18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵਿਗਿਆਨਕ ਖੇਤੀ ਦੇ ਰਾਹ ਦਸੇਰੇ ਹਨ ਪੀ.ਏ.ਯੂ. ਦੇ ਕਿਸਾਨ ਮੇਲੇ

ਵਿਗਿਆਨਕ ਖੇਤੀ ਦੇ ਰਾਹ ਦਸੇਰੇ ਹਨ ਪੀ.ਏ.ਯੂ. ਦੇ ਕਿਸਾਨ ਮੇਲੇ

ਅਜੀਤ ਡੈਸਕ 18-09-2026

ਕਿਸਾਨ ਮੇਲੇ 'ਤੇ ਵਿਸ਼ੇਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਨੇ ਆਪਣੀ ਸਥਾਪਨਾ ਤੋਂ ਹੀ ਕਿਸਾਨਾਂ ਨੂੰ  ਸੰਸਾਰ ਪੱਧਰ ਦੀਆਂ ਖੇਤੀ ਤਕਨੀਕਾਂ ਤੋਂ ਜਾਣੂ ਕਰਾਉਣ ਦਾ ਬੀੜਾ ਚੁੱਕਿਆ ਹੋਇਆ ਹੈ | ਯੂਨੀਵਰਸਿਟੀ ਦੇ ਕੁਝ ਮਾਹਿਰਾਂ ਨੇ ਮਹਿਸੂਸ ਕੀਤਾ ਕਿ ਹਰ ਸਾਲ ਰਬੀ ਤੇ ਖ਼ਰੀਫ਼ ਦੀਆਂ ਫ਼ਸਲਾਂ ਦੀ ਵਾਢੀ ਤੋਂ ਪਹਿਲਾਂ ਮੇਲਿਆਂ 'ਚ ਜਾਣ ਦਾ ਰਿਵਾਜ ਕਿਸਾਨੀ ਮਾਨਸਿਕਤਾ ਦਾ ਹਿੱਸਾ ਹੈ | ਜਦੋਂ ਪੁਰਾਣੇ ਮੇਲੇ ਧਾਰਮਿਕ ਅਸਥਾਨਾਂ 'ਤੇ ਲਗਦੇ ਸਨ ਤਾਂ ਕਿਸਾਨ ਫ਼ਸਲਾਂ ਦੀ ਵਾਢੀ ਲਈ ਸੰਦ ਬਹੇੜਾ, ਪਸ਼ੂ ਆਦਿ ਖਰੀਦਣ ਸਮੇਂ ਪਿਛਲੇ ਖੇਤੀ ਸੀਜ਼ਨ ਦੇ ਤਜਰਬੇ ਵੀ ਆਪਸ ਵਿਚ ਸਾਂਝੇ ਕਰ ਲੈਂਦੇ ਸਨ | ਮਾਹਿਰਾਂ ਨੇ ਏਸੇ ਤਰਜ਼ 'ਤੇ ਅਜੋਕੀ ਖੇਤੀ ਦੀ ਜਾਣਕਾਰੀ ਮੁਹੱਈਆ ਕਰਾਉਣ ਵਾਲੇ ਮੇਲੇ ਲਾਉਣ ਦੀ ਪਿਰਤ ਆਰੰਭ ਕੀਤੀ ਸੀ | ਅੱਜ ਇਸੇ ਰਵਾਇਤ ਦੇ ਚਲਦਿਆਂ ਕਿਸਾਨ ਮੇਲੇ ਪੀ.ਏ.ਯੂ. ਦੀ ਪਛਾਣ ਬਣ ਚੁੱਕੇ ਹਨ | ਕੁਝ ਸਾਲ ਪਹਿਲਾਂ ਵਿਸ਼ਵ ਬੈਂਕ ਦੇ ਇਕ ਅਧਿਕਾਰੀ ਨੇ ਮੇਲੇ 'ਚ ਸ਼ਾਮਿਲ ਹੋ ਕੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਸੀ ਕਿ ਏਨੇ ਕਿਸਾਨ ਬਿਨਾਂ ਕਿਸੇ ਸੱਦੇ ਦੇ ਆਪਣੇ ਮਕਸਦ ਲਈ ਕਿਵੇਂ ਇਕੱਤਰ ਹੋ ਜਾਂਦੇ ਹਨ? ਇਹ ਇਕੱਤਰਤਾ ਦਰਅਸਲ ਇਤਿਹਾਸ 'ਚ ਬਣਿਆ ਭਰੋਸਾ ਹੈ, ਜਿਹੜਾ ਪੀ.ਏ.ਯੂ. ਦੀ ਵਿਗਿਆਨਕ ਖੇਤੀ ਤੇ ਨਵੀਆਂ ਕਿਸਮਾਂ, ਮਸ਼ੀਨਰੀ, ਵਿਧੀਆਂ ਤੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਕਰਕੇ ਖੇਤੀ ਦਾ ਰਾਹ ਦਸੇਰਾ ਬਣਿਆ ਹੈ | ਪੀ.ਏ.ਯੂ. ਦੇ ਕੈਂਪਸ ਵਿਚ ਲੱਗਣ ਵਾਲੇ ਮੁੱਖ ਕਿਸਾਨ ਮੇਲੇ ਦੌਰਾਨ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਸਿਰਫ਼ ਮੇਲਾ  ਦੇਖਣ ਲਈ ਨਹੀਂ, ਸਗੋਂ ਮਾਹਿਰਾਂ ਦੀਆਂ ਕੀਮਤੀ ਸਲਾਹਾਂ ਲੈਣ ਅਤੇ ਪਿਛਲੇ 6 ਮਹੀਨਿਆਂ ਦੌਰਾਨ ਆਉਂਦੀ ਫਸਲ ਲਈ ਕੀਤੀਆਂ ਖੋਜਾਂ ਤੇ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਦੇਖਣ ਲਈ ਜੁੜਦਾ ਹੈ | ਇਸ ਤੋਂ ਇਲਾਵਾ ਕਿਸਾਨ ਵਿਕਸਿਤ ਫ਼ਸਲਾਂ ਦੀਆਂ ਕਿਸਮਾਂ ਦੇ ਬੀਜਾਂ, ਫਲਦਾਰ ਪੌਦਿਆਂ ਤੇ ਨਵੀਂ ਮਸ਼ੀਨਰੀ ਦੇ ਸਟਾਲ ਦੇਖਣ ਲਈ ਹੁੰਮ-ਹੁਮਾ ਕੇ ਪਹੁੰਚਦੇ ਹਨ | ਖੇਤੀ ਸਾਹਿਤ ਨਾਲ ਜੁੜਨ ਦਾ ਵਸੀਲਾ ਪੀ.ਏ.ਯੂ. ਦੇ ਕਿਸਾਨ ਮੇਲੇ ਬਹੁਤ ਸਾਲਾਂ ਤੋਂ ਬਣੇ ਹੋਏ ਹਨ |
ਪੰਜਾਬ ਦੇ ਖੇਤੀ ਵਿਕਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੀ.ਏ.ਯੂ. ਦੇ ਕਿਸਾਨ ਮੇਲਿਆਂ ਨੇ ਕਿਸੇ ਵੀ ਹੋਰ ਤਿਉਹਾਰ ਵਾਂਗ ਸਾਡੇ ਕਿਸਾਨ ਦੇ ਮਨ 'ਚ ਨਵੀਂ ਵਿਗਿਆਨਿਕ ਖੇਤੀ ਦੀ ਜਾਗ ਲਾਉਣ 'ਚ ਭਰਪੂਰ ਯੋਗਦਾਨ ਪਾਇਆ ਹੈ | ਪੰਜਾਬ ਦਾ ਖੇਤੀ ਵਿਕਾਸ ਪੀ.ਏ.ਯੂ. ਦੇ ਕਿਸਾਨ ਮੇਲਿਆਂ 'ਚ ਦਿੱਤੀਆਂ ਜਾਂਦੀਆਂ ਪਸਾਰ ਸਰਗਰਮੀਆਂ ਨਾਲੋਂ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ | ਇਸੇ ਲਈ ਇਹ ਕਿਸਾਨ ਮੇਲੇ ਇਸ ਖਿੱਤੇ 'ਚ ਖੇਤੀ ਨੂੰ  ਹੋਰ ਅਗੇਰੇ ਵਧਾਉਣ ਲਈ ਉਤਸਵ ਵਾਂਗ ਮਨਾਏ ਜਾਂਦੇ ਹਨ | ਇਸ ਵਾਰ ਦੇ ਕਿਸਾਨ ਮੇਲੇ 9 ਸਤੰਬਰ ਤੋਂ ਸ਼ੁਰੂ ਹੋਏ ਸਨ, ਪਹਿਲਾ ਮੇਲਾ ਨਾਗ ਕਲਾਂ ਅੰਮਿ੍ਤਸਰ ਵਿਚ ਲੱਗਾ | ਫਿਰ 11 ਸਤੰਬਰ ਨੂੰ  ਬੱਲੋਵਾਲ ਸੌਂਖੜੀ ਮੇਲੇ 'ਚ ਕੰਢੀ ਖੇਤਰ ਦੇ ਕਿਸਾਨਾਂ ਨਾਲ ਵਿਚਾਰਾਂ ਹੋਣ ਬਾਅਦ 15 ਸਤੰਬਰ ਨੂੰ  ਪਟਿਆਲਾ ਵਿਚ ਪੁਆਧ ਦੀ ਖੇਤੀ ਮਾਹਿਰਾਂ ਨੇ ਨੁਕਤੇ ਸਾਂਝੇ ਕੀਤੇ | ਹੁਣ 18 ਤੇ 19 ਸਤੰਬਰ ਨੂੰ  ਪੀ.ਏ.ਯੂ. ਦੇ ਮੁੱਖ ਕੈਂਪਸ ਵਿਖੇ ਮੇਲਾ ਲੱਗਾ ਹੈ, ਜਿਸ ਤੋਂ ਬਾਅਦ 22 ਨੂੰ  ਫਰੀਦਕੋਟ, 25 ਤਰੀਕ ਨੂੰ  ਬਠਿੰਡੇ ਤੇ 29 ਨੂੰ  ਗੁਰਦਾਸਪੁਰ ਕਿਸਾਨ ਮੇਲਾ ਲੱਗੇਗਾ | ਇਨ੍ਹਾਂ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਤੇ ਵਿਗਿਆਨੀਆਂ ਨੂੰ  ਇਕੋ ਸਥਾਨ 'ਤੇ ਖੇਤੀ ਨਾਲ ਸੰਬੰਧਿਤ ਮੁਸ਼ਕਿਲਾਂ, ਸਮੱਸਿਆਵਾਂ ਦੇ ਨਾਲ-ਨਾਲ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਬਾਰੇ ਵਿਚਾਰ ਕਰਨ ਦਾ ਇਕ ਮੰਚ ਮੁਹੱਈਆ ਕੀਤਾ ਜਾਂਦਾ ਹੈ | ਕਿਸਾਨ ਮੇਲੇ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ | ਜਦਕਿ ਮਾਹਿਰਾਂ ਵਲੋਂ ਕਿਸਾਨਾਂ ਨੂੰ  ਨਵੀਆਂ ਕਾਢਾਂ ਤੇ ਖੇਤੀ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਜਨਕ ਜਵਾਬ ਦੇ ਕੇ ਇਸ ਯੋਗ ਬਣਾਇਆ ਜਾਂਦਾ ਹੈ, ਕਿ ਉਹ ਆਉਂਦੀ ਫਸਲ ਤੋਂ ਆਪਣੇ ਉੱਦਮ ਨਾਲ ਵੱਧ ਤੋਂ ਵੱਧ ਝਾੜ ਲੈ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਣ | ਇਸ ਦੇ ਨਾਲ ਹੀ ਖੇਤੀ ਤੇ ਹੋਰ ਕਿੱਤਿਆਂ ਬਾਰੇ ਨਵੀਂ ਜਾਣਕਾਰੀ ਵੀ ਕਿਸਾਨਾਂ ਨੂੰ  ਪਹੁੰਚਾਉਣ ਦਾ ਕਾਰਜ ਇਹ ਕਿਸਾਨ ਮੇਲੇ ਕਰਦੇ ਹਨ | 
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕਿਸਾਨ ਮੇਲਿਆਂ ਨੇ ਖੇਤੀ ਪ੍ਰਤੀ ਕਿਸਾਨਾਂ ਦੇ ਵਿਹਾਰ ਨੂੰ  ਤਬਦੀਲ ਕਰਨ 'ਚ ਜਿੱਡਾ ਵੱਡਾ ਯੋਗਦਾਨ ਪਾਇਆ ਹੈ, ਇਸ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਹੋਰ ਇਲਾਕੇ 'ਚ ਮਿਲਣੀ ਅਸੰਭਵ ਦੇ ਬਰਾਬਰ ਹੋਵੇਗੀ | ਇਸ ਮੇਲੇ ਦਾ ਇਕ ਹੋਰ ਉਭਰਵਾਂ ਪੱਖ ਇੱਥੇ ਲਗਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ, ਜਿਸ ਵਿਚ ਪ੍ਰਾਈਵੇਟ ਸੈਕਟਰ ਵਲੋਂ ਨਵੀਂ ਖੇਤ ਮਸ਼ੀਨਰੀ, ਸੰਦ ਤੇ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ | ਇਸ ਸਮੇਂ ਇਨ੍ਹਾਂ ਮੇਲਿਆਂ ਦਾ ਕੋਈ ਬਦਲ ਨਹੀਂ ਹੈ, ਇਹ ਕਿਸਾਨ ਮੇਲੇ ਪੰਜਾਬ ਦੀ ਕਿਸਾਨੀ ਦੀ ਜੀਵਨਰੇਖਾ ਸਾਬਤ ਹੋ ਰਹੇ ਹਨ | ਮੇਲਿਆਂ ਦੀ ਸਫਲਤਾ ਇਸ ਗੱਲੋਂ ਵੀ ਸਾਬਤ ਹੁੰਦੀ ਹੈ ਕਿ ਮੇਲਿਆਂ 'ਚੋਂ ਗਿਆਨ ਹਾਸਲ ਕਰਕੇ ਆਪਣੇ ਜੀਵਨ ਪੱਧਰ ਨੂੰ  ਉੱਚਾ ਚੁੱਕਣ ਵਾਲੇ ਕਿਸਾਨਾਂ ਦੀ ਗਿਣਤੀ ਆਏ ਸਾਲ ਵਧ ਰਹੀ ਹੈ | ਬੀਬੀਆਂ ਵਲੋਂ ਬਣਾਏ ਸਵੈ-ਸੇਵੀ ਸਮੂਹਾਂ ਦੇ ਸਟਾਲ ਆਪਣੇ ਆਪ 'ਚ ਕਿਸਾਨ ਬੀਬੀਆਂ ਵਲੋਂ ਪਰਿਵਾਰਾਂ ਦੀ ਆਰਥਿਕਤਾ 'ਚ ਪਾਏ ਯੋਗਦਾਨ ਨੂੰ  ਦਰਸਾਉਂਦੇ ਹਨ |

-ਸੰਚਾਰ ਕੇਂਦਰ | 
ਮੋਬਾਈਲ : 94654-64502

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਹਿਚਾਣ ਮਿਲੀ- ਮਲੂਕਾ ਅਗਲੀ ਖ਼ਬਰ ਚੋਰੀ ਦੇ ਮਾਮਲੇ ਵਿਚ ਅਪਰਾਧੀਆਂ ’ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।