22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬ ਦੀ ਪੁਨਰ ਸੁਰਜੀਤੀ ਵਿਚੋਂ ਨਿਕਲੇਗਾ ਨਸ਼ਿਆਂ ਦੀ ਮਹਾਂਮਾਰੀ ਦਾ ਹੱਲ

ਪੰਜਾਬ ਦੀ ਪੁਨਰ ਸੁਰਜੀਤੀ ਵਿਚੋਂ ਨਿਕਲੇਗਾ ਨਸ਼ਿਆਂ ਦੀ ਮਹਾਂਮਾਰੀ ਦਾ ਹੱਲ

ਅਜੀਤ ਡੈਸਕ 23-10-2026

(ਕੱਲ੍ਹ ਤੋਂ ਅੱਗੇ)

ਪੰਜਾਬ ਵਿਚ ਦਹਾਕਿਆਂ ਤੱਕ ਰਹੀਆਂ ਅਜਿਹੀਆਂ ਸਮਾਜਿਕ, ਆਰਥਿਕ ਤੇ ਰਾਜਨੀਤਕ ਸਥਿਤੀਆਂ ਕਾਰਨ ਅੱਜ ਦੀ ਅਜੋਕੀ ਵਿਸਫੋਟਕ ਸਥਿਤੀ ਉਤਪੰਨ ਹੋਈ ਹੈ | ਇਹ ਗੱਲ ਆਮ ਹੀ ਮੰਨੀ ਜਾਂਦੀ ਹੈ ਕਿ ਜਦੋਂ ਕਿਸੇ ਦੇਸ਼ ਜਾਂ ਪ੍ਰਾਂਤ ਦੀ ਆਰਥਿਕਤਾ ਵਿਚ ਖੜੋਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋਣ ਲੱਗਦਾ ਹੈ | ਲੋਕ ਆਪਣੀ ਜ਼ਿੰਦਗੀ ਦੀ ਤੋਰ ਨੂੰ  ਬਣਾਈ ਰੱਖਣ ਲਈ ਜਾਇਜ਼-ਨਾਜਾਇਜ਼ ਢੰਗ ਨਾਲ ਪੈਸਾ ਕਮਾਉਣ ਵਾਲੇ ਪਾਸੇ ਤੁਰ ਪੈਂਦੇ ਹਨ | ਇਸ ਨਾਲ ਭਿ੍ਸ਼ਟਾਚਾਰ ਵਧਦਾ ਹੈ ਤੇ 2 ਨੰਬਰ ਦੇ ਧੰਦਿਆਂ ਵਿਚ ਉਛਾਲ ਆਉਂਦਾ ਹੈ ਜੁਰਮ ਵੀ ਵਧਣ ਲੱਗਦੇ ਹਨ | ਅੱਜ ਪੰਜਾਬ ਵਿਚ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ | ਨੌਜਵਾਨਾਂ ਨੂੰ  ਸਰਕਾਰਾਂ ਚੰਗੀ ਸਿੱਖਿਆ ਦੇ ਕੇ ਰੁਜ਼ਗਾਰ ਹਾਸਿਲ ਕਰਨ ਦੇ ਸਮਰੱਥ ਨਹੀਂ ਬਣਾ ਸਕੀਆਂ | ਰਾਜ ਵਿਚ ਖੇਤੀ ਤੋਂ ਬਾਹਰ ਰੁਜ਼ਗਾਰ ਦੇ ਮੌਕੇ ਨਹੀਂ ਵਧਾਏ ਜਾ ਸਕੇ | ਇਸੇ ਕਾਰਨ ਨੌਜਵਾਨਾਂ ਦਾ ਇਕ ਵੱਡਾ ਵਰਗ ਵਿਦੇਸ਼ਾਂ ਨੂੰ  ਹਿਜਰਤ ਕਰ ਗਿਆ, ਇਕ ਹੋਰ ਵੱਡਾ ਵਰਗ ਗੈਂਗਸਟਰਵਾਦ, ਨਸ਼ੇ ਖਾਣ ਅਤੇ ਨਸ਼ੇ ਵੇਚਣ ਅਤੇ ਡਾਕੇ ਧਾੜੇ ਮਾਰਨ ਵੱਲ ਰੁਚਿਤ ਹੋ ਗਿਆ | ਇਸੇ ਕਾਰਨ ਹੀ ਕਦੇ ਪੈਟਰੋਲ ਪੰਪ ਲੁੱਟੇ ਜਾਂਦੇ ਹਨ, ਕਦੇ ਏ.ਟੀ.ਐਮ ਪੁੱਟੇ ਜਾਂਦੇ ਹਨ ਅਤੇ ਕਦੇ ਲੋਕਾਂ ਤੋਂ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ ਤੇ ਸੜਕਾਂ 'ਤੇ ਝਪਟਮਾਰੀ ਹੁੰਦੀ ਹੈ | ਨੌਜਵਾਨ ਸ਼ਕਤੀ ਕਿਸੇ ਦੇਸ਼ ਦਾ ਅਸਾਸਾ ਵੀ ਹੁੰਦੀ ਹੈ ਪਰ ਸਾਡੇ ਦੇਸ਼, ਖ਼ਾਸ ਕਰਕੇ ਪੰਜਾਬ ਵਿਚ ਇਹ ਰਾਜ ਲਈ ਮੁਸੀਬਤ ਬਣਦੀ ਨਜ਼ਰ ਆ ਰਹੀ ਹੈ | ਨਸ਼ਿਆਂ ਦੇ ਵਧ ਰਹੇ ਪ੍ਰਚਲਣ ਅਤੇ ਨਸ਼ਿਆਂ ਦੀ ਸਪਲਾਈ ਅਤੇ ਨਸ਼ਿਆਂ ਦੀ ਰਾਜ ਅੰਦਰ ਤਸਕਰੀ ਦੀ ਸਮੱਸਿਆ ਨੂੰ  ਇਸ ਸੰਦਰਭ ਵਿਚ ਵੀ ਵੇਖਣ ਤੇ ਸਮਝਣ ਦੀ ਵੱਡੀ ਲੋੜ ਹੈ | ਨੌਜਵਾਨਾਂ ਨੂੰ  ਰਾਜ ਵਿਚ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਤੇ ਉਹ ਹਤਾਸ਼ ਹੋ ਗਏ ਹਨ |

ਅੱਜ ਰਾਜ ਵਿਚ ਜਦੋਂ ਕਿ ਵਿਧਾਨ ਸਭਾ ਦੀਆਂ ਚੋਣਾਂ ਨੂੰ  ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ, ਤਾਂ ਸੱਤਾਧਾਰੀ ਪਾਰਟੀ ਵਲੋਂ ਅਤੇ ਰਾਜ ਵਿਚ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੀਆਂ ਹੋਰ ਰਾਜਨੀਤਕ ਪਾਰਟੀਆਂ ਵਲੋਂ ਬੜੇ ਜ਼ੋਰਦਾਰ ਢੰਗ ਨਾਲ ਨਸ਼ਿਆਂ ਦੀ ਸਮੱਸਿਆ ਨੂੰ  ਉਭਾਰਿਆ ਜਾ ਰਿਹਾ ਹੈ | ਸਿਆਸਤਦਾਨ ਨਸ਼ਿਆਂ ਤੋਂ ਵੱਖ-ਵੱਖ ਢੰਗਾਂ ਨਾਲ ਪੀੜਤ ਹੋ ਰਹੇ ਲੋਕਾਂ ਦੇ ਘਰਾਂ 'ਚ ਗੇੜੇ ਮਾਰ ਕੇ ਉਨ੍ਹਾਂ ਨੂੰ  ਇਹ ਆਖ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਉਹ ਕੁਝ ਮਹੀਨਿਆਂ ਵਿਚ ਹੀ ਰਾਜ ਵਿਚੋਂ ਨਸ਼ਿਆਂ ਦਾ ਪ੍ਰਚਲਣ ਬੰਦ ਕਰਵਾ ਦੇਣਗੇ | ਇਥੇ ਵਰਨਣਯੋਗ ਹੈ ਕਿ ਰਾਜ ਦੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੇ ਲੋਕਾਂ ਨਾਲ ਪਹਿਲੀ ਵਾਰ ਇਸ ਤਰ੍ਹਾਂ ਦੇ ਵਾਅਦੇ ਨਹੀਂ ਕੀਤੇ, ਬਲਕਿ 2012, 2017 ਅਤੇ 2022 ਵਿਚ ਹੋਈਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਨਸ਼ਿਆਂ ਦਾ ਪ੍ਰਚਲਣ ਇਕ ਭੱਖਵਾਂ ਮੁੱਦਾ ਰਿਹਾ ਹੈ | ਉਸ ਸਮੇਂ ਦੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਨੇ ਇਕ ਰੈਲੀ ਵਿਚ ਆਪਣੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਇਹ ਸਹੁੰ ਖਾਧੀ ਸੀ ਕਿ ਇਕ ਮਹੀਨੇ ਵਿਚ ਹੀ ਨਸ਼ਿਆਂ ਦੀ ਬੁਰਾਈ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ | ਪਰ ਉਸ ਤੋਂ ਬਾਅਦ 2022 ਵਿਚ ਵੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਆਦਿ ਪਾਰਟੀਆਂ ਚੋਣਾਂ ਲੜਨ ਸਮੇਂ ਲੋਕਾਂ ਨਾਲ ਅਜਿਹੇ ਵਾਅਦੇ ਕਰਦੀਆਂ ਰਹੀਆਂ ਹਨ | ਹੁਣ 2027 ਦੀਆਂ ਚੋਣਾਂ ਤੇ ਸੰਦਰਭ ਵਿਚ ਵੀ ਨਸ਼ਿਆਂ ਦਾ ਪ੍ਰਚਲਣ ਰਾਜ ਵਿਚ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ | ਪਰ ਰਾਜ ਦੀ ਹਾਲਤ ਸ਼ਾਦ ਲਖਨਵੀ ਦੇ ਇਸ ਸ਼ੇਅਰ ਵਰਗੀ ਹੈ ਕਿ 'ਮਰਜ਼ ਬੜਤਾ ਗਯਾ, ਜਿਉਂ-ਜਿਉਂ ਦਵਾ ਕੀ' | ਸਾਡੀ ਇਸ ਸੰਦਰਭ ਵਿਚ ਸਪੱਸ਼ਟ ਰਾਇ ਹੈ ਕਿ ਨਸ਼ਿਆਂ ਦਾ ਪ੍ਰਚਲਣ ਰੋਕਣ ਲਈ ਰਾਜ ਨੂੰ  ਸਰਹੱਦ ਪਾਰੋਂ ਅਤੇ ਦੇਸ਼ ਦੇ ਅੰਦਰੋਂ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਸਪਲਾਈ ਨੂੰ  ਰੋਕਣ ਲਈ ਪ੍ਰਭਾਵੀ ਯਤਨ ਤਾਂ ਕੀਤੇ ਜਾਂਦੇ ਹੀ ਰਹਿਣੇ ਚਾਹੀਦੇ ਹਨ, ਪਰ ਦੇਸ਼ ਦੇ ਅੰਦਰ ਹੀ ਜੋ ਫਾਰਮਾਸਿਊਟੀਕਲ ਨਸ਼ਿਆਂ ਦਾ ਉਤਪਾਦਨ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਜੋ ਨਸ਼ਿਆਂ ਵਜੋਂ ਦੁਰਵਰਤੋਂ ਹੋ ਰਹੀ ਹੈ,ਉਸ ਨੂੰ  ਵੀ ਪ੍ਰਭਾਵੀ ਢੰਗ ਨਾਲ ਰੋਕਣ ਦੀ ਜ਼ਰੂਰਤ ਹੈ | ਜਿਸ ਤਰ੍ਹਾਂ ਕਿ ਅਸੀਂ ਉੱਪਰ ਜ਼ਿਕਰ ਕੀਤਾ ਹੈ ਕਿ ਉਪਰੋਕਤ ਸਾਰੇ ਕਦਮ ਪ੍ਰਸ਼ਾਸਨਿਕ ਖੇਤਰ ਨਾਲ ਸੰਬੰਧਿਤ ਹਨ, ਪਰ ਇਸ ਸਮੱਸਿਆ ਦੇ ਸਮਾਜਿਕ ਅਤੇ ਆਰਥਿਕ ਪਹਿਲੂਆਂ ਵੱਲ ਵੀ ਧਿਆਨ ਦੇਣਾ ਓਨਾ ਹੀ ਜ਼ਿਆਦਾ ਜ਼ਰੂਰੀ ਹੈ | ਸਾਡੇ ਵਿਚਾਰ ਅਨੁਸਾਰ ਰਾਜ ਵਿਚ ਨਸ਼ਿਆਂ ਦੇ ਪ੍ਰਚਲਣ 'ਤੇ ਮੁਕੰਮਲ ਰੋਕ ਲਗਾਉਣ ਲਈ ਹੇਠ ਲਿਖੇ ਕਦਮ ਉਠਾਏ ਜਾਣੇ ਚਾਹੀਦੇ ਹਨ |
(1) ਕੇਂਦਰ ਅਤੇ ਰਾਜ ਸਰਕਾਰ ਆਪਸੀ ਸਹਿਯੋਗ ਨਾਲ ਨਸ਼ਿਆਂ ਦੀ ਸਪਲਾਈ ਦੇ ਸਾਰੇ ਸਰੋਤਾਂ ਤੇ ਰੂਟਾਂ ਨੂੰ  ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰਨ |
(2) ਰਾਜ ਦੇ ਨੌਜਵਾਨਾਂ ਨੂੰ  ਸਸਤੀਆਂ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆਂ ਕੀਤੀਆਂ ਜਾਣ | ਉਨ੍ਹਾਂ ਨੂੰ  ਸਿਹਤਮੰਦ ਤੇ ਹੁਨਰਮੰਦ ਬਣਾਇਆ ਜਾਵੇ |
(3) ਖੇਤੀ ਦੇ ਖੇਤਰ ਵਿਚ ਨਾ ਕੇਵਲ ਵਿਭਿੰਨਤਾ ਲਿਆਂਦੀ ਜਾਵੇ, ਸਗੋਂ ਖੇਤੀ ਆਧਾਰਿਤ ਅਤੇ ਹੋਰ ਸਨਅਤਾਂ ਲਗਾ ਕੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕਿਆਂ ਵਿਚ ਵੀ ਵੱਡੀ ਪੱਧਰ 'ਤੇ ਵਾਧਾ ਕੀਤਾ ਜਾਵੇ | 
(4) ਰਾਜ ਦੇ ਲੋਕਾਂ ਨੂੰ  ਨਸ਼ਿਆਂ ਦੇ ਪ੍ਰਚਲਣ ਵਿਰੁੱਧ ਖੜ੍ਹੇ ਕਰਨ, ਉਨ੍ਹਾਂ ਅੰਦਰ ਨੈਤਿਕ ਬਲ ਪੈਦਾ ਕਰਨ ਅਤੇ ਉਨ੍ਹਾਂ ਅੰਦਰ ਕਦਰਾਂ-ਕੀਮਤਾਂ ਦੀ ਮਜ਼ਬੂਤੀ ਲਈ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨ ਮਿਲ ਕੇ ਜਾਂ ਆਪੋ-ਆਪਣੀ ਪੱਧਰ 'ਤੇ ਇਕ ਜਨਤਕ ਲਹਿਰ ਖੜ੍ਹੀ ਕਰਨ | ਜਦੋਂ ਲੋਕ ਧਾਰਮਿਕ ਤੇ ਸਮਾਜਿਕ ਤੌਰ 'ਤੇ ਇਸ ਬੁਰਾਈ ਸੰਬੰਧੀ ਚੇਤੰਨ ਹੋਣਗੇ ਅਤੇ ਪਿੰਡ ਪੱਧਰ ਤੱਕ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੀਆਂ ਇਕਾਈਆਂ ਨਸ਼ਿਆਂ ਦੇ ਪ੍ਰਚਲਣ ਨੂੰ  ਰੋਕਣ ਲਈ ਮੈਦਾਨ ਵਿਚ ਉਤਰਨਗੀਆਂ ਤਾਂ ਵੱਡਿਆਂ ਤੋਂ ਲੈ ਕੇ ਛੋਟੇ ਪੱਧਰ ਦੇ ਤਸਕਰਾਂ ਵਿਚ ਡਰ ਪੈਦਾ ਹੋਵੇਗਾ | ਆਮ ਲੋਕ ਜੋ ਹੁਣ ਨਸ਼ੀਲੇ ਪਦਾਰਥਾਂ ਦੇ ਤਸਕਰਾਂ, ਮਾਫੀਆ ਗਰੋਹਾਂ ਤੇ ਮਾੜੇ ਪੁਲਿਸ ਵਾਲਿਆਂ ਦੇ ਦਲਾਲਾਂ ਦੀ ਗੁੰਡਾਗਰਦੀ ਤੇ ਦਹਿਸ਼ਤ ਕਾਰਨ ਘਰਾਂ ਵਿਚ ਵੜੇ ਹੋਏ ਹਨ, ਉਹ ਨਿਕਲ ਕੇ ਸਾਹਮਣੇ ਆਉਣਗੇ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ  ਭਾਜੜਾਂ ਪੈਣਗੀਆਂ | ਜੇ ਸਹੀ ਅਰਥਾਂ ਵਿਚ ਕਿਹਾ ਜਾਵੇ ਤਾਂ ਇਸ ਸਮੇਂ ਪੰਜਾਬ ਨੂੰ  ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਉਭਾਰਨ ਲਈ ਸਿੰਘ ਸਭਾ ਲਹਿਰ ਵਰਗੀ ਇਕ ਵਿਆਪਕ ਸਮਾਜ ਸੁਧਾਰ ਦੀ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ | ਕੋਈ ਵੀ ਧਾਰਮਿਕ ਤੇ ਸਮਾਜਿਕ ਸੰਗਠਨ ਜੇਕਰ ਅਜਿਹੀ ਲਹਿਰ ਰਾਜ ਵਿਚ ਚਲਾਉਣ ਲਈ ਪ੍ਰਤੀਬੱਧਤਾ ਨਾਲ ਅੱਗੇ ਆਵੇ ਤਾਂ ਇਸ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਹੈ | ਸਾਡੇ ਕਹਿਣ ਦਾ ਭਾਵ ਹੈ ਕਿ ਰਾਜ ਵਿਚ ਨਸ਼ਿਆਂ ਦਾ ਪ੍ਰਚਲਣ ਸਿਰਫ਼ ਪ੍ਰਸ਼ਾਸਨਿਕ ਸਮੱਸਿਆ ਨਹੀਂ ਹੈ ਸਗੋਂ ਇਹ ਆਰਥਿਕ ਤੇ ਸਮਾਜਿਕ ਸਮੱਸਿਆ ਵੀ ਹੈ ਅਤੇ ਪੰਜਾਬ ਦੀ ਹਰ ਪੱਖ ਤੋਂ ਪੁਨਰ ਬਹਾਲੀ ਨਾਲ ਹੀ ਇਸ ਵਰਤਾਰੇ ਨੂੰ  ਠੱਲ੍ਹ ਪਾਈ ਜਾ ਸਕਦੀ ਹੈ | (ਸਮਾਪਤ)

ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ 'ਤੇ ਸਿਆਸੀ ਰੌਲਾ ਕਿਉਂ? ਅਗਲੀ ਖ਼ਬਰ Protesters Target State Government Over Law And Order : ਇਨਸਾਫ ਦਵਾਉਣ ਲਈ BJP ਨੇ ਕੱਢਿਆ ਕੈਂਡਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।