28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਦਰਿਆਈ ਪਾਣੀਆਂ ਦੀ ਵੰਡ ਤੇ ਪੰਜਾਬ ਦਾ ਦਾਅਵਾ-2

ਅਜੀਤ ਡੈਸਕ 02-04-2026

(ਕੱਲ੍ਹ ਤੋਂ ਅੱਗੇ)
ਬਦਲੇ ਹੋਏ ਹਾਲਾਤ
ਹੁਣ ਜਦੋਂ ਭਾਰਤ ਸਰਕਾਰ ਇਕ ਅੰਤਰ-ਰਾਸ਼ਟਰੀ ਪੱਧਰ ਦੇ ਸਮਝੌਤੇ ਤੋਂ ਇਹ ਕਹਿ ਕੇ ਪਿੱਛੇ ਹਟ ਰਹੀ ਹੈ ਕਿ ਸੰਧੀ ਹੋਣ ਤੋਂ ਬਾਅਦ ਹੁਣ ਤੱਕ ਹਾਲਾਤ ਬਹੁਤ ਬਦਲ ਗਏ ਹਨ ਤਾਂ ਵਿਚਾਰਨ ਵਾਲੀ ਗੱਲ ਹੈ ਕਿ ਹਾਲਾਤ ਸਿਰਫ ਭਾਰਤ ਤੇ ਪਾਕਿਸਤਾਨ ਦਰਮਿਆਨ ਪਾਣੀ ਦੀਆਂ ਲੋੜਾਂ ਦੇ ਹੀ ਨਹੀਂ ਬਦਲੇ। ਬਲਕਿ ਪੰਜਾਬ ਦੇ ਪ੍ਰਸੰਗ ਵਿਚ ਵੀ ਹਾਲਾਤ ਬਹੁਤ ਬਦਲ ਗਏ ਹਨ।
ਮਿਸਾਲ ਵਜੋਂ ਜਦੋਂ 31 ਦਸੰਬਰ 1981 ਵਾਲਾ ਕਥਿਤ ਸਮਝੌਤਾ ਹੋਇਆ ਸੀ, ਜਿਸ ਪੰਜਾਬ ਦੇ ਦਰਿਆਵਾਂ ਦਾ ਪਾਣੀ ਰਾਜਸਥਾਨ, ਹਰਿਆਣਾ ਤੇ ਦਿੱਲੀ ਦੇ ਗੈਰ-ਤਟਵਰਤੀ ਰਾਜਾਂ ਨੂੰ ਦਿੱਤਾ ਗਿਆ ਸੀ, ਉਸ ਵੇਲੇ ਪੰਜਾਬ ਦੇ ਰਾਵੀ ਤੇ ਬਿਆਸ ਦਰਿਆਵਾਂ ਵਿਚ 'ਵਾਧੂ ਪਾਣੀ' 171.70 ਲੱਖ ਏਕੜ ਫੁੱਟ ਮੰਨਿਆ ਗਿਆ ਸੀ ਜੋ ਕਿ 1921 ਤੋਂ 1960 ਤੱਕ 40 ਸਾਲਾਂ ਦੇ ਸਮੇਂ ਦੌਰਾਨ ਇਨ੍ਹਾਂ ਦਰਿਆਵਾਂ ਵਿਚ ਵਗੇ ਪਾਣੀ ਦੀ ਔਸਤ ਉੱਤੇ ਆਧਾਰਿਤ ਸੀ। 1981 ਤੋਂ 2013 ਦੀ ਔਸਤ ਦੇ ਆਧਾਰ ਉੱਤੇ ਇਹ ਅੰਕੜਾ ਘਟ ਕੇ 133.80 ਲੱਖ ਏਕੜ ਫੁੱਟ ਰਹਿ ਗਿਆ। ਸਾਲ 1981 ਤੋਂ 2021 ਦੀ ਔਸਤ ਦੇ ਆਧਾਰ ਉੱਤੇ ਇਹ ਮਿਕਦਾਰ ਹੋਰ ਘਟ ਕੇ 129.30 ਲੱਖ ਏਕੜ ਫੁੱਟ ਰਹਿ ਗਈ ਹੈ ਜੋ ਕਿ 1981 ਵਿਚ ਮਿੱਥੀ ਮਿਕਦਾਰ ਨਾਲੋਂ 30% ਘੱਟ ਹੈ।
ਸਥਿਤੀ ਦਾ ਦੂਜਾ ਪੱਖ ਪੰਜਾਬ ਦੇ ਜ਼ਮੀਨੀ ਪਾਣੀ ਦੇ ਸੰਕਟ ਦਾ ਹੈ। ਦਰਿਆਈ ਪਾਣੀ ਦੀ ਥੁੜ੍ਹ ਕਾਰਨ ਪੰਜਾਬ ਵਿਚ ਵੱਡੀ ਪੱਧਰ ਉੱਤੇ ਧਰਤੀ ਹੇਠੋਂ ਪਾਣੀ ਕੱਢਣਾ ਪੈ ਰਿਹਾ ਹੈ। ਭਾਰਤ ਸਰਕਾਰ ਦੇ 'ਕੇਂਦਰੀ ਭੂ-ਜਲ ਬੋਰਡ' ਦੇ ਆਪਣੇ ਅੰਕੜੇ ਹੀ ਦੱਸਦੇ ਹਨ ਕਿ ਪੰਜਾਬ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਧਰਤੀ ਹੇਠੋਂ ਪਾਣੀ ਕੱਢਣ ਦੀ ਦਰ ਦੇ ਹਿਸਾਬ ਨਾਲ ਸੂਬੇ ਦੇ 153 ਬਲਾਕਾਂ ਵਿਚੋਂ 111 ਅਤਿ-ਸ਼ੋਸ਼ਿਤ (ਓਵਰ ਐਕਸਪਲੋਇਟਿਡ) ਹਨ, 10 ਦੀ ਹਾਲਤ ਨਾਜ਼ੁਕ ਅਤੇ 15 ਦੀ ਅਰਧ-ਨਾਜ਼ੁਕ ਹੈ। ਜੋ 17 ਬਲਾਕ ਸੁਰੱਖਿਅਤ ਹਨ ਉਨ੍ਹਾਂ ਵਿਚੋਂ ਬਹੁਤੇ ਉਹ ਹਨ ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਵਰਤੋਂ ਯੋਗ ਨਹੀਂ ਹੈ।
ਪੰਜਾਬ ਦਾ ਮੂਲ ਦਾਅਵਾ
ਦਰਿਆਈ ਪਾਣੀਆਂ ਦੇ ਮਾਮਲੇ ਵਿਚ ਪੰਜਾਬ ਦਾ ਮੂਲ ਦਾਅਵਾ ਤਟਵਰਤੀ ਰਾਜ ਹੋਣ ਦੇ ਨਾਤੇ ਪਾਣੀਆਂ ਦੀ ਵਰਤੋਂ ਦੇ ਮੌਲਿਕ ਹੱਕਦਾਰ ਹੋਣ ਦਾ ਹੈ। ਸਿਆਸੀ ਪੱਖੋ ਗੱਲ ਕਰੀਏ ਤਾਂ ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਸੂਬੇ ਦੀ ਸਿਆਸੀ ਜਮਾਤ ਹਮੇਸ਼ਾ ਵਕਤੀ ਪੈਂਤੜੇਬਾਜ਼ੀ ਵੱਲ ਵੱਧ ਰੁਚਿਤ ਰਹੀ ਹੈ। ਭਾਵੇਂ ਉਹ ਪਹਿਲਾਂ ਹੋਏ ਕਥਿਤ ਸਮਝੌਤੇ ਹੋਣ, ਜਾਂ 2004 ਦਾ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ, 2016 ਦਾ ਸਤਲੁਜ-ਯਮੁਨਾ ਲਿੰਕ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਿਸ ਕਰਨ ਦਾ ਫੈਸਲਾ ਜਾਂ ਹੁਣ 'ਰਾਇਲਟੀ' ਮੰਗਣ ਦਾ ਕਦਮ, ਸਾਰੇ ਇਸੇ ਸ਼੍ਰੇਣੀ ਵਿਚ ਹੀ ਆਉਂਦੇ ਹਨ। ਦੂਜੇ ਪਾਸੇ ਪੰਜਾਬ ਦੀ ਅਫਸਰਸ਼ਾਹੀ ਹਮੇਸ਼ਾ ਇਸ ਮਸਲੇ ਨੂੰ ਹੋਏ ਸਮਝੌਤਿਆਂ ਦੀਆਂ ਕਾਨੂੰਨੀ ਵਲਗਣਾਂ ਦੇ ਵਿਚ ਹੀ ਵੇਖਦੀ ਹੀ ਹੈ।
ਪੰਜਾਬ ਦੇ ਮੂਲ ਦਾਅਵੇ ਅਨੁਸਾਰ ਮੌਜੂਦਾ ਕਾਨੂੰਨੀ ਘੇਰਾਬੰਦੀਆਂ ਤੋਂ ਬਾਹਰ ਵੀ ਸੋਚਣ ਦੀ ਜ਼ਰੂਰਤ ਹੈ। ਭਾਰਤ ਸਰਕਾਰ ਵਲੋਂ ਪਾਕਿਸਤਾਨ ਨੂੰ ਸਿੰਧ ਜਲ ਸੰਧੀ ਦੇ ਮਾਮਲੇ ਵਿਚ 'ਬਦਲੇ ਹੋਏ ਹਾਲਾਤ' ਦੇ ਦਿੱਤੇ ਗਏ ਤਰਕ ਅਨੁਸਾਰ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਦਰਿਆਈ ਪਾਣੀ ਦੀ ਵਰਤੋਂ ਮੁੜ ਤੋਂ ਤਹਿ ਕਰਨ ਦੀ ਲੋੜ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ।
ਇਸ ਦੌਰਾਨ ਇਹ ਗੱਲ ਪ੍ਰਮੁੱਖ ਰੱਖੀ ਜਾਵੇ ਕਿ ਦਰਿਆਵਾਂ ਦਾ ਤਟਵਰਤੀ ਰਾਜ ਹੋਣ ਦੇ ਨਾਤੇ ਪੰਜਾਬ ਦਾ ਇਨ੍ਹਾਂ ਦਰਿਆਵਾਂ ਦੇ ਪਾਣੀ ਉੱਤੇ ਪੂਰਨ ਅਖਤਿਆਰ ਹੈ।
ਬੀਤੇ ਵਿਚ ਕਿਸੇ ਮੌਕੇ ਗੈਰ-ਤਟਵਰਤੀ ਰਾਜਾਂ ਨੂੰ ਪਾਣੀ ਦੇਣ ਦੇ ਕੀਤੇ ਗਏ ਕਥਿਤ ਸਮਝੌਤੇ ਅਟੱਲ ਤੇ ਸਦੀਵੀ ਤੌਰ ਉੱਤੇ ਪਾਣੀ ਲੈਣ ਦਾ ਹੱਕ ਇਨ੍ਹਾਂ ਸੂਬਿਆਂ ਨੂੰ ਨਹੀਂ ਦੇ ਸਕਦੇ। ਨਵੇਂ ਹਾਲਾਤ ਮੁਤਾਬਿਕ ਹੁਣ ਪੰਜਾਬ ਨੂੰ ਗੰਭੀਰ ਜਲ ਸੰਕਟ ਵਿਚੋਂ ਕੱਢਣ ਲਈ ਪਾਣੀ ਦੀ ਵਰਤੋਂ ਤੇ ਇਸ ਨਾਲ ਜੁੜੇ ਮਾਮਲੇ ਮੁੜ ਤਹਿ ਕੀਤੇ ਜਾਣ।
ਦੱਖਣੀ ਏਸ਼ੀਆ ਦੇ ਖਿੱਤੇ ਸਮੇਤ ਇਸ ਵੇਲੇ ਦੁਨੀਆ ਦੇ ਹਾਲਤ ਵਿਚ ਅਸਥਿਰਤਾ ਹੈ ਤੇ ਪੁਰਾਣੇ ਪ੍ਰਬੰਧਾਂ ਦੀ ਥਾਂ ਨਵੇਂ ਹਾਲਾਤ ਮੁਤਾਬਿਕ ਨਵੇਂ ਗੱਠਜੋੜ ਤੇ ਪ੍ਰਬੰਧ ਆ ਰਹੇ ਹਨ। ਪੰਜਾਬ ਇਸ ਵੇਲੇ ਭੂ-ਰਾਜਨੀਤਕ ਤੌਰ 'ਤੇ ਰਣਨੀਤਕ ਪੱਖੋਂ ਮਹੱਤਵਪੂਰਨ ਖਿੱਤਾ ਹੈ।
ਸਵਾਲ ਇਹ ਹੈ ਕਿ, ਕੀ ਪੰਜਾਬ ਵਿਚ ਅਜਿਹੀ ਦੂਰਦ੍ਰਿਸ਼ਟ ਅਗਵਾਈ ਹੈ ਜਿਹੜੀ ਮੌਜੂਦਾ ਢਾਂਚੇ ਦੀਆਂ ਵਲਗਣਾਂ ਤੋਂ ਬਾਹਰ ਸਿਆਸੀ ਸੰਘਰਸ਼ ਵਾਲੀ ਲੀਹ 'ਤੇ ਲਵੇ ਜਿਹੜੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਪੰਜਾਬ ਦੇ ਮੂਲ ਦਾਅਵੇ ਨੂੰ ਬਹਾਲ ਕਰਨ ਉੱਤੇ ਕੇਂਦ੍ਰਿਤ ਹੋਵੇ? (ਸਮਾਪਤ)

-ਸੰਪਰਕ: 098882-70651
ਲੇਖਕ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਾਬਕਾ ਕੌਮੀ ਪ੍ਰਧਾਨ ਹੈ।

ਪਿਛਲੀ ਖ਼ਬਰ ਕੌਮਾਂਤਰੀ ਪੱਧਰ 'ਤੇ ਬਾਲ ਪੁਸਤਕਾਂ ਦਾ ਮਹੱਤਵ ਅਗਲੀ ਖ਼ਬਰ ਦੁਨੀਆ ਨੂੰ ਤਬਾਹ ਕਰ ਸਕਦਾ ਹੈ ਡੋਨਾਲਡ ਟਰੰਪ ਦਾ ਜੰਗੀ ਜਨੂੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।