29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕਣਕ ਦਾ ਮੰਡੀਕਰਨ

ਅਜੀਤ ਡੈਸਕ 02-04-2026

ਹਾੜੀ ਦੀ ਫ਼ਸਲ ਪੱਕਣ 'ਤੇ ਹੈ। ਇਕ ਅਪ੍ਰੈਲ ਤੋਂ ਪੰਜਾਬ ਸਰਕਾਰ ਨੇ ਇਸ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਮੌਸਮ ਵਿਚ ਆਈ ਤਬਦੀਲੀ ਨਾਲ ਕਣਕ ਦੇ ਪੂਰੀ ਤਰ੍ਹਾਂ ਪੱਕਣ ਨੂੰ ਕੁਝ ਦਿਨ ਹੋਰ ਲੱਗਣਗੇ। ਉਸ ਤੋਂ ਬਾਅਦ ਹੀ ਮੰਡੀਆਂ ਵਿਚ ਚਹਿਲ-ਪਹਿਲ ਸ਼ੁਰੂ ਹੋ ਜਾਵੇਗੀ। ਮੁੱਖ ਫ਼ਸਲ ਹੋਣ ਕਰਕੇ ਰਾਜ ਦੀਆਂ ਸਮੁੱਚੀਆਂ ਮੰਡੀਆਂ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਇਕ ਚੁਣੌਤੀ ਭਰੀ ਗੱਲ ਜ਼ਰੂਰ ਹੈ, ਪਰ ਪਿਛਲੇ ਦਹਾਕਿਆਂ ਵਿਚ ਪੰਜਾਬ ਦੀ ਮੰਡੀਕਰਨ ਦੀ ਵਿਵਸਥਾ ਨੇ ਖ਼ਰੀਦ ਸੰਬੰਧੀ ਬਹੁਤ ਸਾਰੀਆਂ ਪਰੰਪਰਾਵਾਂ ਪਾ ਦਿੱਤੀਆਂ ਹਨ। ਕੇਂਦਰ ਸਰਕਾਰ, ਪੰਜਾਬ ਸਰਕਾਰ, ਮੰਡੀ ਬੋਰਡ, ਆੜ੍ਹਤੀ ਅਤੇ ਫ਼ਸਲ ਦੀ ਚੁਕਾਈ ਕਰਨ ਵਾਲੇ ਕਾਮੇ ਅਤੇ ਖ਼ਰੀਦੀ ਹੋਈ ਕਣਕ ਨੂੰ ਵੱਖ-ਵੱਖ ਗੁਦਾਮਾਂ ਵਿਚ ਰੱਖਣ ਦੇ ਪ੍ਰਬੰਧ ਵਿਚ ਲੱਗੇ ਕਰਮਚਾਰੀ ਸਾਰਿਆਂ ਦੀ ਇਕ ਮਹੀਨੇ ਤੱਕ ਵੱਡੀ ਸਰਗਰਮੀ ਬਣੀ ਰਹੇਗੀ।
ਇਸ ਵਾਰ 1 ਲੱਖ 30 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਅਨੁਮਾਨ ਹੈ। ਇਸ ਦੀ ਸੰਭਾਲ ਸਭ ਤੋਂ ਮੁਸ਼ਕਿਲ ਕੰਮ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਪਿਛਲੀ ਵਾਰ ਦੀ 48 ਲੱਖ ਮੀਟ੍ਰਿਕ ਟਨ ਦੇ ਲਗਭਗ ਕਣਕ ਹਾਲੇ ਵੀ ਇੱਥੋਂ ਦੇ ਗੁਦਾਮਾਂ ਵਿਚ ਜਾਂ ਹੋਰ ਕੀਤੇ ਪ੍ਰਬੰਧਾਂ ਹੇਠ ਪਈ ਹੈ। ਇਸ ਵਿਚੋਂ 17 ਲੱਖ ਮੀਟ੍ਰਿਕ ਟਨ ਦਾ ਤਾਂ ਗੁਦਾਮਾਂ ਦੀ ਘਾਟ ਹੋਣ ਕਾਰਨ ਖੁੱਲ੍ਹੀਆਂ ਥਾਵਾਂ 'ਤੇ ਹੀ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਵੱਡਾ ਮਸਲਾ ਇਹ ਬਣਿਆ ਹੋਇਆ ਹੈ ਕਿ ਜੇਕਰ ਪਹਿਲੀ ਕਣਕ ਦੀ ਚੁਕਾਈ ਨਹੀਂ ਕੀਤੀ ਜਾਂਦੀ ਤਾਂ ਨਵੀਂ ਫ਼ਸਲ ਦੇ ਮੰਡੀਆਂ ਵਿਚ ਆਉਣ ਤੋਂ ਬਾਅਦ ਉਸ ਦੇ ਗੁਦਾਮਾਂ ਵਿਚ ਰੱਖ-ਰਖਾਵ ਦੀ ਵੱਡੀ ਸਮੱਸਿਆ ਸਾਹਮਣੇ ਆ ਸਕਦੀ ਹੈ। ਪੰਜਾਬ ਸਰਕਾਰ ਕਾਫ਼ੀ ਪਹਿਲਾਂ ਤੋਂ ਇਸ ਗੰਭੀਰ ਹੁੰਦੇ ਮਸਲੇ ਪ੍ਰਤੀ ਕੇਂਦਰ ਨਾਲ ਸੰਪਰਕ ਵਿਚ ਹੈ। ਉਸ ਨੇ ਕਈ ਵਾਰ ਇਹ ਜ਼ੋਰ ਦਿੱਤਾ ਹੈ ਕਿ 15 ਅਪ੍ਰੈਲ ਤੱਕ ਇਨ੍ਹਾਂ ਭੰਡਾਰਾਂ 'ਚੋਂ ਪਹਿਲਾਂ ਪਈ 30 ਲੱਖ ਮੀਟ੍ਰਿਕ ਟਨ ਦੇ ਲਗਭਗ ਕਣਕ ਨੂੰ ਜ਼ਰੂਰ ਇੱਥੋਂ ਉਠਾ ਲਿਆ ਜਾਏ। ਕਣਕ ਦੇ ਇਸ ਪ੍ਰਬੰਧ ਵਿਚ ਪੰਜਾਬ ਦੇ ਕਈ ਅਹਿਮ ਅਦਾਰੇ ਅਤੇ ਕੇਂਦਰ ਦੀ ਫੂਡ ਕਾਰਪੋਰੇਸ਼ਨ ਵੀ ਲੱਗੀ ਹੁੰਦੀ ਹੈ। ਇਸ ਦੇ ਨਾਲ ਹੀ ਅਕਸਰ ਬਾਰਦਾਨੇ ਦੀ ਘਾਟ ਵੀ ਰੜਕਣੀ ਸ਼ੁਰੂ ਹੋ ਜਾਂਦੀ ਹੈ। ਸੂਬੇ ਵਿਚ ਇਸ ਸਮੇਂ 5 ਲੱਖ ਦੇ ਕਰੀਬ ਬੋਰੀਆਂ ਦੀ ਜ਼ਰੂਰਤ ਹੈ, ਜਿਨ੍ਹਾਂ 'ਚੋਂ ਹੁਣ ਤੱਕ ਅੱਧੀਆਂ ਬੋਰੀਆਂ ਹੀ ਪ੍ਰਾਪਤ ਕੀਤੀਆਂ ਜਾ ਸਕੀਆਂ ਹਨ।
ਇਸ ਦੇ ਨਾਲ ਹੀ ਹੁਣ ਸੂਬਾ ਸਰਕਾਰ ਨੂੰ ਇਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਹ ਹੈ ਆੜ੍ਹਤੀਆਂ ਅਤੇ ਮੁਨੀਮਾਂ ਵਲੋਂ ਆਪਣੀ ਕਮੀਸ਼ਨ ਦੇ ਮਸਲੇ ਨੂੰ ਲੈ ਕੇ ਹੜਤਾਲ ਸ਼ੁਰੂ ਕਰਨਾ। 40 ਹਜ਼ਾਰ ਦੇ ਲਗਭਗ ਆੜ੍ਹਤੀਆਂ ਅਤੇ ਵੱਡੀ ਗਿਣਤੀ ਵਿਚ ਮੁਨੀਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਆਉਂਦੇ ਸਮੇਂ ਵਿਚ ਮੰਡੀਕਰਨ ਵਿਚ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਜੇਕਰ ਗੁਦਾਮਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਫ਼ਸਲ ਦੀ ਸਾਂਭ-ਸੰਭਾਲ ਪ੍ਰਸ਼ਾਸਨ ਲਈ ਇਕ ਵੱਡੀ ਮੁਸ਼ਕਿਲ ਅਤੇ ਸਿਰਦਰਦੀ ਬਣ ਸਕਦੀ ਹੈ। ਨਿੱਜੀ ਗੁਦਾਮ ਮਾਲਕਾਂ ਅਤੇ ਸ਼ੈਲਰਾਂ ਵਾਲਿਆਂ ਦੀਆਂ ਵੀ ਕਈ ਸ਼ਿਕਾਇਤਾਂ ਹਨ, ਜਿਨ੍ਹਾਂ ਨੂੰ ਹੱਲ ਕੀਤੇ ਜਾਣਾ ਵੀ ਮੁਸ਼ਕਿਲ ਭਰਿਆ ਕੰਮ ਹੈ। ਇਹ ਵੀ ਦੇਖਿਆ ਗਿਆ ਹੈ ਕਿ ਦੇਸ਼ ਵਿਚ ਕਈ ਢੰਗਾਂ ਨਾਲ ਕਰੋੜਾਂ ਟਨ ਅਨਾਜ ਦੀ ਬਰਬਾਦੀ ਹੁੰਦੀ ਹੈ। ਲੰਮੇ ਸਮੇਂ ਤੱਕ ਖੁੱਲ੍ਹੇ ਆਸਮਾਨ ਹੇਠ ਪਈ ਫ਼ਸਲ ਦੀ ਗੁਣਵੱਤਾ ਬੇਹੱਦ ਘਟ ਜਾਂਦੀ ਹੈ। ਇਸ ਤੋਂ ਪਹਿਲਾਂ ਇਸ ਦੀ ਭਰਾਈ, ਢੋਆ-ਢੁਆਈ, ਇਸ ਦੇ ਬਾਹਰ ਭੇਜਣ ਸਮੇਂ ਦੀ ਪ੍ਰਕਿਰਿਆ ਅਤੇ ਇਸ ਦੇ ਭੰਡਾਰਨ ਵਿਚ ਵੀ ਫ਼ਸਲ ਵੱਡੀ ਹੱਦ ਤੱਕ ਖ਼ਰਾਬ ਹੋ ਜਾਂਦੀ ਹੈ, ਜਿਸ ਲਈ ਹਾਲੇ ਤੱਕ ਵੀ ਨੁਕਸ ਰਹਿਤ ਅਤੇ ਪੁਖ਼ਤਾ ਪ੍ਰਬੰਧ ਸਾਹਮਣੇ ਨਹੀਂ ਆਏ। ਕਦੇ ਦੇਸ਼ ਵਿਚ ਖੁਰਾਕ ਦੀ ਵੱਡੀ ਘਾਟ ਰੜਕਦੀ ਸੀ। ਅੱਜ ਇਹ ਦੇਸ਼ ਕੁਝ ਫ਼ਸਲਾਂ ਦੇ ਮਾਮਲੇ ਵਿਚ ਆਤਮ-ਨਿਰਭਰ ਹੋ ਚੁੱਕਾ ਹੈ। ਕੇਂਦਰ ਸਰਕਾਰ ਵਲੋਂ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਅਤੇ ਬਹੁਤ ਹੀ ਘੱਟ ਕੀਮਤ 'ਤੇ ਲਗਾਤਾਰ ਰਾਸ਼ਨ ਦਿੱਤਾ ਜਾ ਰਿਹਾ ਹੈ।
ਹੁਣ ਕੁਝ ਫ਼ਸਲਾਂ ਦੀ ਕਾਸ਼ਤ ਤੱਕ ਸੀਮਤ ਰਹਿਣ ਦੀ ਬਜਾਏ ਪੌਸ਼ਟਿਕ ਖੁਰਾਕ ਦੀ ਤਰਜੀਹੀ ਆਧਾਰ 'ਤੇ ਉਪਜ ਕਰਨ ਦੀ ਜ਼ਰੂਰਤ ਹੈ। ਦੇਸ਼ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਆਉਂਦੇ ਸਮੇਂ ਵਿਚ ਸਾਡੀਆਂ ਸਰਕਾਰਾਂ ਨੂੰ ਫ਼ਸਲਾਂ ਦੇ ਉਤਪਾਦਨ ਦੇ ਖੇਤਰ ਵਿਚ ਬੇਹੱਦ ਸੁਚੱਜੇ ਅਤੇ ਪੁਖ਼ਤਾ ਪ੍ਰਬੰਧ ਨੂੰ ਪਹਿਲ ਦੇਣ ਦੀ ਜ਼ਰੂਰਤ ਹੋਵੇਗੀ। ਵਰਤਮਾਨ ਸੂਬਾ ਸਰਕਾਰ ਜੋ ਆਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ, ਕਣਕ ਦੀ ਆ ਰਹੀ ਫ਼ਸਲ ਦਾ ਮੰਡੀਕਰਨ ਤੇ ਸਾਂਭ-ਸੰਭਾਲ ਕਰਨਾ ਉਸ ਲਈ ਵਿਸ਼ੇਸ਼ ਤੌਰ 'ਤੇ ਜ਼ਿੰਮੇਵਾਰੀ ਵਾਲਾ ਕੰਮ ਹੋਵੇਗਾ, ਕਿਉਂਕਿ ਕਣਕ ਦੀ ਅਗਲੀ ਫ਼ਸਲ ਦੀ ਆਮਦ ਤੋਂ ਪਹਿਲਾਂ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹੋਣਗੀਆਂ। ਇਸ ਲਈ ਜੇਕਰ ਸਰਕਾਰ ਫ਼ਸਲ ਦਾ ਮੰਡੀਕਰਨ, ਕਿਸਾਨਾਂ ਨੂੰ ਅਦਾਇਗੀ ਅਤੇ ਖਰੀਦੀ ਹੋਈ ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਵਾਉਣ ਵਿਚ ਸਫ਼ਲ ਹੁੰਦੀ ਹੈ ਤਾਂ ਉਸ ਦਾ ਸੁਭਾਵਿਕ ਤੌਰ 'ਤੇ ਪ੍ਰਭਾਵ ਵਧੇਗਾ।

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਦੁਨੀਆ ਨੂੰ ਤਬਾਹ ਕਰ ਸਕਦਾ ਹੈ ਡੋਨਾਲਡ ਟਰੰਪ ਦਾ ਜੰਗੀ ਜਨੂੰਨ ਅਗਲੀ ਖ਼ਬਰ ਮਿਹਨਤ, ਇਮਾਨਦਾਰੀ ਅਤੇ ਸੰਜਮ ਸਫ਼ਲਤਾ ਦੇ ਮਾਰਗ ਹਨ। ਜਦੋਂ ਵੀ ਸਫਲ ਹੋਵੋਗੇ, ਇਨ੍ਹਾਂ ਰਾਹਾਂ ਤੋਂ ਗੁਜ਼ਰ ਕੇ ਹੀ ਹੋਵੋਗੇ। -...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।