ਸਾਈਬਰ ਠੱਗਾਂ ਨੇ 72 ਘੰਟਿਆਂ ’ਚ ਇਕੋ ਪਰਿਵਾਰ ਨੂੰ 2 ਵਾਰ ਬਣਾਇਆ ਨਿਸ਼ਾਨਾ, ਖਾਤਿਆਂ ’ਚੋਂ 82,000 ਰੁਪਏ ਕਢਵਾਏ
ਜਲੰਧਰ, 19 ਸਤੰਬਰ (ਜਤਿੰਦਰ ਪੰਮੀ)-ਮਹਾਨਗਰ ’ਚ ਸਾਈਬਰ ਠੱਗਾਂ ਵਲੋਂ ਇਕੋ ਪਰਿਵਾਰ ਦੇ ਬੈਂਕ ਖਾਤਿਆਂ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਦੋ ਵਾਰ ਨਿਸ਼ਾਨਾ ਬਣਾਉਂਦਿਆਂ 82,000 ਰੁਪਏ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪੀੜਤਾਂ ਨੇ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ। ਸਾਈਬਰ ਠੱਗੀ ਸੰਬੰਧੀ ਜਾਣਕਾਰੀ ਦਿੰਦਿਆਂ ਮੁਕੇਸ਼ ਦੇਵ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 8.
ਸ
ਸਾਈਬਰ ਠੱਗਾਂ ਵਲੋਂ 72 ਘੰਟਿਆਂ ਅੰਦਰ ਪਰਿਵਾਰ ਨੂੰ ਦੋ ਵਾਰ ਨਿਸ਼ਾਨਾ ਬਣਾਏ ਜਾਣ ਬਾਰੇ ਦੱਸਦੇ ਹੋਏ ਮੁਕੇਸ਼ ਦੇਵ ਸ਼ਰਮਾ ਤੇ ਉਨ੍ਹਾਂ ਦੇ ਭਰਾ ਸੰਜੀਵ ਦੇਵ ਸ਼ਰਮਾ। ਅਜੀਤ ਤਸਵੀਰ
20-09-2026
ਜਲੰਧਰ, 19 ਸਤੰਬਰ (ਜਤਿੰਦਰ ਪੰਮੀ)-ਮਹਾਨਗਰ ’ਚ ਸਾਈਬਰ ਠੱਗਾਂ ਵਲੋਂ ਇਕੋ ਪਰਿਵਾਰ ਦੇ ਬੈਂਕ ਖਾਤਿਆਂ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਦੋ ਵਾਰ ਨਿਸ਼ਾਨਾ ਬਣਾਉਂਦਿਆਂ 82,000 ਰੁਪਏ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪੀੜਤਾਂ ਨੇ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ। ਸਾਈਬਰ ਠੱਗੀ ਸੰਬੰਧੀ ਜਾਣਕਾਰੀ ਦਿੰਦਿਆਂ ਮੁਕੇਸ਼ ਦੇਵ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 8.30 ਵਜੇ ਉਨ੍ਹਾਂ ਦੇ ਮਾਤਾ ਜਨਕ ਸ਼ਰਮਾ ਮੰਦਰ ਗਏ ਹੋਏ ਸਨ ਤਾਂ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਬੈਂਕ ਖਾਤੇ ’ਚੋਂ ਲਗਾਤਾਰ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ। ਜਦੋਂ ਮਾਤਾ ਨੇ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਅਰਬਨ ਅਸਟੇਟ ਫੇਜ਼-1 ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚਲੇ ਬੱਚਤ ਖਾਤੇ ’ਚੋਂ 52,000 ਰੁਪਏ ਨਿਕਲ ਚੁੱਕੇ ਸਨ। ਉਨ੍ਹਾਂ ਨੇ ਤੁਰੰਤ ਬੈਂਕ ਜਾ ਕੇ ਮਾਤਾ ਦਾ ਖਾਤਾ ਬੰਦ ਕਰਵਾਇਆ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਆਪਣੇ ਨਾਲ ਹੋਈ ਦੂਸਰੀ ਠੱਗੀ ਸੰਬੰਧੀ ਜਾਣਕਾਰੀ ਦਿੰਦਿਆਂ ਮੁਕੇਸ਼ ਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਰੂਕਸ਼ੇਤਰ ਤੋਂ ਕੁਝ ਸਾਮਾਨ ਮੰਗਵਾਇਆ ਸੀ, ਜਿਸ ਨੂੰ ਡੀ.ਟੀ.ਡੀ.ਸੀ. ਕੋਰੀਅਰ ਰਾਹੀਂ ਬੁੱਕ ਕਰਵਾਇਆ ਗਿਆ ਸੀ। ਕਾਫ਼ੀ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਸਾਮਾਨ ਉਨ੍ਹਾਂ ਕੋਲ ਨਹੀਂ ਪੁੱਜਿਆ ਤਾਂ ਉਨ੍ਹਾਂ ਨੇ ਗੂਗਲ ਰਾਹੀਂ ਡੀ.ਟੀ.ਡੀ.ਸੀ. ਕੋਰੀਅਰ ਕੰਪਨੀ ਦਾ ਸੰਪਰਕ ਨੰਬਰ ਲੱਭ ਕੇ ਉਸ ‘ਤੇ ਫ਼ੋਨ ਕੀਤਾ। ਫ਼ੋਨ ਚੁੱਕਣ ਵਾਲੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਕੇਸ਼ ਦਾ ਪਤਾ ਨਹੀਂ ਮਿਲ ਰਿਹਾ, ਇਸ ਲਈ ਪਤਾ ਲੱਭਣ ਵਾਸਤੇ 5 ਰੁਪਏ ਇਸੇ ਨੰਬਰ ’ਤੇ ਭੇਜ ਦਿੱਤੇ ਜਾਣ। ਮੁਕੇਸ਼ ਦੇਵ ਸ਼ਰਮਾ ਅਨੁਸਾਰ ਉਨ੍ਹਾਂ ਨੂੰ ਉਸੇ ਸਮੇਂ ਸ਼ੱਕ ਹੋ ਗਿਆ ਕਿ ਇਹ ਕੋਈ ਠੱਗੀ ਕਰਨ ਦੀ ਕੋਸ਼ਿਸ਼ ਹੈ। ਇਹ ਘਟਨਾ ਸਵੇਰੇ 8 ਵਜੇ ਦੀ ਹੈ। ਉਹ ਬੈਂਕ ਖੁੱਲ੍ਹਣ ਦੀ ਉਡੀਕ ਕਰਦਿਆਂ ਆਪਣਾ ਖਾਤਾ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਠੱਗਾਂ ਨੇ ਉਨ੍ਹਾਂ ਦੇ ਖਾਤੇ ’ਚੋਂ 30 ਹਜ਼ਾਰ ਰੁਪਏ ਕਢਵਾ ਲਏ। ਇਸ ਉਪਰੰਤ ਉਨ੍ਹਾਂ ਨੇ ਤੁਰੰਤ ਬੈਂਕ ਪਹੁੰਚ ਕੇ ਆਪਣਾ ਖਾਤਾ ਬੰਦ ਕਰਵਾ ਦਿੱਤਾ। ਮੁਕੇਸ਼ ਦੇਵ ਸ਼ਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੁੜ ਉਕਤ ਨੰਬਰ ’ਤੇ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਫ਼ੋਨ ਨਹੀਂ ਚੁੱਕਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਦੀ ਭਾਸ਼ਾ ਤੋਂ ਉਸ ਦੇ ਪੱਛਮੀ ਬੰਗਾਲ ਨਾਲ ਸਬੰਧਿਤ ਹੋਣ ਦਾ ਸ਼ੱਕ ਹੋਇਆ। ਟਰੂਕਾਲਰ ‘ਤੇ ਨੰਬਰ ਦੀ ਪਛਾਣ ‘ਸੁਮੋ ਹੋਸਟਲ’ ਵਜੋਂ ਦਿਖਾਈ ਦੇ ਰਹੀ ਸੀ। ਬਾਅਦ ਵਿਚ ਉਕਤ ਵਿਅਕਤੀ ਵਲੋਂ ਆਪਣਾ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਮੁਕੇਸ਼ ਦੇਵ ਸ਼ਰਮਾ ਤੇ ਉਨ੍ਹਾਂ ਦੇ ਭਰਾ ਸੰਜੀਵ ਦੇਵ ਸ਼ਰਮਾ ਨੇ ਭਾਰਤੀ ਸਟੇਟ ਬੈਂਕ ਦੇ ਏ.ਜੀ.ਐਮ. ਅਤੇ ਡੀ.ਐਮ. ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਰਕਮ ਜਲਦ ਵਾਪਸ ਦਿਵਾਈ ਜਾਵੇ ਤਾਂ ਜੋ ਬੈਂਕ ਪ੍ਰਤੀ ਉਨ੍ਹਾਂ ਦਾ ਭਰੋਸਾ ਬਣਿਆ ਰਹੇ।