22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਨਸ਼ਿਆਂ ਤੋਂ ਇਲਾਵਾ ਹੋਰ ਵੀ ਬੇਅੰਤ ਚੁਣੌਤੀਆਂ ਹਨ ਪੰਜਾਬ ਸਾਹਮਣੇ

ਨਸ਼ਿਆਂ ਤੋਂ ਇਲਾਵਾ ਹੋਰ ਵੀ ਬੇਅੰਤ ਚੁਣੌਤੀਆਂ ਹਨ ਪੰਜਾਬ ਸਾਹਮਣੇ

ਅਜੀਤ ਡੈਸਕ 23-11-2026

ਪੰਜਾਬ ਦੀਆਂ ਸਮੱਸਿਆਵਾਂ ਨੂੰ  ਸਿਰਫ਼ ਨਸ਼ਿਆਂ ਤੱਕ ਸੀਮਤ ਰੱਖਣਾ ਠੀਕ ਨਹੀਂ ਹੈ, ਕਿਉਂਕਿ ਇੱਥੇ ਬੇਰੁਜ਼ਗਾਰੀ, ਕਿਸਾਨੀ ਸੰਕਟ, ਕਰਜ਼ਾ, ਸਿੱਖਿਆ, ਸਿਹਤ ਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਵੀ ਵੱਡੇ ਤੇ ਗੰਭੀਰ ਚਿੰਤਾ ਵਾਲੇ ਵਿਸ਼ੇ ਹਨ | ਜਦੋਂ ਵੀ ਪੰਜਾਬ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਨਸ਼ਿਆਂ ਦਾ ਮੁੱਦਾ ਹੀ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦਾ ਹੈ | ਸਿਆਸੀ ਪਾਰਟੀਆਂ ਤੋਂ ਲੈ ਕੇ ਸਰਕਾਰਾਂ ਤੱਕ ਵਲੋਂ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਉਣ ਅਤੇ ਇਸ ਸਮੱਸਿਆ ਨੂੰ  ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ | ਬਿਨਾਂ ਸ਼ੱਕ ਨਸ਼ਿਆਂ ਦੀ ਲਾਹਨਤ ਪੰਜਾਬ ਲਈ ਗੰਭੀਰ ਚੁਣੌਤੀ ਬਣ ਚੁੱਕੀ ਹੈ, ਪਰ ਸੂਬੇ ਦੀਆਂ ਸਮੱਸਿਆਵਾਂ ਸਿਰਫ਼ ਇੱਥੋਂ ਤੱਕ ਹੀ ਸੀਮਤ ਨਹੀਂ ਹਨ | ਪੰਜਾਬ ਅੱਜ ਕਈ ਅਜਿਹੀਆਂ ਸਮਾਜਿਕ, ਆਰਥਿਕ ਤੇ ਪ੍ਰਸ਼ਾਸਨਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ |
ਬੇਰੁਜ਼ਗਾਰੀ ਤੇ ਜਵਾਨੀ ਦਾ ਭਵਿੱਖ-ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਵਿਚ ਬੇਰੁਜ਼ਗਾਰੀ ਵੀ ਸ਼ਾਮਿਲ ਹੈ | ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਵੱਡੀ ਗਿਣਤੀ ਨੌਜਵਾਨਾਂ ਨੂੰ  ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਨਹੀਂ ਮਿਲ ਰਿਹਾ | ਸਰਕਾਰੀ ਨੌਕਰੀਆਂ ਦੀਆਂ ਸੀਮਤ ਅਸਾਮੀਆਂ, ਭਰਤੀ ਪ੍ਰਕਿਰਿਆਵਾਂ 'ਚ ਦੇਰੀ ਅਤੇ ਨਿੱਜੀ ਖੇਤਰ ਵਿਚ ਰੁਜ਼ਗਾਰ ਦੇ ਘੱਟ ਮੌਕੇ ਨੌਜਵਾਨਾਂ ਦੀਆਂ ਮੁਸ਼ਕਿਲਾਂ 'ਚ ਹੋਰ ਵੀ ਵਾਧਾ ਕਰਦੇ ਹਨ | ਇਸੇ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾਣ ਨੂੰ  ਤਰਜੀਹ ਦੇ ਦਿੰਦੇ ਹਨ | ਪੰਜਾਬ 'ਚੋਂ ਨੌਜਵਾਨਾਂ ਦਾ ਲਗਾਤਾਰ ਪ੍ਰਵਾਸ ਕਰਨਾ ਸੂਬੇ ਦੇ ਆਰਥਿਕ ਤੇ ਸਮਾਜਿਕ ਢਾਂਚੇ ਲਈ ਵੀ ਚਿੰਤਾ ਦਾ ਵਿਸ਼ਾ ਹੈ |
ਸਿੱਖਿਆ ਤੇ ਸਿਹਤ ਸਹੂਲਤਾਂ-ਸਿੱਖਿਆ ਤੇ ਸਿਹਤ ਕਿਸੇ ਵੀ ਸੂਬੇ ਦੇ ਵਿਕਾਸ ਦੇ ਮੁੱਖ ਆਧਾਰ ਹੁੰਦੇ ਹਨ | ਪੰਜਾਬ 'ਚ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਈ ਲਗਾਤਾਰ ਯਤਨਾਂ ਦੀ ਲੋੜ ਹੈ | ਬਹੁਤੇ ਸਰਕਾਰੀ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ, ਬੁਨਿਆਦੀ ਢਾਂਚੇ ਦੀ ਘਾਟ ਤੇ ਪੇਂਡੂ ਖੇਤਰਾਂ 'ਚ ਸਿੱਖਿਆ ਦੇ ਸੀਮਤ ਮੌਕੇ ਲਗਾਤਾਰ ਚੁਣੌਤੀ ਬਣੇ ਹੋਏ ਹਨ | ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ 'ਚ ਮਾਹਿਰ ਡਾਕਟਰਾਂ, ਦਵਾਈਆਂ ਤੇ ਆਧੁਨਿਕ ਮਸ਼ੀਨਰੀ ਦੀ ਉਪਲਬਧਤਾ ਨੂੰ  ਯਕੀਨੀ ਬਣਾਉਣਾ ਵੀ ਜ਼ਰੂਰੀ ਹੈ | ਆਮ ਲੋਕਾਂ ਨੂੰ  ਮਿਆਰੀ ਸਿਹਤ ਸੇਵਾਵਾਂ ਲਈ ਨਿੱਜੀ ਹਸਪਤਾਲਾਂ ਦਾ ਰੁਖ਼ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ 'ਤੇ ਵੱਡਾ ਆਰਥਿਕ ਬੋਝ ਪੈਂਦਾ ਹੈ |
ਕਿਸਾਨੀ ਸੰਕਟ ਤੇ ਕਰਜ਼ਾ-ਪੰਜਾਬ ਦੀ ਆਰਥਿਕਤਾ ਦਾ ਅਹਿਮ ਆਧਾਰ ਰਹੀ ਕਿਸਾਨੀ ਵੀ ਅੱਜ ਗੰਭੀਰ ਸੰਕਟ 'ਚੋਂ ਲੰਘ ਰਹੀ ਹੈ | ਖੇਤੀ ਲਾਗਤਾਂ 'ਚ ਵਾਧਾ, ਫ਼ਸਲੀ ਭਿੰਨਤਾ ਦੀ ਘਾਟ, ਪਾਣੀ ਦਾ ਡਿਗਦਾ ਪੱਧਰ ਅਤੇ ਕਿਸਾਨਾਂ ਸਿਰ ਚੜਿ੍ਹਆ ਕਰਜ਼ਾ ਇਸ ਸੰਕਟ ਨੂੰ  ਹੋਰ ਗੰਭੀਰ ਬਣਾ ਦਿੰਦੇ ਹਨ | ਕਿਸਾਨਾਂ ਨੂੰ  ਕਣਕ-ਝੋਨੇ ਦੇ ਚੱਕਰ 'ਚੋਂ ਕੱਢ ਕੇ ਬਦਲਵੀਆਂ ਫ਼ਸਲਾਂ ਵੱਲ ਲਿਜਾਣ ਲਈ ਠੋਸ ਨੀਤੀ ਦੀ ਲੋੜ ਹੈ | ਸਿਰਫ਼ ਐਲਾਨਾਂ ਨਾਲ ਕਿਸਾਨੀ ਦੀ ਹਾਲਤ ਨਹੀਂ ਬਦਲੀ ਜਾ ਸਕਦੀ, ਇਸ ਲਈ ਲਾਹੇਵੰਦ ਭਾਅ, ਫ਼ਸਲਾਂ ਦੀ ਖ਼ਰੀਦ ਗਾਰੰਟੀ ਅਤੇ ਖੇਤੀ ਆਧਾਰਿਤ ਉਦਯੋਗਾਂ ਨੂੰ  ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ |
ਵਾਤਾਵਰਨ ਤੇ ਪਾਣੀ ਦਾ ਸੰਕਟ-ਬੇਸ਼ੱਕ ਅੱਜ ਦੁਨੀਆ ਭਰ ਦਾ ਵਾਤਾਵਰਨ ਵਿਗੜ ਰਿਹਾ ਹੈ ਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਿਹਾ | ਪੰਜਾਬ ਵਿਚ ਵਾਤਾਵਰਨ ਦਾ ਵਿਗੜਦਾ ਸੰਤੁਲਨ ਵੀ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ | ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ | ਹਾਲ ਹੀ 'ਚ ਭਾਵੇਂ ਸਰਕਾਰ ਨੇ ਪਾਣੀ ਦਾ ਪੱਧਰ ਉੱਪਰ ਆਉਣ ਦਾ ਦਾਅਵਾ ਕੀਤਾ ਹੈ, ਪਰ ਇਸ ਲਈ ਲਗਾਤਾਰ ਯਤਨਾਂ ਦੀ ਲੋੜ ਹੋਵੇਗੀ | ਬਹੁਤੇ ਇਲਾਕਿਆਂ 'ਚ ਪਾਣੀ ਦੀ ਗੁਣਵੱਤਾ ਚਿੰਤਾ ਦਾ ਕਾਰਨ ਹੈ | ਦਰਿਆਵਾਂ ਤੇ ਨਦੀਆਂ 'ਚ ਪੈਂਦਾ ਉਦਯੋਗਿਕਾਂ ਤੇ ਘਰਾਂ ਦਾ ਗੰਦਾ ਪਾਣੀ ਤੇ ਖੇਤੀ 'ਚ ਰਸਾਇਣਾਂ ਦੀ ਬੇਲੋੜੀ ਵਰਤੋਂ ਵਾਤਾਵਰਨ ਨੂੰ  ਪ੍ਰਭਾਵਿਤ ਕਰ ਰਹੀ ਹੈ | ਪਰਾਲੀ ਸਾੜਨ ਦੀ ਸਮੱਸਿਆ ਦਾ ਸਥਾਈ ਹੱਲ ਅਜੇ ਤੱਕ ਵੀ ਨਹੀਂ ਨਿਕਲ ਸਕਿਆ | ਇਸ ਲਈ ਕਿਸਾਨਾਂ ਨੂੰ  ਆਰਥਿਕ ਸਹਾਇਤਾ ਦੇਣ ਦੇ ਨਾਲ-ਨਾਲ ਪਾਣੀ ਦੀ ਸੰਭਾਲ ਤੇ ਵਾਤਾਵਰਨ ਸੁਰੱਖਿਆ ਲਈ ਵੀ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ |
ਸੂਬੇ ਦੀ ਵਿੱਤੀ ਹਾਲਤ-ਪੰਜਾਬ ਦੀ ਵਿੱਤੀ ਹਾਲਤ ਵੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ | ਸੂਬੇ ਸਿਰ ਲਗਾਤਾਰ ਵਧ ਰਹੇ ਕਰਜ਼ੇ ਤੇ ਸਰਕਾਰੀ ਖ਼ਰਚਿਆਂ ਦਾ ਬੋਝ ਵਿਕਾਸ ਕਾਰਜਾਂ ਲਈ ਉਪਲਬਧ ਵਿੱਤੀ ਸਰੋਤਾਂ ਨੂੰ  ਪ੍ਰਭਾਵਿਤ ਕਰਦਾ ਹੈ | ਮੁਫ਼ਤ ਦੀਆਂ ਸਹੂਲਤਾਂ ਅਤੇ ਲੋਕ ਭਲਾਈ ਯੋਜਨਾਵਾਂ ਆਪਣੀ ਥਾਂ ਮਹੱਤਵਪੂਰਨ ਹੋਣਗੀਆਂ, ਪਰ ਇਨ੍ਹਾਂ ਦੇ ਨਾਲ ਸੂਬੇ ਦੀ ਆਮਦਨ ਵਧਾਉਣੀ ਵੀ ਓਨੀ ਹੀ ਜ਼ਰੂਰੀ ਹੈ | ਨਵੇਂ ਉਦਯੋਗ ਸਥਾਪਤ ਕਰਨ, ਨਿਵੇਸ਼ ਵਧਾਉਣ ਤੇ ਸਥਾਨਕ ਕਾਰੋਬਾਰਾਂ ਨੂੰ  ਉਤਸ਼ਾਹਿਤ ਕਰਨ ਤੋਂ ਬਿਨਾਂ ਆਰਥਿਕਤਾ ਨੂੰ  ਮਜ਼ਬੂਤ ਨਹੀਂ ਕੀਤਾ ਜਾ ਸਕਦਾ |
ਠੋਸ ਨਤੀਜੇ ਜ਼ਰੂਰੀ-ਪੰਜਾਬ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਸਿਆਸੀ ਬਿਆਨਾਂ, ਐਲਾਨਾਂ ਜਾਂ ਚੋਣ ਵਾਅਦਿਆਂ ਨਾਲ ਸੰਭਵ ਨਹੀਂ ਹੋ ਸਕਦਾ | ਇਸ ਲਈ ਲੰਮੇ ਸਮੇਂ ਦੀ ਸਹੀ ਯੋਜਨਾਬੰਦੀ, ਪਾਰਦਰਸ਼ੀ ਪ੍ਰਸ਼ਾਸਨ, ਸਭ ਦੀ ਜਵਾਬਦੇਹੀ ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਸਾਂਝੀ ਇੱਛਾ-ਸ਼ਕਤੀ ਦੀ ਲੋੜ ਹੈ | ਸਰਕਾਰ ਨੂੰ  ਚਾਹੀਦਾ ਹੈ ਕਿ ਉਹ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ-ਨਾਲ ਬੇਰੁਜ਼ਗਾਰੀ, ਕਿਸਾਨੀ, ਸਿੱਖਿਆ, ਸਿਹਤ, ਉਦਯੋਗ ਤੇ ਵਾਤਾਵਰਨ ਵਰਗੇ ਮੁੱਦਿਆਂ ਨੂੰ  ਵੀ ਬਰਾਬਰ ਤਰਜੀਹ ਦੇਵੇ |
ਪੰਜਾਬ ਦਾ ਭਵਿੱਖ ਸਿਰਫ਼ ਨਸ਼ਿਆਂ ਤੋਂ ਮੁਕਤੀ ਨਾਲ ਨਹੀਂ, ਸਗੋਂ ਰੁਜ਼ਗਾਰ, ਮਜ਼ਬੂਤ ਕਿਸਾਨੀ, ਮਿਆਰੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ ਅਤੇ ਆਰਥਿਕ ਖ਼ੁਸ਼ਹਾਲੀ ਨਾਲ ਜੁੜਿਆ ਹੋਇਆ ਹੈ | ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਨੂੰ  ਕਿਸੇ ਇਕ ਮੁੱਦੇ ਤੱਕ ਸੀਮਤ ਕਰਨ ਦੀ ਥਾਂ ਸਮੁੱਚੇ ਵਿਕਾਸ ਦੇ ਨਜ਼ਰੀਏ ਨਾਲ ਦੇਖਿਆ ਜਾਵੇ | ਪੰਜਾਬ ਨੂੰ  ਮੁੜ ਖ਼ੁਸ਼ਹਾਲ ਬਣਾਉਣ ਲਈ ਨਾਅਰਿਆਂ ਨਾਲੋਂ ਵੱਧ ਇਮਾਨਦਾਰ ਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਨਤੀਜੇ ਦੇਣ ਵਾਲੇ ਕੰਮਾਂ ਦੀ ਲੋੜ ਹੈ |

ਪਿੰਡ-ਗਹਿਰੀ ਮੰਡੀ (ਅੰਮਿ੍ਤਸਰ) |
ਮੋਬਾਈਲ : 9855903501

ਪਿਛਲੀ ਖ਼ਬਰ ਮਾਨ ਦੇ ਚਿਹਰੇ 'ਤੇ ਹੀ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ ਅਗਲੀ ਖ਼ਬਰ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੇ ਸਰੋਕਾਰਾਂ ਦੀ ਬਾਤ ਪਾਏਗੀ ਪੰਜਾਬੀ ਕਾਨਫ਼ਰੰਸ ਲਾਹੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।