ਪੰਜਾਬ ਸਮੇਤ ਦੇਸ਼ ਭਰ ਵਿਚ ਖੇਤੀਬਾੜੀ ਅੱਜ ਇਕ ਅਜਿਹੇ ਦੌਰ 'ਚੋਂ ਗੁਜ਼ਰ ਰਹੀ ਹੈ, ਜਿੱਥੇ ਲਗਾਤਾਰ ਸੁੰਗੜ ਰਹੀਆਂ ਜ਼ਮੀਨਾਂ, ਪਾਣੀ ਦਾ ਡਿਗਦਾ ਪੱਧਰ ਅਤੇ ਵਧ ਰਹੀਆਂ ਲਾਗਤਾਂ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ |
ਖੇਤੀਬਾੜੀ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਨਵੀਆਂ ਤੇ ਟਿਕਾਊ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ | ਇਸੇ ਸੰਦਰਭ ਵਿਚ ਬਹੁ-ਪਰਤੀ ਖੇਤੀ (ਮਲਟੀ-ਲੇਅਰ ਫਾਰਮਿੰਗ) ਬਹੁਤ ਹੀ ਸਾਰਥਕ, ਵਿਹਾਰਕ ਤੇ ਕ੍ਰਾਂਤੀਕਾਰੀ ਕਦਮ ਵਜੋਂ ਸਾਹਮਣੇ ਆਈ ਹੈ | ਇਹ ਅਜਿਹੀ ਤਕਨੀਕ ਹੈ, ਜੋ ਬਿਲਕੁਲ ਕੁਦਰਤ ਦੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ ਤੇ ਜਿਸ 'ਚ ਜ਼ਮੀਨ ਦੇ ਇਕ ਹੀ ਟੁਕੜੇ 'ਤੇ, ਇਕ ਹੀ ਸਮੇਂ 'ਚ ਵੱਖ-ਵੱਖ ਉਚਾਈ ਵਾਲੀਆਂ ਫ਼ਸਲਾਂ ਉਗਾ ਕੇ ਹੈਰਾਨੀਜਨਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ | ਜੇ ਅਸੀਂ ਕੁਦਰਤ ਦੀ ਕਾਰਜਪ੍ਰਣਾਲੀ ਨੂੰ ਬਾਰੀਕੀ ਨਾਲ ਵਾਚੀਏ ਤਾਂ ਕਿਸੇ ਸੰਘਣੇ ਜੰਗਲ ਵਿਚ ਸਾਨੂੰ ਕਦੇ ਵੀ ਇਕੋ ਤਰ੍ਹਾਂ ਦੇ ਰੁੱਖ ਨਜ਼ਰ ਨਹੀਂ ਆਉਂਦੇ | ਉੱਥੇ ਜ਼ਮੀਨ ਦੇ ਹੇਠਾਂ ਵਧਣ ਵਾਲੀਆਂ ਜੜ੍ਹਾਂ, ਸਤ੍ਹਾ 'ਤੇ ਫੈਲਣ ਵਾਲਾ ਘਾਹ ਜਾਂ ਬੂਟੀਆਂ, ਦਰਮਿਆਨੇ ਕੱਦ ਦੀਆਂ ਝਾੜੀਆਂ ਅਤੇ ਆਸਮਾਨ ਛੂੰਹਦੇ ਉੱਚੇ ਦਰੱਖਤ ਇਕੋ ਥਾਂ 'ਤੇ ਇਕ-ਦੂਜੇ ਦੇ ਪੂਰਕ ਬਣ ਕੇ ਖੁਸ਼ਹਾਲੀ ਨਾਲ ਵਧਦੇ-ਫੁੱਲਦੇ ਹਨ | ਬਹੁ-ਪਰਤੀ ਖੇਤੀ ਦਾ ਸਿਧਾਂਤ ਵੀ ਬਿਲਕੁਲ ਇਸੇ ਜੰਗਲੀ ਮਾਡਲ 'ਤੇ ਆਧਾਰਿਤ ਹੈ | ਇਸ ਵਿਧੀ ਤਹਿਤ ਖੇਤ ਜਾਂ ਬਗੀਚੀ ਦੀ ਜ਼ਮੀਨ ਨੂੰ ਵੱਖ-ਵੱਖ ਪਰਤਾਂ 'ਚ ਵੰਡਿਆ ਜਾਂਦਾ ਹੈ, ਜਿੱਥੇ ਹਰ ਪੌਦਾ ਆਪਣੀ ਲੋੜ ਤੇ ਸੁਭਾਅ ਅਨੁਸਾਰ ਬਿਨਾਂ ਕਿਸੇ ਮੁਕਾਬਲੇ ਆਪਣਾ ਵਿਕਾਸ ਕਰਦਾ ਹੈ | ਇਸ ਵਿਧੀ ਦੀ ਵਿਹਾਰਕ ਸ਼ੁਰੂਆਤ ਜ਼ਮੀਨ ਹੇਠਾਂ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਤੋਂ ਹੁੰਦੀ ਹੈ | ਪਹਿਲੀ ਪਰਤ ਵਿਚ ਹਲਦੀ, ਅਦਰਕ, ਆਲੂ ਜਾਂ ਸ਼ਕਰਕੰਦੀ ਵਰਗੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ, ਜੋ ਛਾਂ 'ਚ ਵੀ ਵਧੀਆ ਝਾੜ ਦਿੰਦੀਆਂ ਹਨ | ਦੂਜੀ ਪਰਤ ਜ਼ਮੀਨ ਦੀ ਬਿਲਕੁਲ ਸਤ੍ਹਾ ਦੀ ਹੁੰਦੀ ਹੈ, ਜਿੱਥੇ ਘੱਟ ਕੱਦ ਵਾਲੀਆਂ ਜਾਂ ਪੱਤੇਦਾਰ ਸਬਜ਼ੀਆਂ ਜਿਵੇਂ ਧਨੀਆ, ਪਾਲਕ, ਮੇਥੀ ਜਾਂ ਪੁਦੀਨਾ ਲਾਇਆ ਜਾਂਦਾ ਹੈ | ਇਸ ਤੋਂ ਉੱਪਰ ਤੀਜੀ ਪਰਤ ਵਿਚ ਦੋ ਤੋਂ ਚਾਰ ਫੁੱਟ ਤੱਕ ਦੀ ਉਚਾਈ ਵਾਲੇ ਬੂਟੇ ਜਿਵੇਂ ਟਮਾਟਰ, ਬੈਂਗਣ, ਮਿਰਚਾਂ ਜਾਂ ਭਿੰਡੀ ਆਉਂਦੇ ਹਨ | ਸਭ ਤੋਂ ਉੱਪਰਲੀ ਭਾਵ ਚੌਥੀ ਪਰਤ ਵਿਚ ਜਾਲ ਬਣਾ ਕੇ ਘੀਆ, ਤੋਰੀ ਤੇ ਕਰੇਲੇ ਵਰਗੀਆਂ ਵੇਲਾਂ ਚੜ੍ਹਾਈਆਂ ਜਾਂਦੀਆਂ ਹਨ ਜਾਂ ਫਿਰ ਲੰਬੇ ਫ਼ਲਦਾਰ ਦਰੱਖਤ ਲਾਏ ਜਾਂਦੇ ਹਨ | ਇਹ ਉੱਚੇ ਦਰੱਖਤ ਹੇਠਲੀਆਂ ਫ਼ਸਲਾਂ ਨੂੰ ਸਿੱਧੀ ਤੇ ਤੇਜ਼ ਧੁੱਪ ਤੋਂ ਬਚਾਉਣ ਲਈ ਕੁਦਰਤੀ ਛਤਰੀ ਦਾ ਕੰਮ ਕਰਦੇ ਹਨ | ਪੰਜਾਬ ਵਰਗੇ ਸੂਬੇ ਲਈ ਜਿੱਥੇ ਧਰਤੀ ਹੇਠਲਾ ਪਾਣੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਵੱਲ ਜਾ ਰਿਹਾ ਹੈ, ਬਹੁ-ਪਰਤੀ ਖੇਤੀ ਜਲ-ਸੰਭਾਲ ਦੇ ਪੱਖ ਤੋਂ ਇਕ ਵੱਡਾ ਹੱਲ ਬਣ ਸਕਦੀ ਹੈ | ਜਦੋਂ ਖੇਤ ਵਿਚ ਫ਼ਸਲਾਂ ਦੀਆਂ ਇੰਨੀਆਂ ਪਰਤਾਂ ਹੁੰਦੀਆਂ ਹਨ ਤਾਂ ਸੂਰਜ ਦੀ ਸਿੱਧੀ ਧੁੱਪ ਜ਼ਮੀਨ ਤੱਕ ਨਹੀਂ ਪਹੁੰਚਦੀ | ਇਸ ਨਾਲ ਮਿੱਟੀ ਵਿਚਲੀ ਨਮੀ ਬਰਕਰਾਰ ਰਹਿੰਦੀ ਹੈ ਤੇ ਸਿੰਚਾਈ ਲਈ ਰਵਾਇਤੀ ਖੇਤੀ ਦੇ ਮੁਕਾਬਲੇ ਲਗਭਗ 70 ਫ਼ੀਸਦੀ ਤੱਕ ਘੱਟ ਪਾਣੀ ਦੀ ਲੋੜ ਪੈਂਦੀ ਹੈ | ਇਸ ਤੋਂ ਇਲਾਵਾ ਜ਼ਮੀਨ ਦਾ ਕੋਈ ਵੀ ਹਿੱਸਾ ਖਾਲੀ ਨਾ ਰਹਿਣ ਕਾਰਨ ਨਦੀਨਾਂ ਦੇ ਉੱਗਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਂਦੀ ਹੈ | ਕਿਸਾਨਾਂ ਦਾ ਜੋ ਸਮਾਂ, ਮਿਹਨਤ ਤੇ ਪੈਸਾ ਨਦੀਨ-ਨਾਸ਼ਕਾਂ ਜਾਂ ਗੋਡੀ ਕਰਨ 'ਤੇ ਖਰਚ ਹੁੰਦਾ ਹੈ, ਉਹ ਪੂਰੀ ਤਰ੍ਹਾਂ ਬਚ ਜਾਂਦਾ ਹੈ | ਆਰਥਿਕ ਪੱਖੋਂ ਵੀ ਇਹ ਤਕਨੀਕ ਕਿਸਾਨਾਂ ਨੂੰ ਵੱਡੀ ਸੁਰੱਖਿਆ ਪ੍ਰਦਾਨ ਕਰਦੀ ਹੈ | ਇਕਹਿਰੀ ਖੇਤੀ ਵਿਚ ਮੌਸਮ ਦੀ ਮਾਰ ਜਾਂ ਮੰਡੀ ਵਿਚ ਭਾਅ ਡਿਗਣ ਕਾਰਨ ਜੇ ਫ਼ਸਲ ਖਰਾਬ ਹੋ ਜਾਵੇ ਤਾਂ ਕਿਸਾਨ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ | ਪਰ ਬਹੁ-ਪਰਤੀ ਖੇਤੀ ਵਿਚ ਕਿਸਾਨ ਕੋਲ ਇਕੋ ਸਮੇਂ ਕਈ ਬਦਲ ਮੌਜੂਦ ਹੁੰਦੇ ਹਨ | ਪੱਤੇਦਾਰ ਸਬਜ਼ੀਆਂ ਬਹੁਤ ਜਲਦੀ ਤਿਆਰ ਹੋ ਜਾਂਦੀਆਂ ਹਨ, ਜਿਸ ਨਾਲ ਰੋਜ਼ਾਨਾ ਜਾਂ ਹਫ਼ਤਾਵਾਰੀ ਆਮਦਨ ਦਾ ਵਹਾਅ ਸ਼ੁਰੂ ਹੋ ਜਾਂਦਾ ਹੈ, ਜਦਕਿ ਹਲਦੀ ਜਾਂ ਫਲਾਂ ਵਾਲੇ ਪÏਦੇ ਲੰਮੇ ਸਮੇਂ ਬਾਅਦ ਇਕ ਵੱਡਾ ਮੁਨਾਫ਼ਾ ਦਿੰਦੇ ਹਨ | ਇਕ ਫ਼ਸਲ ਦਾ ਨੁਕਸਾਨ ਹੋਣ ਦੀ ਸੂਰਤ ਵਿਚ ਬਾਕੀ ਫ਼ਸਲਾਂ ਉਸ ਦੀ ਭਰਪਾਈ ਕਰ ਦਿੰਦੀਆਂ ਹਨ | ਵਾਤਾਵਰਨ ਪੱਖੋਂ ਦੇਖਿਆ ਜਾਵੇ ਤਾਂ ਵੱਖ-ਵੱਖ ਬੂਟੇ ਇਕੱਠੇ ਲਗਾਉਣ ਨਾਲ ਕਈ ਤਰ੍ਹਾਂ ਦੇ ਮਿੱਤਰ ਕੀੜੇ ਪੈਦਾ ਹੁੰਦੇ ਹਨ | ਮੁੱਖ ਫ਼ਸਲ ਦੇ ਨਾਲ ਗੇਂਦੇ ਵਰਗੇ ਫੁੱਲਾਂ ਦੀ ਮÏਜੂਦਗੀ ਨੁਕਸਾਨਦਾਇਕ ਕੀੜਿਆਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਜਿਸ ਕਾਰਨ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਛਿੜਕਣ ਦੀ ਲੋੜ ਨਹੀਂ ਪੈਂਦੀ | ਬੂਟਿਆਂ ਦੇ ਝੜੇ ਹੋਏ ਪੱਤੇ ਜ਼ਮੀਨ 'ਤੇ ਡਿੱਗ ਕੇ ਕੁਦਰਤੀ ਖਾਦ ਬਣਦੇ ਹਨ, ਜੋ ਮਿੱਟੀ ਨੂੰ ਉਪਜਾਊ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਜ਼ਮੀਨ ਦੀ ਸਿਹਤ ਨੂੰ ਸੁਧਾਰਦੇ ਹਨ | ਸੰਖੇਪ ਵਿਚ ਕਿਹਾ ਜਾਵੇ ਤਾਂ ਬਹੁ-ਪਰਤੀ ਖੇਤੀ ਕੋਈ ਨਵੀਂ ਖੋਜ ਨਹੀਂ ਹੈ, ਸਗੋਂ ਇਹ ਸਾਡੇ ਪੁਰਖਿਆਂ ਦੇ ਕੁਦਰਤੀ ਖੇਤੀ ਦੇ ਉਸੇ ਢਾਂਚੇ ਦੀ ਇਕ ਵਿਗਿਆਨਕ ਵਾਪਸੀ ਹੈ, ਜਿੱਥੇ ਖੇਤਾਂ ਵਿਚ ਭਿੰਨਤਾ ਹੁੰਦੀ ਸੀ | ਅੱਜ ਦੇ ਦੌਰ ਵਿਚ ਜਦੋਂ ਅਸੀਂ ਬਾਜ਼ਾਰਾਂ 'ਚੋਂ ਰਸਾਇਣਾਂ ਨਾਲ ਲੱਦੀਆਂ ਸਬਜ਼ੀਆਂ ਤੇ ਫ਼ਲ ਖਾਣ ਲਈ ਮਜਬੂਰ ਹਾਂ ਤਾਂ ਇਹ ਤਕਨੀਕ ਸਾਡੇ ਲਈ ਸਿਹਤਮੰਦ ਜੀਵਨ ਤੇ ਚੰਗੀ ਆਮਦਨ ਦਾ ਇਕ ਸ਼ਾਨਦਾਰ ਸੁਮੇਲ ਹੈ | ਭਾਵੇਂ ਕੋਈ ਛੋਟੀ ਜ਼ਮੀਨ ਵਾਲਾ ਕਿਸਾਨ ਹੋਵੇ ਜਾਂ ਫਿਰ ਸ਼ਹਿਰ ਵਿਚ ਆਪਣੇ ਘਰ ਦੀ ਛੱਤ ਜਾਂ ਵਿਹੜੇ ਵਿਚ ਬਗੀਚੀ ਲਗਾਉਣ ਦਾ ਸ਼ੌਕੀਨ, ਹਰ ਕੋਈ ਇਸ ਵਿਧੀ ਨੂੰ ਅਪਣਾ ਕੇ ਆਪਣੀ ਸੀਮਤ ਜਗ੍ਹਾ 'ਚੋਂ ਭਰਪੂਰ ਝਾੜ ਲੈ ਸਕਦਾ ਹੈ | ਲੋੜ ਹੈ ਤਾਂ ਸਿਰਫ਼ ਥੋੜ੍ਹੀ ਜਿਹੀ ਯੋਜਨਾਬੰਦੀ ਤੇ ਕੁਦਰਤ ਦੇ ਨਿਯਮਾਂ ਨਾਲ ਜੁੜਨ ਦੀ | ਜੇ ਅਸੀਂ ਇਸ ਕੁਦਰਤੀ ਤਾਲਮੇਲ ਨੂੰ ਸਮਝ ਕੇ ਖੇਤੀ ਕਰਾਂਗੇ ਤਾਂ ਯਕੀਨਨ ਸਾਡੀ ਧਰਤੀ, ਸਾਡਾ ਪਾਣੀ ਤੇ ਸਾਡੀ ਆਰਥਿਕਤਾ ਤਿੰਨੋਂ ਹੀ ਖੁਸ਼ਹਾਲ ਹੋਣਗੇ |
-ਨੰਗਲ ਡੈਮ, ਰੂਪਨਗਰ |
ਮੋਬਾਈਲ : 9914230416