਗ-ਤਰੀਕੇ ਵਰਤ ਕੇ ਲੋਕਾਂ ਨੂੰ ਫੌਰੀ ਤੌਰ 'ਤੇ ਕੁਝ ਵਿੱਤੀ ਰਾਹਤ ਦੇਣਾ ਜਾਂ ਦੇਣ ਦੇ ਵਾਅਦੇ ਕਰਨੇ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਲੁਭਾ ਕੇ ਵੋਟਾਂ ਹਾਸਿਲ ਕਰਨੀਆਂ | ਲੰਮੇ ਸਮੇਂ ਤੱਕ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਸਮਰੱਥ ਬਣਾਉਣ ਦੀਆਂ ਨੀਤੀਆਂ ਪ੍ਰਤੀ ਕੋਈ ਵੀ ਰਾਜਨੀਤਕ ਪਾਰਟੀ ਪ੍ਰਤੀਬੱਧਤਾ ਪ੍ਰਗਟਾਉਂਦੀ ਦਿਖਾਈ ਨਹੀਂ ਦਿੰਦੀ | ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਵੀ ਭਵਿੱਖ ਵਿਚ ਸੱਤਾਧਾਰੀ ਪਾਰਟੀ ਵਲੋਂ ਆਰੰਭ ਕੀਤੀਆਂ ਗਈਆਂ ਮੁਫ਼ਤਖੋਰੀ 'ਤੇ ਆਧਾਰਿਤ ਸਕੀਮਾਂ ਨੂੰ ਨਾ ਕੇਵਲ ਜਾਰੀ ਰੱਖਣ ਦੇ ਵਾਅਦੇ ਕਰ ਰਹੀਆਂ ਹਨ, ਸਗੋਂ ਉਨ੍ਹਾਂ 'ਤੇ ਖ਼ਰਚ ਕੀਤੀ ਜਾਣ ਵਾਲੀ ਰਾਸ਼ੀ ਹੋਰ ਵੀ ਵਧਾਉਣ ਦਾ ਭਰੋਸਾ ਦੇ ਰਹੀਆਂ ਹਨ | ਅਜਿਹੀ ਸਥਿਤੀ ਵਿਚ ਪੰਜਾਬ ਦਾ ਕੀ ਭਵਿੱਖ ਹੋਵੇਗਾ? ਇਹ ਸੋਚਣ ਦੇ ਸਮਝਣ ਵਾਲੀ ਗੱਲ ਹੋਵੇਗੀ |
ਜਿੱਥੋਂ ਤੱਕ ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਸਰਗਰਮੀ ਨਾਲ ਚੋਣਾਂ ਲੜਨ ਦੀ ਤਿਆਰੀ ਕਰ ਰਹੀਆਂ ਰਾਜਨੀਤਕ ਪਾਰਟੀਆਂ ਦੀ ਗੱਲ ਹੈ, ਇਨ੍ਹਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ-ਭਾਜਪਾ ਗੱਠਜੋੜ, ਅਕਾਲੀ ਦਲ (ਵਾਰਿਸ ਪੰਜਾਬ ਦੇ), ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਅੰਮਿ੍ਤਸਰ) ਤੇ ਬਹੁਜਨ ਸਮਾਜ ਪਾਰਟੀ ਆਦਿ ਸ਼ਾਮਿਲ ਹਨ | ਖੱਬੇਪੱਖੀ ਪਾਰਟੀਆਂ ਆਪਣੇ ਤੌਰ 'ਤੇ ਚੋਣਾਂ ਲੜਨ ਦੀ ਬਹੁਤੀ ਤਿਆਰੀ ਕਰਦੀਆਂ ਨਜ਼ਰ ਨਹੀਂ ਆਉਂਦੀਆਂ ਪਰ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਨਾਲ ਗੱਠਜੋੜ ਕਰਨ ਸੰਬੰਧੀ ਦਿੱਤੇ ਗਏ ਬਿਆਨਾਂ ਨਾਲ ਖੱਬੇਪੱਖੀ ਪਾਰਟੀਆਂ ਦੇ ਵੀ ਚੋਣ ਦਿ੍ਸ਼ ਦਾ ਹਿੱਸਾ ਬਣਨ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ |
ਇਸ ਸਮੇਂ ਤੱਕ ਚੋਣਾਂ ਲੜਨ ਦੇ ਪੱਖ ਤੋਂ ਰਾਜ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਬਿਹਤਰ ਸਥਿਤੀ ਵਿਚ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨੇ 42.01 ਫ਼ੀਸਦੀ ਵੋਟਾਂ ਲੈ ਕੇ 92 ਸੀਟਾਂ ਜਿੱਤੀਆਂ ਸਨ | ਇਸ ਨੇ ਨਸ਼ਿਆਂ ਦੇ ਖਿਲਾਫ ਅਤੇ ਗੈਂਗਸਟਰਾਂ ਵਿਰੁੱਧ ਵੀ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਜ਼ਰੂਰ ਕੀਤੀ ਹੈ, ਪਰ ਇਹ ਵੱਖਰੀ ਗੱਲ ਹੈ ਕਿ ਰਾਜ ਦੀਆਂ ਸਮਾਜਿਕ ਤੇ ਆਰਥਿਕ ਸਥਿਤੀਆਂ ਨਾ ਬਦਲਣ ਕਰਨ ਇਹ ਸਮੱਸਿਆਵਾਂ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀਆਂ | ਇਸ ਤੋਂ ਇਲਾਵਾ ਇਸ ਨੇ ਰਾਜ ਦੇ 90 ਫ਼ੀਸਦੀ ਖ਼ਪਤਕਾਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਕੇ ਅਤੇ ਹੁਣ ਆਪਣੇ ਕਾਰਜਕਾਲ ਦੇ ਆਖ਼ਰੀ ਸਮੇਂ ਵਿਚ 'ਮਾਵਾਂ ਧੀਆਂ ਸਤਿਕਾਰ ਯੋਜਨਾ' ਅਧੀਨ ਆਮ ਵਰਗ ਦੀਆਂ ਔਰਤਾਂ ਦੇ ਖਾਤਿਆਂ ਵਿਚ 1,000 ਅਤੇ ਅਨੁਸੂਚਿਤ ਵਰਗ ਦੀਆਂ ਔਰਤਾਂ ਦੇ ਖਾਤਿਆਂ ਵਿਚ ਪ੍ਰਤੀ ਮਹੀਨਾ 1,500 ਰੁਪਏ ਪਾ ਕੇ ਵੀ ਵੋਟਰਾਂ ਨੂੰ ਰਿਝਾਉਣ ਦਾ ਇਕ ਵੱਡਾ ਯਤਨ ਕੀਤਾ ਹੈ | ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਯੋਜਨਾ ਪਹਿਲਾਂ ਹੀ ਚੱਲ ਰਹੀ ਹੈ | ਇਸ ਤੋਂ ਇਲਾਵਾ ਮੁਹੱਲਾ ਕਲੀਨਿਕਾਂ ਅਤੇ 10 ਲੱਖ ਦੀ ਸਿਹਤ ਬੀਮਾ ਯੋਜਨਾ ਦਾ ਵੀ ਇਸ ਵਲੋਂ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ | ਸਰਕਾਰ ਵਲੋਂ ਨਹਿਰੀ ਵਿਵਸਥਾ ਸੁਧਾਰ ਕੇ ਵੱਡੀ ਪੱਧਰ 'ਤੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਨ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ | ਸਰਕਾਰ 65 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਸਿਫਾਰਸ਼ ਨੌਕਰੀਆਂ ਦੇਣ ਦਾ ਦਾਅਵਾ ਵੀ ਕਰਦੀ ਹੈ | ਨਿਰਪੱਖ ਸਿਆਸੀ ਮਾਹਿਰਾਂ ਦਾ ਇਹ ਮੱਤ ਹੈ ਕਿ ਇਨ੍ਹਾਂ ਸਕੀਮਾਂ ਦਾ ਸੱਤਾਧਾਰੀ ਪਾਰਟੀ ਨੂੰ ਲਾਭ ਮਿਲ ਸਕਦਾ ਹੈ ਤੇ ਉਹ ਅਗਾਮੀ ਚੋਣਾਂ ਵਿਚ 35 ਫ਼ੀਸਦੀ ਦੇ ਨੇੜੇ-ਤੇੜੇ ਵੋਟਾਂ ਲੈ ਕੇ 66 ਦੇ ਲਗਭਗ ਸੀਟਾਂ ਜਿੱਤ ਸਕਦੀ ਹੈ | ਇਸ ਪਾਰਟੀ ਨੂੰ ਇਹ ਵੀ ਲਾਭ ਜਾਂਦਾ ਹੈ ਕਿ ਇਸ ਨੇ ਸਭ ਤੋਂ ਪਹਿਲਾਂ ਆਪਣੇ 77 ਦੇ ਲਗਭਗ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਭਗਵੰਤ ਸਿੰਘ ਮਾਨ ਨੂੰ ਮੁੜ ਤੋਂ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿੱਤਾ ਹੈ | ਦੂਜੀਆਂ ਵਿਰੋਧੀ ਪਾਰਟੀਆਂ ਅਜੇ ਉਮੀਦਵਾਰ ਐਲਾਨਣ ਅਤੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਐਲਾਨਣ ਦੇ ਮਾਮਲੇ ਵਿਚ ਅਜੇ ਬੇਹੱਦ ਪਿੱਛੇ ਹਨ |
ਚੋਣਾਂ ਲੜਨ ਦੇ ਪੱਖ ਤੋਂ ਦੂਜੇ ਨੰਬਰ 'ਤੇ ਬਿਹਤਰ ਸਥਿਤੀ ਵਿਚ ਅਕਾਲੀ-ਭਾਜਪਾ ਗੱਠਜੋੜ ਆ ਗਿਆ ਹੈ | ਭਾਜਪਾ ਕੇਂਦਰ ਵਿਚ ਸੱਤਾਧਾਰੀ ਹੈ | ਵਿੱਤੀ ਵਸੀਲਿਆਂ ਦੀ ਉਸ ਕੋਲ ਕੋਈ ਕਮੀ ਨਹੀਂ ਹੈ | ਕੇਂਦਰ ਵਿਚ ਸੱਤਾਧਾਰੀ ਹੋਣ ਕਰਕੇ ਉਸ ਦਾ ਚੋਣ ਕਮਿਸ਼ਨ ਤੇ ਸਰਕਾਰੀ ਮਸ਼ੀਨੀਰੀ 'ਤੇ ਵੀ ਪ੍ਰਭਾਵ ਬਣਿਆ ਹੋਇਆ ਹੈ | ਸ਼ਹਿਰੀ ਖੇਤਰਾਂ ਵਿਚ ਉਸ ਦਾ ਰਾਜਨੀਤਕ ਪ੍ਰਭਾਵ ਕਾਇਮ ਹੈ | ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵਿਚ ਭਾਜਪਾ ਨੇ 18 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ ਸਨ ਤੇ ਅਕਾਲੀ ਦਲ ਨੇ 13 ਫ਼ੀਸਦੀ ਤੋਂ ਵੱਧ ਵੋਟਾਂ ਲਈਆਂ ਸਨ | ਹੁਣ ਅਕਾਲੀ ਦਲ (ਬਾਦਲ) ਨਾਲ ਉਸ ਦਾ ਪੁਰਾਣਾ ਗੱਠਜੋੜ ਮੁੜ ਬਹਾਲ ਹੋਣ ਨਾਲ ਦੋਵੇਂ ਪਾਰਟੀਆਂ ਮਿਲ ਕੇ 31 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ 24 ਤੋਂ 39 ਸੀਟਾਂ ਜਿੱਤ ਸਕਦੀਆਂ ਹਨ | ਜੇ ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜਦੀਆਂ ਤਾਂ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਚੋਣਾਂ ਵਿਚ ਬਹੁਤੀ ਟੱਕਰ ਦੇਣ ਦੇ ਸਮਰੱਥ ਨਹੀਂ ਸਨ, ਪਰ ਹੁਣ ਸਥਿਤੀਆਂ ਬਦਲ ਗਈਆਂ ਹਨ | ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, 2024 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਨੇ ਲੋਕ ਸਭਾ ਦੀਆਂ 7 ਸੀਟਾਂ ਜਿੱਤੀਆਂ ਸਨ ਅਤੇ 26.44 ਫ਼ੀਸਦੀ ਵੋਟਾਂ ਹਾਸਿਲ ਕਰਕੇ ਇਹ ਰਾਜ ਵਿਚ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਆਈ ਸੀ | ਪਰ ਪਾਰਟੀ ਆਪਣੀ ਇਸ ਚੜ੍ਹਤ ਨੂੰ ਬਰਕਰਾਰ ਨਾ ਰੱਖ ਸਕੀ | ਇਸ ਦੇ ਲੀਡਰਾਂ ਦੀ ਆਪਸੀ ਧੜੇਬੰਦੀ ਨੇ ਇਸ ਨੂੰ ਪ੍ਰਭਾਵੀ ਢੰਗ ਨਾਲ ਮੁੱਖ ਵਿਰੋਧੀ ਪਾਰਟੀ ਦਾ ਰੋਲ ਅਦਾ ਕਰਨ ਦੇ ਸਮਰੱਥ ਵੀ ਨਹੀਂ ਰਹਿਣ ਦਿੱਤਾ | ਇਸ ਦੇ ਆਗੂਆਂ ਦੀ ਇਕ-ਦੂਜੇ ਵਿਰੁੱਧ ਬਿਆਨਬਾਜ਼ੀ ਨਾਲ ਜਾਂ ਵੱਖ-ਵੱਖ ਰਾਹਾਂ 'ਤੇ ਚੱਲਣ ਨਾਲ ਲੋਕਾਂ ਦਾ ਇਕ ਵੱਡਾ ਹਿੱਸਾ ਵੀ ਇਸ ਤੋਂ ਬਦਜ਼ਨ ਹੁੰਦਾ ਦਿਖਾਈ ਦਿੰਦਾ ਸੀ, ਪਰ ਕਾਂਗਰਸ ਹਾਈਕਮਾਂਡ ਵਲੋਂ ਭੁਪੇਸ਼ ਬਗੇਲ ਦੀ ਥਾਂ ਸਚਿਨ ਪਾਇਲਟ ਨੂੰ ਕਾਂਗਰਸ ਦਾ ਇੰਚਾਰਜ ਬਣਾਉਣ ਅਤੇ ਪਰਗਟ ਸਿੰਘ ਨੂੰ ਰਾਜ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਦੀ ਸਥਿਤੀ ਵਿਚ ਕੁਝ ਸੁਧਾਰ ਹੋਇਆ ਹੈ | ਪਰ ਇਸ ਦੇ ਲੀਡਰ ਜਿਨ੍ਹਾਂ ਵਿਚ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਸ਼ਾਮਿਲ ਹਨ, ਅਜੇ ਵੀ ਕਾਂਗਰਸ ਦੀ ਗੱਡੀ ਨੂੰ ਵੱਖ-ਵੱਖ ਦਿਸ਼ਾਵਾਂ ਵੱਲ ਖਿੱਚਦੇ ਦਿਖਾਈ ਦਿੰਦੇ ਹਨ | ਜੇਕਰ ਇਹ ਪਾਰਟੀ ਆਉਣ ਵਾਲੇ ਸਮੇਂ ਵਿਚ ਆਪਣੇ ਅੰਦਰ ਅਨੁਸ਼ਾਸਨ ਬਹਾਲ ਕਰਦੀ ਹੈ ਅਤੇ ਟਿਕਟਾਂ ਦੀ ਵੰਡ ਬਿਨਾਂ ਕਿਸੇ ਵੱਡੀ ਸਮੱਸਿਆ ਦੇ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ ਵੱਡੀ ਟੱਕਰ ਦੇ ਸਕਦੀ ਹੈ | ਇਕ ਸਰਵੇਖਣ ਅਨੁਸਾਰ ਕਾਂਗਰਸ 23.5 ਫ਼ੀਸਦੀ ਤੋਂ ਲੈ ਕੇ 27.6 ਫ਼ੀਸਦੀ ਤੱਕ ਵੋਟਾਂ ਲੈ ਕੇ 29 ਦੇ ਲਗਭਗ ਸੀਟਾਂ ਜਿੱਤ ਸਕਦੀ ਹੈ |
ਜੇ ਰਾਜ ਦੀਆਂ ਹੋਰ ਰਾਜਨੀਤਕ ਪਾਰਟੀਆਂ ਦੀ ਗੱਲ ਕਰੀਏ ਤਾਂ ਚੋਣਾਂ ਲੜਨ ਦੇ ਪੱਖ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਇਕ ਹੋਰ ਅਹਿਮ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ | ਇਸ ਪਾਰਟੀ ਵਲੋਂ ਆਪਣਾ ਮੁੱਖ ਮੰਤਰੀ ਦਾ ਚਿਹਰਾ ਜੇਲ੍ਹ ਵਿਚ ਬੰਦ ਪਾਰਟੀ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਨੂੰ ਬਣਾਇਆ ਗਿਆ ਹੈ | ਬਿਨਾਂ ਸ਼ੱਕ ਸਰਕਾਰ ਵਲੋਂ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਵਿਚ ਭਾਰੀ ਗਿਣਤੀ ਵਿਚ ਵੋਟਾਂ ਹਾਸਿਲ ਕਰਕੇ ਲੋਕ ਸਭਾ ਮੈਂਬਰ ਬਣਨ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਨਾ ਹੀ ਲੋਕ ਸਭਾ ਦੇ ਸੈਸ਼ਨਾਂ ਵਿਚ ਉਸ ਨੂੰ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਦਾ ਰਿਹਾ ਹੈ | ਇਸ ਨਾਲ ਸਿੱਖ ਭਾਈਚਾਰੇ ਦੇ ਇਕ ਵੱਡੇ ਹਿੱਸੇ ਦੀ ਹਮਦਰਦੀ ਉਸ ਨਾਲ ਜੁੜੀ ਹੋਈ ਹੈ | ਮਾਝੇ ਅਤੇ ਮਾਲਵੇ ਦੇ ਕੁਝ ਹਿੱਸਿਆਂ ਵਿਚ ਇਸ ਕਾਰਨ ਉਸ ਦੀ ਪਾਰਟੀ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ | ਪਿਛਲੇ ਦਿਨੀਂ ਆਪਣੀ ਦਾਦੀ ਦੇ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਜਦੋਂ ਉਹ ਤਿੰਨ ਘੰਟੇ ਲਈ ਪੈਰੋਲ 'ਤੇ ਆਇਆ ਸੀ ਤਾਂ ਉਸ ਦੀ ਦਾਦੀ ਦੇ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਵਿਚ ਆਪ-ਮੁਹਾਰੇ ਢੰਗ ਨਾਲ ਲੋਕਾਂ ਦੇ ਜਮ੍ਹਾਂ ਹੋਣ ਨਾਲ ਵੀ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਸਿੱਖ ਭਾਈਚਾਰੇ ਦਾ ਇਕ ਵੱਡਾ ਹਿੱਸਾ ਉਸ ਦੀ ਪਾਰਟੀ ਦੇ ਹੱਕ ਵਿਚ ਵੋਟ ਕਰ ਸਕਦਾ ਹੈ | ਉਸ ਦੀ ਪਾਰਟੀ ਵਲੋਂ ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਅੰਮਿ੍ਤਸਰ) ਅਤੇ ਬਹੁਜਨ ਸਮਾਜ ਪਾਰਟੀ ਨਾਲ ਵੀ ਗੱਠਜੋੜ ਕਰਨ ਲਈ ਯਤਨ ਆਰੰਭੇ ਗਏ ਹਨ | ਜੇਕਰ ਇਨ੍ਹਾਂ ਪਾਰਟੀਆਂ ਦਾ ਗੱਠਜੋੜ ਆਉਣ ਵਾਲੇ ਸਮੇਂ ਵਿਚ ਨੇਪਰੇ ਚੜ੍ਹਦਾ ਹੈ ਤਾਂ ਚੋਣਾਂ ਲੜਨ ਦੇ ਪੱਖ ਤੋਂ ਚੌਥੀ ਧਿਰ ਵਜੋਂ ਇਹ ਗੱਠਜੋੜ ਉੱਭਰ ਕੇ ਸਾਹਮਣੇ ਆ ਸਕਦਾ ਹੈ ਅਤੇ ਪੰਜਾਬ ਦੀ ਸੱਤਾ ਦੀ ਲੜਾਈ ਚਾਰ-ਕੋਨੀ ਬਣ ਸਕਦੀ ਹੈ | ਖੱਬੇ ਪੱਖੀ ਪਾਰਟੀਆਂ ਆਪਣੇ ਤੌਰ 'ਤੇ ਕੋਈ ਗੱਠਜੋੜ ਕਰਦੀਆਂ ਅਜੇ ਤੱਕ ਤਾਂ ਨਜ਼ਰ ਨਹੀਂ ਆ ਰਹੀਆਂ ਪਰ ਜੇਕਰ ਕਾਂਗਰਸ ਪਾਰਟੀ ਨੇ ਇਨ੍ਹਾਂ ਨਾਲ ਗੱਠਜੋੜ ਬਣਾਉਣ ਦੀ ਪਹਿਲ ਕੀਤੀ ਤਾਂ ਉਹ ਚੋਣ ਸਰਗਰਮੀਆਂ ਦਾ ਹਿੱਸਾ ਬਣ ਸਕਦੀਆਂ ਹਨ | ਰਾਜ ਵਿਚ ਲੋਕਾਂ ਦੇ ਇਕ ਵੱਡੇ ਵਰਗ ਜਿਸ ਵਿਚ ਕਿਸਾਨ ਤੇ ਮਜ਼ਦੂਰ ਤੇ ਮੁਲਾਜ਼ਮ ਸ਼ਾਮਿਲ ਹਨ, 'ਤੇ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਬਣਿਆ ਹੋਇਆ ਹੈ, ਪਰ ਉਹ ਜੋ ਲੰਮੇ ਸਮੇਂ ਤੋਂ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਸੀਟਾਂ ਜਿੱਤਣ ਤੋਂ ਵਾਂਝੀਆਂ ਰਹੀਆਂ ਹਨ, ਕਾਂਗਰਸ ਨਾਲ ਗੱਠਜੋੜ ਕਰਕੇ ਉਹ ਕੀ ਕੁਝ ਹਾਸਿਲ ਕਰ ਸਕਣਗੀਆਂ, ਇਹ ਸਮਾਂ ਹੀ ਦੱਸੇਗਾ | ਬਹੁਜਨ ਸਮਾਜ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਾਂ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਗੱਠਜੋੜ ਕਰਦੀ ਹੈ, ਜਾਂ ਇਕੱਲਿਆਂ ਚੋਣਾਂ ਲੜਦੀ ਹੈ, ਇਹ ਦੇਖਣਾ ਵੀ ਅਜੇ ਬਾਕੀ ਹੈ | ਅਕਾਲੀ ਦਲ (ਅੰਮਿ੍ਤਸਰ) ਸੰਬੰਧੀ ਵੀ ਇਹੀ ਕੁਝ ਦੇਖਣਾ ਅਜੇ ਬਾਕੀ ਹੈ | ਉਪਰੋਕਤ ਰਾਜਨੀਤਕ ਸਥਿਤੀ ਕਿਸੇ ਇਕ ਪਾਰਟੀ ਦੀ ਸਰਕਾਰ ਬਣਨ ਦੀ ਥਾਂ ਲਟਕਵੀਂ (ਹੰਗ) ਵਿਧਾਨ ਸਭਾ ਦਾ ਸੰਕੇਤ ਵਧੇਰੇ ਦੇ ਰਹੀ ਹੈ |
ਪਰ ਅਸੀਂ ਪੰਜਾਬ ਦੀ ਅਜੋਕੀ ਰਾਜਨੀਤਕ, ਆਰਥਿਕ ਤੇ ਸਮਾਜਿਕ ਸਥਿਤੀ ਦੇ ਨਾਲ-ਨਾਲ ਚੋਣਾਂ ਵਿਚ ਸੱਤਾ ਪ੍ਰਾਪਤੀ ਲਈ ਸਰਗਰਮ ਦਿਖਾਈ ਦੇ ਰਹੀਆਂ ਰਾਜਨੀਤਕ ਪਾਰਟੀਆਂ ਸੰਬੰਧੀ ਆਪਣੀਆਂ ਧਾਰਨਾਵਾਂ ਸਾਂਝੀਆਂ ਕੀਤੀਆਂ ਹਨ | ਪਰ ਆਖ਼ਰੀ ਫ਼ੈਸਲਾ ਚੋਣਾਂ ਸਮੇਂ ਰਾਜ ਦੇ ਸੁਚੇਤ ਵੋਟਰਾਂ ਵਲੋਂ ਹੀ ਕੀਤਾ ਜਾਵੇਗਾ | ਉਹ ਹੀ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੇ ਆਪਣੇ ਲਈ ਕਿਸ ਤਰ੍ਹਾਂ ਦੀ ਤੇ ਕਿਸ ਪਾਰਟੀ ਦੀ ਸਰਕਾਰ ਚੁਣਨੀ ਹੈ |