06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਇੰਝ ਹਾਸਿਲ ਕਰੋ ਚੁਸਤੀ, ਫੁਰਤੀ ਤੇ ਤੰਦਰੁਸਤੀ

ਇੰਝ ਹਾਸਿਲ ਕਰੋ ਚੁਸਤੀ, ਫੁਰਤੀ ਤੇ ਤੰਦਰੁਸਤੀ

ਅਜੀਤ ਡੈਸਕ 06-11-2026


ਸਰੀਰ ਲਈ ਫੁਰਤੀ ਅਤੇ ਤੰਦਰੁਸਤੀ ਦਾ ਹੋਣਾ ਬੇਹੱਦ ਜ਼ਰੂਰੀ ਹੈ | ਬਿਨਾਂ ਫੁਰਤੀ, ਤੰਦਰੁਸਤੀ ਤੋਂ ਸਰੀਰ ਆਲਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਭਾਰੂ ਹੋ ਜਾਂਦੀਆਂ ਹਨ | ਸਿੱਟੇ ਵਜੋਂ ਸਰੀਰ ਦੀ ਤਾਜ਼ਗੀ ਅਤੇ ਉਤਸ਼ਾਹ ਦੇਖਦਿਆਂ ਹੀ ਠੰਢਾ ਪੈ ਜਾਂਦਾ ਹੈ ਅਤੇ ਸਰੀਰ ਵਿਚ ਉਮੰਗ ਦੀ ਲਹਿਰ ਖ਼ਤਮ ਜਿਹੀ ਹੋ ਜਾਂਦੀ ਹੈ |
ਸਰੀਰ ਨੂੰ  ਸੰਤੁਲਿਤ ਰੱਖਣ ਅਤੇ ਫੁਰਤੀਲਾ ਰੱਖਣ ਲਈ ਸਿਹਤ ਸੰਬੰਧੀ ਮੁੱਖ ਗੱਲਾਂ 'ਤੇ ਅਮਲ ਕਰਨਾ ਬੇਹੱਦ ਜ਼ਰੂਰੀ ਹੈ | ਸਰੀਰ ਵਿਚ ਰੋਗਾਂ ਦਾ ਬੋਲਬਾਲਾ, ਬੇਮੌਸਮ ਬਿਮਾਰ ਪੈ ਜਾਣਾ, ਪੇਟ ਦੇ ਨੁਕਸ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਤੋਂ ਲੈ ਕੇ ਭਿਆਨਕ ਬਿਮਾਰੀਆਂ ਦੀ ਜੜ੍ਹ ਵੀ ਸਰੀਰ ਦਾ ਅਸੰਤੁਲਿਤ ਹੋਣਾ ਹੁੰਦਾ ਹੈ | ਜਦੋਂ ਤੱਕ ਸਰੀਰ ਦੀ ਕੰਮ ਕਰਨ ਵਾਲੀ ਪ੍ਰਣਾਲੀ ਸਹੀ ਨਹੀਂ ਰਹਿੰਦੀ, ਉਦੋਂ ਤੱਕ ਸਮੱਸਿਆਵਾਂ  ਤਾਂ ਬਣੀਆਂ ਹੀ ਰਹਿੰਦੀਆਂ ਹਨ | ਇਨ੍ਹਾਂ ਸਭ ਕਾਰਨ ਹੀ ਸਰੀਰ ਦੀ ਕਾਰਜ-ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ | ਇਸ ਲਈ ਫੁਰਤੀ ਅਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਕੁਝ ਮੁੱਖ ਮਾਪਦੰਡ ਹਨ ਜਿਨ੍ਹਾਂ ਦੇ ਆਧਾਰ 'ਤੇ ਪੂਰਾ ਜੀਵਨ ਚੁਸਤੀ-ਫੁਰਤੀ ਅਤੇ ਤੰਦਰੁਸਤੀ ਦਾ ਆਲਮ ਬਣਿਆ ਰਹਿ ਸਕਦਾ ਹੈ |
ਲਗਾਤਾਰ ਕਸਰਤ ਕਰੋ : ਸਰੀਰ ਨੂੰ  ਰੋਗਾਂ ਤੋਂ ਬਚਾਉਣ ਅਤੇ ਚੁਸਤੀ-ਫੁਰਤੀ ਹਾਸਲ ਕਰਨ ਲਈ ਕਸਰਤ ਕਰਨੀ ਬੇਹੱਦ ਜ਼ਰੂਰੀ ਹੁੰਦੀ ਹੈ | ਕਸਰਤ ਕਰਨ ਨਾਲ ਖ਼ੂਨ ਦਾ ਸੰਚਾਰ ਵੀ ਸਹੀ ਬਣਿਆ ਰਹਿੰਦਾ ਹੈ ਅਤੇ ਦਿਲ ਸੰਬੰਧੀ ਰੋਗ ਵੀ ਪੈਦਾ ਨਹੀਂ ਹੁੰਦੇ | ਕਸਰਤ ਕਰਨ ਦਾ ਸਮਾਂ ਘੱਟ ਤੋਂ ਘੱਟ 40 ਮਿੰਟ ਜ਼ਰੂਰ ਹੋਣਾ ਚਾਹੀਦਾ ਹੈ | ਏਨੇ ਸਮੇਂ ਵਿਚ ਸਾਰੇ ਸਰੀਰ ਵਿਚ ਸਰਗਰਮੀ ਲਿਆਈ ਜਾ ਸਕਦੀ ਹੈ |
ਕਸਰਤ ਕਰਨ ਨਾਲ ਸਰੀਰ ਵਿਚ ਵਾਧੂ ਚਰਬੀ ਇਕੱਠੀ ਨਹੀਂ ਹੁੰਦੀ ਅਤੇ ਸਰੀਰ ਦੀ ਸਹਿਣ ਸ਼ਕਤੀ ਵਧਦੀ ਹੈ | ਲਗਾਤਾਰ ਕਸਰਤ ਕਰਨ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਜਾਗਿ੍ਤ ਹੋ ਜਾਂਦੀ ਹੈ, ਜਿਸ ਨਾਲ ਸਰੀਰ ਵਿਚ ਬੇਮੌਸਮ ਰੋਗ ਪੈਦਾ ਨਹੀਂ ਹੁੰਦੇ | ਕਸਰਤ ਕਰਦੇ ਰਹਿਣ ਨਾਲ ਸਾਹ ਸੰਬੰਧੀ ਰੋਗ ਵੀ ਨਹੀਂ ਹੁੰਦੇ ਕਿਉਂਕਿ ਇਸ ਨਾਲ ਆਕਸੀਜਨ ਦੀ ਸਹੀ ਮਾਤਰਾ ਸਾਹ ਨਾਲ ਅੰਦਰ ਦਾਖਲ ਹੋ ਜਾਂਦੀ ਹੈ ਅਤੇ ਕਾਰਬਨ ਡਾਈਅਕਸਾਈਡ ਨੂੰ  ਬਹਰ ਕੱਢਦੀ ਹੈ |
ਸੰਤੁਲਿਤ ਭੋਜਨ ਖਾਓ : ਸਰੀਰ ਵਿਚ ਤਾਜ਼ਗੀ ਅਤੇ ਉਤਸ਼ਾਹ ਲਿਆਉਣ ਲਈ ਸੰਤੁਲਿਤ ਭੋਜਨ ਸਰਬੋਤਮ ਹੈ | ਸੰਤੁਲਿਤ ਭੋਜਨ ਉਸ ਨੂੰ  ਕਹਿੰਦੇ ਹਨ, ਜਿਸ ਵਿਚ ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟ ਦੀ ਸਹੀ ਮਾਤਰਾ ਮੌਜੂਦ ਹੋਵੇ | ਦੁੱਧ, ਲੱਸੀ, ਸੰਗਤਰਾ, ਹਰੀਆਂ ਸਬਜ਼ੀਆਂ, ਘਿਓ, ਟਮਾਟਰ, ਨਿੰਬੂ, ਪਾਲਕ, ਕੇਲਾ, ਅਮਰੂਦ ਅਤੇ ਅੰਬ ਸਭ ਪੌਸ਼ਟਿਕ ਤੱਤਾਂ ਵਾਲੇ ਹੁੰਦੇ ਹਨ | ਇਹ ਸਰੀਰ ਨੂੰ  ਸ਼ਕਤੀ ਪ੍ਰਦਾਨ ਕਰਦੇ ਹਨ |
ਸੰਤੁਲਿਤ ਭੋਜਨ ਖਾਣ ਨਾਲ ਹਾਜ਼ਮਾ ਸ਼ਕਤੀ ਮਜ਼ਬੂਤ ਰਹਿੰਦੀ ਹੈ ਅਤੇ ਪੇਟ ਸੰਬੰਧੀ ਨੁਕਸ ਵੀ ਨਹੀਂ ਪੈਦਾ ਹੁੰਦੇ | ਤਲੇ ਹੋਏ ਖਾਣ ਵਾਲੇ ਪਦਾਰਥ, ਹੋਟਲਾਂ ਦੀ ਬਣਾਈ ਮਠਿਆਈ ਅਤੇ ਚਾਟ ਪਕੌੜੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਭਿੱਜੇ ਛੋਲੇ, ਅਰਹਰ ਦੀ ਦਾਲ, ਸੋਇਆਬੀਨ ਅਤੇ ਮਟਰ ਨਾਲ ਵੀ ਸਹੀ ਪੌਸ਼ਟਿਕ ਤੱਤ ਹਾਸਲ ਕੀਤੇ ਜਾ ਸਕਦੇ ਹਨ |
ਫਲ ਖਾਣ ਜਾਂ ਵਰਤਾਂ ਨੂੰ  ਮਹੱਤਵ ਦਿਓ : ਸਰੀਰ ਦੀ ਅੰਦਰੂਨੀ ਸਫ਼ਾਈ ਲਈ ਹਫ਼ਤੇ ਵਿਚ ਇਕ ਵਾਰ ਵਰਤ ਰੱਖਣਾ ਜ਼ਰੂਰੀ ਹੁੰਦਾ ਹੈ | ਵਰਤ ਰੱਖਣ ਨਾਲ ਪੇਟ ਦੀ ਵਿਧੀਬੱਧ ਢੰਗ ਨਾਲ ਸਫ਼ਾਈ ਤਾਂ ਹੁੰਦੀ ਹੀ ਹੈ, ਨਾਲ ਹੀ ਸਰੀਰ ਦੇ ਗ਼ੈਰ-ਜ਼ਰੂਰੀ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ | ਵਰਤ ਰੱਖਣ ਨਾਲ ਅੰਤੜੀਆਂ ਵਿਚ ਸਰਗਰਮੀ ਆਉਂਦੀ ਹੈ ਅਤੇ ਖੂਨ ਸਾਫ਼ ਰਹਿੰਦਾ ਹੈ |
ਵਰਤ ਦੌਰਾਨ ਅੰਨ ਨਹੀਂ ਖਾਣਾ ਚਾਹੀਦਾ | ਵਰਤ ਵਾਲੇ ਦਿਨ ਸਿਰਫ਼ ਲੱਸੀ, ਨਿੰਬੂ ਪਾਣੀ, ਸੰਗਤਰਾ ਜਾਂ ਹੋਰ ਫਲ ਜਾਂ ਫਲਾਂ ਤੋਂ ਬਣਿਆ ਭੋਜਨ ਲੈਣਾ ਚਾਹੀਦਾ ਹੈ | ਵਰਤ ਵਾਲੇ ਦਿਨ ਵਾਰ-ਵਾਰ ਭੋਜਨ ਨਹੀਂ ਲੈਣਾ ਚਾਹੀਦਾ | ਸਵੇਰ ਤੋਂ ਸ਼ਾਮ ਤੱਕ ਸਿਰਫ਼ ਪਾਣੀ ਪੀ ਕੇ ਹੀ ਰਹਿਣਾ ਚਾਹੀਦਾ ਹੈ | ਸ਼ਾਮ ਨੂੰ  ਫਲ ਜਾਂ ਦੁੱਧ, ਦਲੀਆ ਜਾਂ ਖੀਰ ਲੈ ਕੇ ਵਰਤ ਨੂੰ  ਖ਼ਤਮ ਕਰ ਦੇਣਾ ਚਾਹੀਦਾ ਹੈ |
(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)

 

ਪਿਛਲੀ ਖ਼ਬਰ ਜੇਕਰ ਮਜ਼ਦੂਰ ਮੰਗਾ ਨਾ ਮੰਨੀਆਂ ਤਾਂ ਮੁੱਖ ਮੰਤਰੀ ਦੇ ਹਲਕੇ ਨੂੰ ਸੰਘਰਸ਼ ਦਾ ਮੈਦਾਨ ਬਣਾ ਦੇਵਾਂਗੇ-ਸ਼ੇਖਰ, ਰੋੜੀ ਅਗਲੀ ਖ਼ਬਰ ਕੁਝ ਤੱਥ ਜੋ ਤੁਸੀਂ ਨਹੀਂ ਜਾਣਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।