25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬੇਲੋੜਾ ਟਕਰਾਅ ਪੈਦਾ ਕਰ ਰਹੀ ਹੈ ਭਾਜਪਾ

ਬੇਲੋੜਾ ਟਕਰਾਅ ਪੈਦਾ ਕਰ ਰਹੀ ਹੈ ਭਾਜਪਾ

ਅਜੀਤ ਡੈਸਕ 25-08-2026

ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੇ ਬਹੁਤੇ ਹਿੱਸਿਆਂ 'ਤੇ ਪ੍ਰਸ਼ਾਸਨ ਚਲਾ ਰਹੀ ਹੈ | ਸੰਸਦ ਵਿਚ ਕੋਈ ਕਾਨੂੰਨ ਪਾਸ ਕਰਾਉਣ ਲਈ ਉਸ ਨੂੰ  ਬਹੁਤੀ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਕੋਈ ਵੀ ਸੰਵਿਧਾਨਕ ਸੋਧ ਕਰਨ ਲਈ ਸੰਸਦ ਵਿਚ ਉਸ ਲਈ ਦੋ ਤਿਹਾਈ ਬਹੁਮਤ ਪ੍ਰਾਪਤ ਕਰਨਾ ਜ਼ਰੂਰੀ ਹੈ | ਇਸ ਸਮੇਂ ਉਸ ਕੋਲ ਲੋਕ ਸਭਾ ਤੇ ਰਾਜ ਸਭਾ ਵਿਚ ਏਨਾ ਬਹੁਮਤ ਮੌਜੂਦ ਨਹੀਂ ਹੈ, ਪਰ ਉਹ ਲਗਾਤਾਰ ਇਸ ਟੀਚੇ 'ਤੇ ਪੁੱਜਣ ਲਈ ਵੱਡਾ ਜ਼ੋਰ ਲਾ ਰਹੀ ਹੈ ਤੇ ਆਪਣਾ ਹਰ ਹਰਬਾ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰ ਰਹੀ | ਇਸੇ ਸੋਚ ਅਧੀਨ ਉਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਸਮੇਂ ਲੋਕਾਂ ਨੂੰ  ਪ੍ਰਭਾਵਿਤ ਕਰਨ ਵਾਲੇ ਬੰਕਿਮ ਚੰਦਰ ਚੈਟਰਜੀ ਵਲੋਂ ਲਿਖੇ ਗਏ ਗੀਤ 'ਵੰਦੇ ਮਾਤਰਮ' ਨੂੰ  ਗਾਉਣ ਸੰਬੰਧੀ ਨੱਬੇ ਵਰ੍ਹੇ ਪਹਿਲਾਂ ਬਣੀ ਆਮ ਸਹਿਮਤੀ ਨੂੰ  ਰੱਦ ਕਰ ਕੇ ਹੁਣ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ |ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਲ 1937 ਵਿਚ ਮਹਾਤਮਾ ਗਾਂਧੀ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਪੰਡਤ ਜਵਾਹਰ ਲਾਲ ਨਹਿਰੂ 'ਤੇ ਅਧਾਰਿਤ ਬਣੀ ਇਕ ਕਮੇਟੀ ਨੇ ਆਮ ਸਹਿਮਤੀ ਨਾਲ ਇਸ ਗੀਤ ਦੀ ਭਾਵਨਾ ਦਾ ਪੂਰਾ ਸਨਮਾਨ ਕਰਦਿਆਂ, ਇਸ ਦੇ ਪਹਿਲੇ ਦੋ ਬੰਦਾਂ ਨੂੰ  ਹੀ ਗਾਉਣ ਦਾ ਫ਼ੈਸਲਾ ਲਿਆ ਸੀ | ਉਂਝ ਇਸ ਗੀਤ ਦੇ ਛੇ ਬੰਦ ਹਨ, ਜਿਨ੍ਹਾਂ 'ਚੋਂ ਪਹਿਲੇ ਦੋ ਬੰਦਾਂ ਵਿਚ ਭਾਰਤ ਮਾਤਾ ਦੀ ਉਸਤਤ ਕੀਤੀ ਗਈ ਹੈ ਤੇ ਪਿਛਲੇ ਚਾਰ ਭਾਗਾਂ ਵਿਚ ਦੇਵੀ ਦੁਰਗਾ ਅਤੇ ਸਰਸਵਤੀ ਦਾ ਗੁਣਗਾਨ ਕੀਤਾ ਗਿਆ ਹੈ | ਉਸ ਸਮੇਂ ਇਸ ਪਿਛਲੇ ਚਾਰ ਬੰਦਾਂ ਸੰਬੰਧੀ ਮੁਸਲਿਮ ਭਾਈਚਾਰੇ ਵਲੋਂ ਇਤਰਾਜ਼ ਉਠਾਏ ਗਏ ਸਨ | ਉਸ ਸਮੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦਿਆਂ ਇਕ ਆਮ ਸਹਿਮਤੀ ਬਣਾਉਣ ਲਈ ਇਸ ਦੇ ਦੋ ਬੰਦਾਂ ਨੂੰ  ਹੀ ਕੌਮੀ ਗੀਤ ਵਜੋਂ ਪ੍ਰਵਾਨਿਆ ਗਿਆ ਸੀ | ਇਸ ਦੇ ਨਾਲ ਹੀ ਜਨ-ਗਣ-ਮਨ ਨੂੰ  ਕੌਮੀ ਗਾਨ ਵਜੋਂ ਮਾਨਤਾ ਦਿੱਤੀ ਗਈ ਸੀ | ਉਦੋਂ ਤੋਂ ਹੀ ਕਾਂਗਰਸ ਦੇ ਸੈਸ਼ਨਾਂ ਵਿਚ ਅਤੇ ਹੋਰ ਹਰ ਤਰ੍ਹਾਂ ਦੇ ਸਮਾਗਮਾਂ ਵਿਚ ਕੌਮੀ ਗਾਨ ਦੇ ਨਾਲ-ਨਾਲ ਇਸ ਕੌਮੀ ਗੀਤ ਦੇ ਦੋ ਬੰਦਾਂ ਨੂੰ  ਹੀ ਗਾਇਆ ਜਾਂਦਾ ਰਿਹਾ ਹੈ | ਹੁਣ ਦੀ ਭਾਜਪਾ ਤੇ ਉਸ ਦੇ ਵਡੇਰਿਆਂ ਦਾ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤਾ ਹਿੱਸਾ ਨਹੀਂ ਸੀ ਰਿਹਾ, ਸਗੋਂ ਉਨ੍ਹਾਂ ਨੇ ਉਸ ਸਮੇਂ ਵੀ ਆਪਣੇ ਹਿੰਦੁਤਵ ਦੇ ਏਜੰਡੇ ਨੂੰ  ਹੀ ਅਪਣਾਈ ਰੱਖਣ 'ਚ ਬਿਹਤਰੀ ਸਮਝੀ ਸੀ | ਪਰ ਹੁਣ ਜਦੋਂ ਦੇਸ਼ ਵਿਚ ਭਾਜਪਾ ਦਾ ਬੋਲਬਾਲਾ ਹੈ ਤਾਂ ਇਸ ਨੇ ਆਪਣੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਏਜੰਡਿਆਂ ਨੂੰ  ਪੂਰਾ ਕਰਨ ਲਈ ਆਪਣਾ ਜ਼ੋਰ ਲਾਇਆ ਹੋਇਆ ਹੈ | ਇਸੇ ਲਈ ਸੰਸਦ 'ਚ ਆਪਣੀ ਸਥਿਤੀ ਨੂੰ  ਦੇਖਦਿਆਂ ਇਸ ਨੇ ਵੰਦੇ ਮਾਤਰਮ ਦਾ ਪੂਰਾ ਗੀਤ ਗਾਉਣ ਲਈ ਕਾਨੂੰਨ ਪਾਸ ਕਰਵਾ ਕੇ ਇਕ ਅਜਿਹਾ ਬੇਲੋੜਾ ਵਿਵਾਦ ਛੇੜ ਦਿੱਤਾ ਹੈ, ਜੋ ਵੱਖ-ਵੱਖ ਫਿਰਕਿਆਂ ਵਿਚ ਨਫ਼ਰਤ ਨੂੰ  ਹੋਰ ਭੜਕਾਉਣ ਦਾ ਕਾਰਨ ਬਣ ਸਕਦਾ ਹੈ | ਚਾਹੇ ਭਾਜਪਾ ਕਾਂਗਰਸ ਉੱਤੇ ਆਪਣੇ ਵੋਟ ਬੈਂਕ ਲਈ ਫਿਰਕੂ ਤੁਸ਼ਟੀਕਰਨ ਦੀ ਸਿਆਸਤ ਕਰਨ ਦਾ ਦੋਸ਼ ਲਾ ਰਹੀ ਹੈ, ਪਰ ਅਸੀਂ ਸਮਝਦੇ ਹਾਂ ਕਿ ਆਪਣੀਆਂ ਇਨ੍ਹਾਂ ਕਾਰਵਾਈਆਂ ਨਾਲ ਉਹ ਖ਼ੁਦ ਦੇਸ਼ ਅੰਦਰ ਫਿਰਕੂ ਭਾਵਨਾਵਾਂ ਨੂੰ  ਭੜਕਾ ਕੇ ਆਪਣੇ ਲਈ ਬਹੁਗਿਣਤੀ ਹਿੰਦੂ ਵੋਟ ਬੈਂਕ ਨੂੰ  ਸਾਧਣ ਦਾ ਯਤਨ ਕਰ ਰਹੀ ਹੈ | ਇਸ ਦੇਸ਼ 'ਚ 24 ਕਰੋੜ ਮੁਸਲਿਮ ਫਿਰਕੇ ਦੇ ਲੋਕ ਰਹਿ ਰਹੇ ਹਨ | ਭਾਜਪਾ ਆਪਣੀ ਵੋਟ ਰਾਜਨੀਤੀ ਨੂੰ  ਮੁੱਖ ਰੱਖ ਕੇ ਇਸ ਫਿਰਕੇ ਨੂੰ  ਬੁਰੀ ਤਰ੍ਹਾਂ ਅਣਗੌਲਿਆਂ ਕਰਦੀ ਹੋਈੇ ਬਹੁਗਿਣਤੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਵੋਟਰਾਂ ਨੂੰ  ਭਾਵੁਕ ਕਰ ਕੇ ਆਪਣੇ ਪੱਖ 'ਚ ਕਰ ਰਹੀ ਹੈ |

ਅਸੀਂ ਸਮਝਦੇ ਹਾਂ ਕਿ ਇਹ ਆਜ਼ਾਦੀ ਲਈ ਚੱਲੇ ਸਾਂਝੇ ਸੰਘਰਸ਼, ਜਿਸ ਵਿਚ ਲੋਕਾਂ ਦੇ ਵੱਖ-ਵੱਖ ਵਰਗਾਂ ਦੀ ਸ਼ਮੂਲੀਅਤ ਸੀ ਅਤੇ ਇਸ ਤੋਂ ਬਾਅਦ ਅਪਣਾਏ ਗਏ ਜਮਹੂਰੀ ਤੇ ਧਰਮ ਨਿਰਪੱਖ ਸੰਵਿਧਾਨ ਦੇ ਨਾਲ ਦੇਸ਼ ਵਿਚ ਅਜਿਹਾ ਮਾਹੌਲ ਬਣਿਆ ਹੈ, ਜਿਸ ਦੇ ਉਲਟ ਜਾ ਕੇ ਕਿਸੇ ਭਾਈਚਾਰੇ ਜਾਂ ਜਮਾਤ ਵਲੋਂ ਫਿਰਕੂ ਭਾਵਨਾਵਾਂ ਨੂੰ  ਅਪਣਾ ਕੇ ਅੱਜ ਵੀ ਦੇਸ਼ ਦੇ ਬਹੁਤੇ ਲੋਕਾਂ ਦੀ ਪ੍ਰਵਾਨਗੀ ਹਾਸਿਲ ਨਹੀਂ ਕੀਤੀ ਜਾ ਸਕਦੀ | ਇਸ ਦੇ ਉਲਟ ਅਸੀਂ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਆਰਥਿਕ ਨੀਤੀਆਂ ਤੇ ਵਿਕਾਸ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਦੀ ਪ੍ਰਸੰਸਾ ਵੀ ਕਰਦੇ ਰਹੇ ਹਾਂ | ਇਸ ਲਈ ਅਸੀਂ ਉਸ ਨੂੰ , ਆਪਣੀਆਂ ਨੀਤੀਆਂ ਦਾ ਆਧਾਰ ਭਾਰਤ ਦੀ ਅਸਲ ਤਸਵੀਰ ਨੂੰ  ਸਾਹਮਣੇ ਰੱਖ ਕੇ ਗੁਰਬਤ ਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੂਰ ਕਰਨ ਲਈ ਸਫ਼ਲ ਯੋਜਨਾਵਾਂ ਬਣਾ ਕੇ ਦੇਸ਼ ਨੂੰ  ਆਧੁਨਿਕ ਸੋਚ ਅਨੁਸਾਰ ਵਿਕਾਸ ਦੇ ਰਾਹ 'ਤੇ ਤੋਰਨ ਦੀ ਅਪੀਲ ਕਰਦੇ ਹਾਂ | ਬਿਨਾਂ ਸ਼ੱਕ ਕਿਸੇ ਵੀ ਤਰ੍ਹਾਂ ਦੀਆਂ ਫਿਰਕੂ ਭਾਵਨਾਵਾਂ ਦਾ ਪਸਾਰ ਆਧੁਨਿਕ ਵਿਕਾਸ ਉੱਪਰ ਕਾਲੇ ਬੱਦਲ ਛਾਉਣ ਦੇ ਸਮਾਨ ਹੋਵੇਗਾ, ਜਿਸ ਕਰਕੇ ਦੇਸ਼ ਦੀ ਚਮਕ ਧੁੰਦਲੀ ਹੁੰਦੀ ਨਜ਼ਰ ਆਏਗੀ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਸਾਡਾ ਮਨੋਰਥ ਨੌਜਵਾਨਾਂ ਵਿਚ ਜ਼ਿੰਦਗੀ ਲਈ ਵਿਸ਼ਵਾਸ ਅਤੇ ਲੋਕਾਂ ਲਈ ਮੁਹੱਬਤ ਪੈਦਾ ਕਰਨਾ ਹੋਣਾ ਚਾਹੀਦਾ ਹੈ | ¸ਮੈਕਸਿਮ ਗੋ... ਅਗਲੀ ਖ਼ਬਰ ਜੋ ਸਮੇਂ ਨਾਲ ਨਹੀਂ ਚਲਦਾ ਉਹ ਪਛੜ ਜਾਂਦਾ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।