ਜਲੰਧਰ, 7 ਸਤੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਦਰਸ਼ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਕ ਗੁਰਮੁੱਖ ਪਰਿਵਾਰ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਅਣਮਨੁੱਖੀ ਅਤੇ ਅਣਗੌਲੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪ੍ਰਸਿੱਧ ਇਤਿਹਾਸਕਾਰ ਅਤੇ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਗਤ ਨੂੰ ਸਿੱਖ ਕੌਮ ਦੇ ਇਤਿਹਾਸ ਦੇ ਨਾਲ-ਨਾਲ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਲਾਪਤਾ ਹੋਏ ਸਿੱਖ ਨੌਜਵਾਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਉਪਰੰਤ ਸਮੇਂ ਦੀਆਂ ਸਰਕਾਰਾਂ ਅਤੇ ਜ਼ਾਲਮ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਿਵੇਂ ਖੁਰਦ-ਬੁਰਦ ਕੀਤਾ ਗਿਆ ਆਦਿ ਦੇ ਕੀਤੇ ਖੁਲਾਸੇ, ਸ਼ਹੀਦਾਂ ਦੇ ਪਰਿਵਾਰਾਂ ਲਈ ਭਾਈ ਖ਼ਾਲੜਾ ਵਲੋਂ ਕੀਤੇ ਕਾਰਜ ਦੀ ਦਾਸਤਾਨ ਨੂੰ ਆਪਣੇ ਅੰਦਾਜ਼ ’ਚ ਪੇਸ਼ ਕੀਤਾ। ਸਮਾਗਮ ਦੌਰਾਨ ਭਾਈ ਪਰਮਜੀਤ ਸਿੰਘ-ਭਾਈ ਗੁਰਪ੍ਰੀਤ ਸਿੰਘ (ਜਵੱਦੀ ਟਕਸਾਲ) ਦੇ ਜਥੇ ਵਲੋਂ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ ਨੇ ਸਟੇਜ ਦੀ ਸੇਵਾ ਬਾਖ਼ੂਬੀ ਨਿਭਾਈ। ਉਨ੍ਹਾਂ ਸੰਗਤ ਨਾਲ ਖ਼ਾਲੜਾ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਨੂੰ ਸਾਂਝਾ ਕੀਤਾ ਅਤੇ ਸਮਾਗਮ ਦੌਰਾਨ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਥਿਆੜਾ , ਹਰਜਿੰਦਰ ਸਿੰਘ ਲਾਡਾ, ਪ੍ਰਭੂ ਸਿੰਘ, ਮਨਜੀਤ ਸਿੰਘ ਬਿੰਦਰਾ, ਹਰਿੰਦਰ ਪਾਲ ਸਿੰਘ ਮੱਕੜ, ਸਤਨਾਮ ਸਿੰਘ, ਠੇਕੇਦਾਰ ਹਰਜਿੰਦਰ ਸਿੰਘ, ਅਮਰਜੀਤ ਸਿੰਘ ਬਸਰਾ, ਬੀਬੀ ਕੰਵਲਜੀਤ ਕੌਰ, ਰਛਪਾਲ ਕੌਰ, ਇੰਦਰਜੀਤ ਕੌਰ, ਬਲਵਿੰਦਰ ਕੌਰ ਲਾਡਾ ਅਤੇ ਹੋਰ ਹਾਜ਼ਰ ਸਨ।