ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਯਮੁਨਾਨਗਰ, 28 ਨਵੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਅਤੇ ਕਾਲਜ ਦਾ 57ਵਾਂ ਸਥਾਪਨਾ ਦਿਵਸ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਅਧਿਆਪਕਾਂ, ਗੈਰ-ਅਧਿਆਪਕ ਸਟਾਫ਼ ਅਤੇ ਕਾਲਜ ਪ੍ਰਬੰਧਨ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਯਮੁਨਾਨਗਰ, 28 ਨਵੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਅਤੇ ਕਾਲਜ ਦਾ 57ਵਾਂ ਸਥਾਪਨਾ ਦਿਵਸ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਅਧਿਆਪਕਾਂ, ਗੈਰ-ਅਧਿਆਪਕ ਸਟਾਫ਼ ਅਤੇ ਕਾਲਜ ਪ੍ਰਬੰਧਨ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਨਰਲ ਸਕੱਤਰ ਬਲਵੰਤ ਸਿੰਘ ਬਾਂਗਾ, ਵਿੱਤ ਸਕੱਤਰ ਅਮਰਦੀਪ ਸਿੰਘ, ਸੀ. ਈ. ਓ. ਡਾ. ਪੀਰ ਗੁਲਾਮ ਨਬੀ ਸੁਹੇਲ ਅਤੇ ਮੈਂਬਰ ਡਾ. ਕਮਲਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਗਵਰਨਿੰਗ ਬਾਡੀ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਅਤੇ ਕਾਲਜ ਦੇ 57ਵੇਂ ਸਥਾਪਨਾ ਦਿਵਸ ਦੇ ਸ਼ੁਭ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੱਤੀ। ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਪ੍ਰਤੀ ਸੰਸਥਾ ਦੀ ਨਿਰੰਤਰ ਵਚਨਬੱਧਤਾ ਦੀ ਸ਼ਲਾਘਾ ਕੀਤੀ। ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ, ਜਿਸ ਤੋਂ ਬਾਅਦ ਰਸਭਿੰਨਾ ਸ਼ਬਦ ਕੀਰਤਨ ਅਤੇ ਗਿਆਨ-ਭਰਪੂਰ ਕਥਾ-ਵਿਚਾਰ ਹੋਏ, ਜਿਸ ਨਾਲ ਵਾਤਾਵਰਨ ਸ਼ਰਧਾ ਅਤੇ ਅਧਿਆਤਮਿਕ ਚਿੰਤਨ ਨਾਲ ਭਰ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਾਮਰਸ ਵਿਭਾਗ ਦੇ ਮੁਖੀ ਡਾ. ਜਸਵਿੰਦਰ ਕੌਰ ਅਤੇ ਡਾ. ਰਣਜੀਤ ਸਿੰਘ ਦੁਆਰਾ ਨਿਭਾਈ ਗਈ, ਜਦਕਿ ਪਾਲਕੀ ਸਾਹਿਬ ਦੀ ਸੇਵਾ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਕੀਤੀ ਗਈ। ਇਨ੍ਹਾਂ ਸਮਾਗਮਾਂ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੂੰ ਸਿੱਖ ਕਦਰਾਂ-ਕੀਮਤਾਂ, ਪਰੰਪਰਾਵਾਂ ਅਤੇ ਵਿਰਾਸਤ ਨਾਲ ਜੋੜਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਦਸਤਾਰ ਸਜਾਓ, ਸ਼ੁੱਧ ਬਾਣੀ ਉਚਾਰਨ ਅਤੇ ਗਤਕਾ ਸ਼ਾਮਿਲ ਸਨ। ਇਸ ਸਮਾਗਮ ਦਾ ਇਕ ਮੁੱਖ ਆਕਰਸ਼ਣ ਸਿੱਖ ਵਿਰਾਸਤ ਬਾਰੇ ਲਗਾਈ ਗਈ ਪ੍ਰਦਰਸ਼ਨੀ ਸੀ, ਜਿਸ ਦਾ ਪ੍ਰਬੰਧ ਲੁਧਿਆਣਾ ਦੇ ‘ਅਕਾਲ ਸਹਾਏ ਮਿਊਜ਼ੀਅਮ’ ਵਲੋਂ ਇਸਦੇ ਸੰਸਥਾਪਕ. ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਅਮੀਰ ਇਤਿਹਾਸ, ਸੱਭਿਆਚਾਰ ਅਤੇ ਸ਼ਾਨਦਾਰ ਵਿਰਾਸਤ ਨੂੰ ਜਾਣਨ ਅਤੇ ਸਮਝਣ ਦਾ ਮੌਕਾ ਪ੍ਰਦਾਨ ਕੀਤਾ। ਇਸ ਤੋਂ ਇਲਾਵਾ, ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ ਦੇ ਅਜਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸਿੱਖ ਵਿਰਾਸਤ ਨਾਲ ਸੰਬੰਧਿਤ ਕਿਤਾਬਾਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ। ਨਾਲ ਹੀ, ਸਿੱਖ ਧਰਮ ਬਾਰੇ ਜਾਗਰੂਕਤਾ ਅਤੇ ਸਮਝ ਵਧਾਉਣ ਦੇ ਉਦੇਸ਼ ਨਾਲ ਕਈ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਸ ਸਮਾਗਮ ਦੌਰਾਨ ‘ਜੀ. ਐਨ. ਕੇ. ਗਰੁੱਪ ਆਫ਼ ਇੰਸਟੀਚਿਊਸ਼ਨਜ਼’ ਵਲੋਂ ਇਕ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ, ਜਿਸ ਵਿਚ ਫੈਕਲਟੀ ਮੈਂਬਰਾਂ ਦੀਆਂ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਗਈ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾ. ਨਿਧੀ ਮਹੇਂਦਰੂ ਨੂੰ ‘ਬੈਸਟ ਟੀਚਰ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਅਨੁਰਾਗ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ‘ਪ੍ਰੋਫ਼ੈਸਰ’ ਦੇ ਅਹੁਦੇ ‘ਤੇ ਤਰੱਕੀ ਦਿੱਤੇ ਜਾਣ ‘ਤੇ ਸਨਮਾਨਿਤ ਕੀਤਾ ਗਿਆ। ਡਾ. ਅੰਜਲੀ ਨੂੰ ‘ਆਊਟਸਟੈਂਡਿੰਗ ਰਿਸਰਚਰ ਅਵਾਰਡ’ ਅਤੇ ਡਾ. ਅਜਮੇਰ ਨੂੰ ‘ਐਮੀਨੈਂਟ ਰਿਸਰਚਰ ਅਵਾਰਡ’ ਦਿੱਤਾ ਗਿਆ। ਡਾ. ਭਾਵਨਾ ਚੋਪੜਾ ਨੂੰ ਵੀ ਵਿਸ਼ਵ ਦੇ ਚੋਟੀ ਦੇ 2% ਵਿਗਿਆਨੀਆਂ ਵਿਚ ਸ਼ਾਮਿਲ ਹੋਣ ਲਈ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵਲੋਂ ਸੰਸਥਾ ਪ੍ਰਤੀ ਕੀਤੇ ਗਏ ਕੀਮਤੀ ਯੋਗਦਾਨ ਅਤੇ ਸਮਰਪਿਤ ਸੇਵਾਵਾਂ ਲਈ, ਸੀ. ਈ. ਓ. ਡਾ. ਪੀਰ ਗੁਲਾਮ ਨਬੀ ਸੁਹੇਲ, ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਅਤੇ ਪ੍ਰਿੰ. ਡਾ. ਕੁਮਾਰ ਗੌਰਵ ਨੂੰ ‘ਵਿਸ਼ੇਸ਼ ਪ੍ਰਸ਼ੰਸਾ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਸਮਰਪਿਤ ਸਹਾਇਕ ਅਮਲੇ ਅਤੇ ਪ੍ਰਸ਼ਾਸਕੀ ਟੀਮ ਦੇ ਮੈਂਬਰਾਂ ਨੂੰ ਵੀ ਵਿਸ਼ੇਸ਼ ਮਾਨਤਾ ਅਤੇ ‘ਪ੍ਰਸ਼ੰਸਾ ਪੱਤਰ’ ਦਿੱਤੇ ਗਏ। ਇਨ੍ਹਾਂ ਵਿਚ ਮਾਲੀ ਰਾਜ ਕੁਮਾਰ ਅਤੇ ਵਿਦਿਆ ਲਾਲ, ਸੁਰੱਖਿਆ ਅਧਿਕਾਰੀ ਗੁਰਚਰਨ ਸਿੰਘ, ਪ੍ਰਸ਼ਾਸਕੀ ਅਧਿਕਾਰੀ ਤਿਰਲੋਕ ਸਿੰਘ, ਦਾਖਲਾ ਕੋਆਰਡੀਨੇਟਰ ਡਾ. ਪਾਇਲ ਲਾਂਬਾ, ਵਿੱਤ ਅਤੇ ਲੇਖਾ ਟੀਮ ਅਤੇ ਡਾ. ਗੀਤਾ ਦੇਸਵਾਲ ਸ਼ਾਮਿਲ ਸਨ। ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਲਗਨ ਅਤੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਗਈ। ਵੱਖ-ਵੱਖ ਕੋਰਸਾਂ ਮੰਚ ਦੀ ਕਾਰ ਵਾਈ ਦਾ ਸੰਚਾਲਨ ਡਾ. ਤਿਲਕ ਰਾਜ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ‘ਤੇ ਕਈ ਹੋਰ ਪਤਵੰਤੇ ਸੱਜਣਾਂ, ਸਿੱਖਿਆ ਸ਼ਾਸਤਰੀਆਂ, ਸਾਬਕਾ ਵਿਦਿਆਰਥੀ ਸੰਘ ਦੇ ਮੈਂਬਰਾਂ ਅਤੇ ਕਾਲਜ ਦੇ ਸੇਵਾ-ਮੁਕਤ ਪ੍ਰੋਫੈਸਰਾਂ ਦੀ ਹਾਜ਼ਰੀ ਨੇ ਸਮਾਗਮ ਦੀ ਸ਼ਾਨ ਅਤੇ ਮਹੱਤਤਾ ਵਿਚ ਹੋਰ ਵਾਧਾ ਕੀਤਾ।