ਮਿਸਿਸਿਪੀ ’ ਚ 152 ਸਾਲ ਬਾਅਦ ਸਿਆਹਫ਼ਾਮ ਆਗੂ ਨੇ ਜਿੱਤੀ ਸੈਨੇਟ ਸੀਟ , ਕੋਲਮ ਨੇ ਰਚਿਆ ਇਤਿਹਾਸ
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਿਪਬਲਿਕਨ ਗੜ੍ਹ ਮੰਨੇ ਜਾਂਦੇ ਮਿਸਿਸਿਪੀ ਵਿੱਚ ਡੈਮੋਕ੍ਰੈਟ ਉਮੀਦਵਾਰ ਸਕਾਟ ਕੋਲਮ ਨੇ ਮੌਜੂਦਾ ਸੈਨੇਟਰ ਸਿੰਡੀ ਹਾਈਡ-ਸਮਿਥ ਨੂੰ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਮੀਡੀਆ ਦੇ ਚੋਣ ਅਨੁਮਾਨਾਂ ਮੁਤਾਬਕ ਜੇਤੂ ਰਹੇ ਕੋਲਮ, 152 ਸਾਲ ਬਾਅਦ ਸੂਬੇ ਤੋਂ ਅਮਰੀਕੀ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਸਿਆਹਫ਼ਾਮ ਆਗੂ ਬਣੇ ਹਨ।
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਿਪਬਲਿਕਨ ਗੜ੍ਹ ਮੰਨੇ ਜਾਂਦੇ ਮਿਸਿਸਿਪੀ ਵਿੱਚ ਡੈਮੋਕ੍ਰੈਟ ਉਮੀਦਵਾਰ ਸਕਾਟ ਕੋਲਮ ਨੇ ਮੌਜੂਦਾ ਸੈਨੇਟਰ ਸਿੰਡੀ ਹਾਈਡ-ਸਮਿਥ ਨੂੰ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਮੀਡੀਆ ਦੇ ਚੋਣ ਅਨੁਮਾਨਾਂ ਮੁਤਾਬਕ ਜੇਤੂ ਰਹੇ ਕੋਲਮ, 152 ਸਾਲ ਬਾਅਦ ਸੂਬੇ ਤੋਂ ਅਮਰੀਕੀ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਸਿਆਹਫ਼ਾਮ ਆਗੂ ਬਣੇ ਹਨ। ਇਸ ਤੋਂ ਪਹਿਲਾਂ 1874 ਵਿੱਚ ਬਲਾਂਸ਼ ਬਰੂਸ ਸੈਨੇਟ ਲਈ ਚੁਣੇ ਗਏ ਸਨ। ਜ਼ਿਲ੍ਹਾ ਸਰਕਾਰੀ ਵਕੀਲ ਵਜੋਂ ਸੇਵਾ ਨਿਭਾ ਰਹੇ 43 ਸਾਲਾ ਕੋਲਮ ਨੂੰ ਉਪਲਬਧ ਗਿਣਤੀ ਅਨੁਸਾਰ ਕਰੀਬ 4,600 ਵੋਟਾਂ ਦੀ ਬੜ੍ਹਤ ਮਿਲੀ। ਮਿਸਿਸਿਪੀ ਵਿੱਚ 1982 ਤੋਂ ਬਾਅਦ ਪਹਿਲੀ ਵਾਰ ਕਿਸੇ ਡੈਮੋਕ੍ਰੈਟ ਨੇ ਸੈਨੇਟ ਦੀ ਸੀਟ ਜਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਾਈਡ-ਸਮਿਥ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਬਾਵਜੂਦ ਰਿਪਬਲਿਕਨ ਪਾਰਟੀ ਇਹ ਸੀਟ ਨਹੀਂ ਬਚਾ ਸਕੀ। ਹਾਈਡ-ਸਮਿਥ ਨੇ ਹਾਰ ਮੰਨਦਿਆਂ ਕੋਲਮ ਨੂੰ ਵਧਾਈ ਦਿੱਤੀ ਹੈ। ਕੋਲਮ ਨੇ ਚੋਣ ਮੁਹਿੰਮ ਵਿੱਚ ਮਹਿੰਗਾਈ ਅਤੇ ਰੋਜ਼ਾਨਾ ਦੇ ਵਧਦੇ ਖ਼ਰਚਿਆਂ ਨੂੰ ਮੁੱਖ ਮੁੱਦਾ ਬਣਾਇਆ। ਜਿੱਤ ਮਗਰੋਂ ਉਨ੍ਹਾਂ ਕਿਹਾ ਕਿ ਔਖੇ ਸਮੇਂ ਵਿੱਚ ਵੀ ਉਨ੍ਹਾਂ ਨੇ ਭਰੋਸਾ ਨਹੀਂ ਛੱਡਿਆ। ਉਨ੍ਹਾਂ ਕਾਮਯਾਬੀ ਦਾ ਸਿਹਰਾ ਸਮਰਥਕਾਂ ਨੂੰ ਦਿੰਦਿਆਂ ਨਾਗਰਿਕ ਹੱਕਾਂ ਦੇ ਆਗੂਆਂ ਨੂੰ ਯਾਦ ਕੀਤਾ ਅਤੇ ਹਰ ਵਸਨੀਕ ਲਈ ਕੰਮ ਕਰਨ ਦਾ ਵਾਅਦਾ ਕੀਤਾ। ਇਸ ਨਤੀਜੇ ਨਾਲ ਸੈਨੇਟ ਵਿੱਚ ਡੈਮੋਕ੍ਰੈਟਾਂ ਦੀ ਗਿਣਤੀ 55 ਅਤੇ ਰਿਪਬਲਿਕਨਾਂ ਦੀ 44 ਹੋ ਗਈ ਹੈ, ਜਦਕਿ ਅਲਾਸਕਾ ਦੀ ਇਕ ਸੀਟ ਦਾ ਨਤੀਜਾ ਹਾਲੇ ਬਾਕੀ ਸੀ। ਪ੍ਰਤੀਨਿਧੀ ਸਭਾ ਵਿੱਚ ਵੀ ਡੈਮੋਕ੍ਰੈਟ ਬਹੁਮਤ ਹਾਸਲ ਕਰ ਚੁੱਕੇ ਹਨ। ਦੋਵਾਂ ਸਦਨਾਂ ਉੱਤੇ ਉਨ੍ਹਾਂ ਦਾ ਕਬਜ਼ਾ ਟਰੰਪ ਦੇ ਕਾਨੂੰਨੀ ਏਜੰਡੇ ਲਈ ਅੜਿੱਕੇ ਖੜ੍ਹੇ ਕਰ ਸਕਦਾ ਹੈ ਅਤੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੀ ਸੰਸਦੀ ਜਾਂਚ ਦਾ ਰਾਹ ਖੋਲ੍ਹ ਸਕਦਾ ਹੈ।