ਜਲੰਧਰ, 28 ਸਤੰਬਰ (ਅ.ਬ.)-ਮਾਨਵ ਸਹਿਯੋਗ ਸਕੂਲ, ਜਲੰਧਰ ਦੇ ਪੰਜਾਬੀ ਅਧਿਆਪਕਾ ਮੈਡਮ ਵੀਨਾ ਹਾਂਡਾ ਨੂੰ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ‘ਪੰਜਾਬੀ ਰਤਨ ਪੁਰਸਕਾਰ-2026’ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਸਥਿਤ ਅਮੀਰਾ ਫਾਰਮ ਵਿਖੇ ‘ਵਿਸ਼ਵ ਪੰਜਾਬੀ ਸਭਾ ਕੈਨੇਡਾ’ (ਭਾਰਤ ਪ੍ਰਧਾਨ ਸ. ਸਤਬੀਰ ਸਿੰਘ) ਅਤੇ ‘ਆਰਟ ਗੈਲੇਕਸੀ (ਰਜਿ.)’ ਵਲੋਂ ਕਰਵਾਏ ਗਏ ਰਾਜ ਪੱਧਰੀ ਸਮਾਰੋਹ ’ਚ ਮੈਡਮ ਵੀਨਾ ਹਾਂਡਾ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਸਮਾਰੋਹ ਦਾ ਮੁੱਖ ਉਦੇਸ਼ ਪੰਜਾਬ ਭਰ ਦੇ ਉਨ੍ਹਾਂ ਅਨੁਭਵੀ ਪੰਜਾਬੀ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਸਨਮਾਨਿਤ ਕਰਨਾ ਸੀ, ਜੋ ਲੰਮੇ ਸਮੇਂ ਤੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਅਤੇ ਸਿੱਖਿਆ ਦੇ ਖੇਤਰ ’ਚ ਨਿਰੰਤਰ ਸੇਵਾਵਾਂ ਨਿਭਾਅ ਰਹੇ ਹਨ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਅੰਮ੍ਰਿਤਸਰ/ਗੁਰਦਾਸਪੁਰ) ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਭਰ ਤੋਂ ਪਹੁੰਚੇ ਲਗਭਗ 50 ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।