30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

30-11-2026

30-11-2026

ਅਜੀਤ ਡੈਸਕ 30-11-2026

ਨੌਜਵਾਨ ਤੇ ਨਸ਼ੇ

ਨੌਜਵਾਨ ਪੀੜ੍ਹੀ ਕਿਸੇ ਕੌਮ ਜਾਂ ਸਮਾਜ ਦੀ ਰੀੜ੍ਹ ਦੀ ਹੱਡੀ ਦੇ ਸਮਾਨ ਹੁੰਦੀ ਹੈ | ਜੇਕਰ ਇਹ ਹੱਡੀ ਹੀ ਕਮਜ਼ੋਰ ਹੋ ਜਾਵੇ ਤਾਂ ਸਮਾਜ ਕਿੰਨਾ ਕੁ ਚਿਰ ਸਿਹਤਮੰਦ ਰਹਿ ਸਕਦਾ ਹੈ? ਪ੍ਰੰਤੂ ਇਸ ਹੱਡੀ ਨੂੰ ਕਮਜ਼ੋਰ ਕਰ ਰਹੇ ਹਨ ਨਸ਼ੇ | ਅੱਜ ਦੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਚੁੱਕੇ ਹਨ | ਨਸ਼ੇ ਸਖਤੀ ਦੇ ਬਾਵਜੂਦ ਆਸਾਨੀ ਨਾਲ ਵਿਕ ਰਹੇ ਹਨ | ਨੌਜਵਾਨ ਇਨ੍ਹਾਂ ਦੀ ਵਰਤੋਂ ਜ਼ਿੰਦਗੀ ਦੀਆਂ ਕਠੋਰ ਹਾਲਤਾਂ ਤੋਂ ਬਚਣ ਲਈ ਕਰਦੇ ਹਨ, ਇਸ ਤੋਂ ਇਲਾਵਾ ਘਰਾਂ ਦਾ ਵਾਤਾਵਰਨ ਠੀਕ ਨਾ ਹੋਣਾ, ਇਕੱਲਾਪਣ, ਨਜ਼ਰਅੰਦਾਜ਼ੀ ਦੀ ਭਾਵਨਾ ਪੜ੍ਹ-ਲਿਖ ਕੇ ਨੌਕਰੀ ਨਾ ਮਿਲਣ ਦੀ ਨਿਰਾਸ਼ਾ ਵਰਗੇ ਕਾਰਨ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ |  ਸੰਸਾਰ ਦੀਆਂ ਜ਼ਿੰਮੇਵਾਰ ਕੌਮਾਂ ਨੇ ਆਪਣੇ ਰਾਜ, ਦੇਸ਼ ਨੂੰ ਪ੍ਰਫੁੱਲਤ ਕਰਨ ਲਈ ਸਭ ਤੋਂ ਵੱਧ ਧਿਆਨ ਨੌਜਵਾਨ ਪੀੜ੍ਹੀ ਵੱਲ ਦਿੱਤਾ ਹੈ | ਜੇਕਰ ਇਹੀ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੇ ਆਪ ਨੂੰ ਸੰਭਾਲਣ ਯੋਗ ਨਾ ਰਹਿਣ ਤਾਂ ਇਨ੍ਹਾਂ ਦੇਸ਼ ਦਾ ਕੀ ਸੁਆਰਨਾ ਹੈ | ਡਾਕਟਰੀ ਖੋਜਾਂ ਨੇ ਸਿੱਧ ਕੀਤਾ ਹੈ ਕਿ ਸ਼ਰਾਬ ਤੇ ਹੋਰ ਨਸ਼ਿਆਂ ਨਾਲ ਮਿਹਦੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਤੇ ਭੰਗ ਵਰਗੇ ਸਸਤੇ ਨਸ਼ੇ ਨਾਲ ਪਾਗਲਪਣ ਤੇ ਅੰਧਰਾਤਾ ਵੀ ਹੋ ਜਾਂਦਾ ਹੈ |  ਨਸ਼ੇੜੀਆਂ ਨਾਲ ਪਿਆਰ ਤੇ ਹਮਦਰਦੀ ਜਤਾਉਣੀ ਚਾਹੀਦੀ ਹੈ | ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਇਨ੍ਹਾਂ ਨਸ਼ਿਆਂ ਦੀ ਰੋਕਥਾਮ ਦੀ ਜ਼ਿੰਮੇਵਾਰੀ ਸਿਰਫ ਸਾਡੇ ਨੌਜਵਾਨ ਵਰਗ ਤੇ ਸਰਕਾਰ ਦੀ ਹੀ ਨਹੀਂ, ਸਗੋਂ ਸਾਡੇ ਵਾਰਸਾਂ ਦੀ ਵੀ ਹੈ | ਸਾਰੇ ਜ਼ਿੰਦਗੀ ਵਿਚੋਂ ਕੁਝ ਪਲ ਆਪਣੇ ਨੌਜਵਾਨ ਵਰਗ ਵੱਲ ਅਰਪਿਤ ਕਰਨ ਤਾਂ ਜੋ ਦੇਸ਼ ਦਾ ਭਵਿੱਖ ਨੌਜਵਾਨੀ ਗੁਮਰਾਹ ਹੋਣ ਤੋਂ ਬਚ ਸਕੇ |

-ਹਰਿੰਦਰ ਸਿੰਘ 
ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਗ ਪਟਿਆਲਾ |

ਸਿੱਖਿਆਵਾਂ 'ਤੇ ਚੱਲਣ ਦੀ ਲੋੜ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਭਾਰਤ ਸਮੇਤ ਪੂਰੇ ਵਿਸ਼ਵ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ¢ ਗੁਰੂ ਜੀ ਆਪਣੀਆਂ ਚਾਰ ਉਦਾਸੀਆਂ ਦੌਰਾਨ ਭਾਰਤ ਸਮੇਤ ਕਈ ਗੁਆਂਢੀ ਦੇਸ਼ਾਂ ਤੱਕ ਰੱਬ ਦੀ ਸਰਬਵਿਆਪਕਤਾ ਦਾ ਪ੍ਰਚਾਰ ਕਰਦਿਆਂ ਲੋਕਾਂ ਨੂੰ  ਹੱਕ ਤੇ ਸੱਚ ਨਾਲ ਜੋੜਿਆ ਸੀ ¢ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਸ਼ਬਦ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਅੱਜ ਸਮਾਜ ਨੂੰ  ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਸਭ ਤੋਂ ਵੱਧ ਲੋੜ ਹੈ ¢ ਗੁਰੂ ਨਾਨਕ ਦੇਵ ਜੀ ਦਾ ਸਹਿਜ ਫ਼ਲਸਫ਼ਾ- 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਸਾਨੂੰ ਸਭ ਤੋਂ ਵੱਡੀ ਸਿੱਖਿਆ ਦਿੰਦਾ ਹੈ | ਗੁਰੂ ਜੀ ਨੇ ਸਮਾਜ ਵਿਚ ਵਿਚਰਦਿਆਂ ਸੱਚੀ-ਸੁੱਚੀ ਕਿਰਤ ਨੂੰ  ਪਹਿਲ ਦਿੱਤੀ ਸੀ, ਨਾਮ ਜਪਣਾ ਤੇ ਵੰਡ ਛਕਣਾ ਮਨੁੱਖ ਦੇ ਲਈ ਜ਼ਰੂਰੀ ਹਨ | ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਕਿੰਨਾ ਕੁ ਚੱਲ ਰਹੇ ਹਾਂ? ਸਮਾਜ ਤੇ ਘਰ-ਪਰਿਵਾਰਾਂ ਵਿਚ ਇਕ-ਦੂਜੇ ਪ੍ਰਤੀ ਈਰਖਾ, ਵੈਰ, ਨਫ਼ਰਤ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ¢ ਪੈਸੇ ਦੀ ਲਾਲਸਾ 'ਚ  ਲੋਕ ਬਿਨਾਂ ਵਜ੍ਹਾ ਇਕ-ਦੂਜੇ ਦੇ ਦੁਸ਼ਮਣ ਬਣ ਰਹੇ ਹਨ ¢ ਘਰਾਂ ਵਿਚ ਬਜ਼ੁਰਗਾਂ ਦਾ ਸਤਿਕਾਰ ਦਿਨੋ-ਦਿਨ ਘੱਟਦਾ ਜਾ ਰਿਹਾ ਹੈ¢ ਮਨੁੱਖ ਆਪਣੇ ਸੁਆਰਥ 'ਚ ਅੰਨਾ ਹੋ ਕੇ ਕੁਦਰਤ ਦਾ ਖਿਲਵਾੜ ਕਰ ਰਿਹਾ ਹੈ, ਹਰ ਪਾਸੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ¢ ਅੱਜ  ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਬਹੁਤ ਲੋੜ ਹੈ | 

-ਸੰਜੀਵ ਸਿੰਘ ਸੈਣੀ,
ਮੋਹਾਲੀ

ਕਿਉਂ ਡਿਗਿਆ ਪੁਲ

ਪਿਛਲੇ ਦਿਨੀਂ ਅਜੀਤ ਵਿਚ ਪ੍ਰਕਾਸ਼ਿਤ ਮੁੱਖ ਖ਼ਬਰ 'ਬਠਿੰਡਾ-ਚੰਡੀਗੜ੍ਹ ਕੌਮੀ ਰਾਜਮਾਰਗ 'ਤੇ ਭਾਖੜਾ ਨਹਿਰ ਦਾ ਪੁਲ ਡਿੱਗਾ' ਪੜ੍ਹ ਕੇ ਮਨ ਨੂੰ  ਬੜਾ ਗਹਿਰਾ ਦੁੱਖ ਅਤੇ ਹੈਰਾਨੀ ਹੋਈ | ਸੰਨ 2000 ਵਿਚ ਬਣਿਆ ਇਹ ਪੁਲ ਮਹਿਜ਼ 26 ਸਾਲਾਂ ਵਿਚ ਹੀ ਢਹਿ-ਢੇਰੀ ਹੋ ਗਿਆ, ਜਿਸ ਵਿਚ ਪੰਜ ਕੀਮਤੀ ਜਾਨਾਂ ਜ਼ਖ਼ਮੀ ਹੋਈਆਂ | ਇਸ ਹਾਦਸੇ ਨੇ ਸਾਡੇ ਅਜੋਕੇ ਪ੍ਰਸ਼ਾਸਨਿਕ ਢਾਂਚੇ ਅਤੇ ਸਿਆਸੀ ਇੱਛਾ-ਸ਼ਕਤੀ 'ਤੇ ਕਈ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਹਨ | ਇਕ ਪਾਸੇ ਅੰਗਰੇਜ਼ਾਂ ਦੇ ਵੇਲੇ ਦੇ ਬਣੇ ਪੁਰਾਣੇ ਪੁਲ, ਰੇਲਵੇ ਲਾਈਨਾਂ ਅਤੇ ਇਮਾਰਤਾਂ ਅੱਜ ਸੌ-ਸੌ ਸਾਲ ਬੀਤ ਜਾਣ ਦੇ ਬਾਵਜੂਦ ਵੀ ਚੱਟਾਨ ਵਾਂਗ ਮਜ਼ਬੂਤ ਖੜ੍ਹੇ ਹਨ, ਅਤੇ ਦੂਜੇ ਪਾਸੇ ਸਾਡੇ ਆਜ਼ਾਦ ਭਾਰਤ ਦੇ ਆਧੁਨਿਕ ਤਕਨੀਕ ਨਾਲ ਬਣੇ ਪੁਲ ਕੁਝ ਦਹਾਕਿਆਂ ਵਿਚ ਹੀ ਜਵਾਬ ਦੇ ਜਾਂਦੇ ਹਨ | ਕਈ ਵਾਰ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਜੇਕਰ ਅੰਗਰੇਜ਼ਾਂ ਦੇ ਵੇਲੇ ਦਾ ਅਨੁਸ਼ਾਸਨ ਅਤੇ ਕੰਮ ਪ੍ਰਤੀ ਇਮਾਨਦਾਰੀ ਕਾਇਮ ਰਹਿੰਦੀ, ਤਾਂ ਸ਼ਾਇਦ ਇਹ ਪੁਲ ਸੌ ਸਾਲ ਤੱਕ ਵੀ ਨਾ ਟੁੱਟਦੇ | ਅਸਲ ਵਿਚ ਅਸੀਂ ਅੰਗਰੇਜ਼ਾਂ ਦੀਆਂ ਬਣਾਈਆਂ ਇਮਾਰਤਾਂ ਤੇ ਕੁਰਸੀਆਂ ਤਾਂ ਸਾਂਭ ਲਈਆਂ, ਪਰ ਉਨ੍ਹਾਂ ਦੀ 'ਵਕਤ ਦੀ ਪਾਬੰਦੀ', 'ਅਸੂਲਾਂ' ਅਤੇ 'ਜਵਾਬਦੇਹੀ' ਨੂੰ  ਉੱਥੇ ਹੀ ਛੱਡ ਆਏ | ਬਿਹਤਰ ਰਾਜ ਪ੍ਰਬੰਧ ਦੇਣ ਦੀ ਬਜਾਏ ਅਸੀਂ ਭਿ੍ਸ਼ਟਾਚਾਰ, ਘਟੀਆ ਸਮੱਗਰੀ ਦੀ ਵਰਤੋਂ ਅਤੇ ਸਾਂਭ-ਸੰਭਾਲ ਪ੍ਰਤੀ ਲਾਪਰਵਾਹੀ ਨੂੰ  ਆਪਣੀ ਆਦਤ ਬਣਾ ਲਿਆ ਹੈ | ਹਾਦਸੇ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਅਤੇ ਐੱਨ.ਐੱਚ.ਏ.ਆਈ. ਵਲੋਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਅਤੇ ਸਿਆਸੀ ਆਗੂਆਂ ਵਲੋਂ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕਰਨਾ ਸਾਡੇ ਸਿਸਟਮ ਦੀ ਕਮਜ਼ੋਰੀ ਨੂੰ  ਹੀ ਉਜਾਗਰ ਕਰਦਾ ਹੈ | ਸਰਕਾਰਾਂ ਨੂੰ  ਸਿਰਫ਼ ਮੈਜਿਸਟ੍ਰੇਟ ਜਾਂਚ ਦੇ ਐਲਾਨਾਂ ਤੱਕ ਸੀਮਤ ਰਹਿਣ ਦੀ ਬਜਾਏ, ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਸਖ਼ਤ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ |

-ਗੁਰਬਾਜ ਸਿੰਘ
ਸਿਰਸਾ, ਹਰਿਆਣਾ |

ਸੁਨਹਿਰੀ ਸਮਾਂ ਹੈ ਬਚਪਨ

ਬਚਪਨ ਮਨੁੱਖੀ ਜੀਵਨ ਦਾ ਸਭ ਤੋਂ ਸੁੰਦਰ ਅਤੇ ਯਾਦਗਾਰ ਸਮਾਂ ਹੁੰਦਾ ਹੈ | ਇਹ ਉਹ ਸਮਾਂ ਹੈ ਜਦੋਂ ਬੱਚੇ ਖੇਡਦੇ, ਹੱਸਦੇ ਅਤੇ ਨਵੀਆਂ ਚੀਜ਼ਾਂ ਸਿੱਖਦੇ ਹਨ | ਬਚਪਨ ਵਿਚ ਮਿਲਿਆ ਪਿਆਰ, ਸਿੱਖਿਆ ਅਤੇ ਚੰਗੇ ਸੰਸਕਾਰ ਬੱਚਿਆਂ ਦੇ ਭਵਿੱਖ ਨੂੰ  ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਅੱਜ ਦੇ ਸਮੇਂ ਵਿਚ ਬੱਚਿਆਂ ਉੱਤੇ ਪੜ੍ਹਾਈ ਅਤੇ ਮੁਕਾਬਲੇ ਦਾ ਬਹੁਤ ਦਬਾਅ ਹੈ | ਸਾਨੂੰ ਬੱਚਿਆਂ ਨੂੰ  ਪੜ੍ਹਾਈ ਦੇ ਨਾਲ-ਨਾਲ ਖੇਡਣ, ਸਿੱਖਣ ਅਤੇ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ | ਹਰ ਬੱਚੇ ਨੂੰ  ਖੁਸ਼ਹਾਲ ਅਤੇ ਸੁਰੱਖਿਅਤ ਬਚਪਨ ਮਿਲਣਾ ਚਾਹੀਦਾ ਹੈ |

-ਅੰਚਲ 
ਫ਼ਤਹਿਗੜ੍ਹ ਸਾਹਿਬ |

ਪਿਛਲੀ ਖ਼ਬਰ ਬੱਲਭਗੜ੍ਹ ਤੇ ਫਰੀਦਾਬਾਦ ’ਚ ਤਿਲਕ-ਜੰਞੂ ਰੱਖਿਅਕ ਯਾਤਰਾ ਦਾ ਨਿੱਘਾ ਸਵਾਗਤ- ਕਾਲਕਾ ਤੇ ਕਾਹਲੋਂ ਅਗਲੀ ਖ਼ਬਰ ਫਿਰ ਪੈਦਾ ਹੋਈ ਅਨਾਜ ਭੰਡਾਰਨ ਦੀ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।