ਜੰਡਿਆਲਾ ਮੰਜਕੀ, 31 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਕੀ ਜੰਡਿਆਲਾ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਗਲਾ ਘੁੱਟ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਸਦਰ ਜਲੰਧਰ ਦੇ ਮੁਖੀ ਇੰਸਪੈਕਟਰ ਸੰਜੀਵ ਸੂਰੀ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਡੋਰੀ ਮੁਸ਼ਾਰਕਤੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਇਆ ਹੈ | ਸੂਚਨਾ ਮਿਲਦੇ ਹੀ ਜਦੋਂ ਉਹ ਘਟਨਾ ਸਥਾਨ 'ਤੇ ਪੁੱਜੇ ਤਾਂ ਜਾਂਚ ਕਰਨ 'ਤੇ ਮਿ੍ਤਕ ਦੀ ਪਹਿਚਾਨ ਰਾਜਾ ਰਾਮ ਕੁੱਟੋ ਪੁੱਤਰ ਪ੍ਰਵਾਸੀ ਰਿਸ਼ੀ, ਵਾਸੀ ਚਿਕਲੀ, ਡੂੰਗਰੀਆਂ ਜਿਲਾ ਪੂਰਨੀਆਂ(ਬਿਹਾਰ) ਵਜੋਂ ਹੋਈ ਹੈ | ਉਹ ਪਿਛਲੇ ਲਗਭਗ 20 ਸਾਲ ਤੋਂ ਬਲਕਾਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਪੰਡੋਰੀ ਮੁਸ਼ਾਰਕਤੀ 'ਚ ਬੁੰਡਾਲਾ ਰੋਡ ਤੇ ਸਥਿਤ ਖੂਹ 'ਤੇ ਕੰਮ ਕਰਦਾ ਸੀ | ਮਿ੍ਤਕ ਦੀ ਹੱਤਿਆ ਇੰਟਰਲਾਕਿੰਗ ਫੈਕਟਰੀ 'ਚ ਕੰਮ ਕਰਦੇ ਉਸ ਦੇ ਰਿਸ਼ਤੇਦਾਰੀ 'ਚੋਂ ਜੀਜਾ ਲੱਗਦੇ ਰਾਜਕੁਮਾਰ ਪੁੱਤਰ ਸ਼ਾਮ ਪਾਲ ਵਾਸੀ ਬਾਜਪੁਰ, ਜਿਲ੍ਹਾ ਸੁਜਾਨਪੁਰ ਯੂਪੀ ਵਲੋਂ ਕੀਤੀ ਗਈ ਹੈ | ਥਾਣਾ ਮੁਖੀ ਨੇ ਦੱਸਿਆ ਕਿ ਰਾਜਾ ਰਾਮ ਆਪਣੀ ਭੈਣ ਨਾਲ ਕੁੱਟਮਾਰ ਤੋਂ ਨਰਾਜ਼ ਸੀ ਅਤੇ ਦਿਨ ਵੇਲੇ ਵੀ ਆਪਣੇ ਕਰੀਬੀ ਰਾਜਾ ਰਾਮ ਕੁੱਟੋ ਦੀ ਕੁੱਟਮਾਰ ਕਰਕੇ ਗਿਆ ਸੀ | ਰਾਤ ਨੂੰ ਜਦੋਂ ਰਾਜਾ ਰਾਮ ਟਰਾਲੀ 'ਚ ਸੁੱਤਾ ਹੋਇਆ ਸੀ ਤਾਂ ਰਾਜ ਕੁਮਾਰ ਫਿਰ ਆਇਆ ਅਤੇ ਰਾਜਾ ਰਾਮ ਕੁੱਟੋ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਸਦਰ ਜਲੰਧਰ 'ਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ | ਕਤਲ ਵਾਲੇ ਸਥਾਨ 'ਤੇ ਪੁੱਜੀ ਫਿੰਗਰ ਪਿ੍ੰਟ ਮਾਹਿਰਾਂ ਦੀ ਟੀਮ ਵਲੋਂ ਵੀ ਜਾਂਚ ਕੀਤੀ ਗਈ |