ਜਲੰਧਰ, 28 ਸਤੰਬਰ (ਐੱਮ. ਐੱਸ. ਲੋਹੀਆ)-‘ਭਾਰਤ ਰਤਨ’ ਦਾ ਸਨਮਾਨ ਪ੍ਰਾਪਤ ਸਵਰਗੀ ਪੰਡਿਤ ਰਵੀ ਸ਼ੰਕਰ ਦੀ ਯਾਦ ਮਨਾਉਂਦੇ ਹੋਏ ਉਨ੍ਹਾਂ ਦੇ ਸ਼ਗਿਰਦ ਪੰਡਿਤ ਸੁਰਿੰਦਰ ਕੁਮਾਰ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਸਥਾਨਕ ਹੋਟਲ ’ਚ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਇਆ ਗਿਆ। ਸਮਾਗਮ ’ਚ ਸਾਬਕਾ ਲੈਫ਼ਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਅਤੇ ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ਦੇ ਵਾਇਸ ਚਾਂਸਲਰ ਡਾ. ਮਨੋਜ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾ. ਜਗਰੂਪ ਸਿੰਘ (ਪ੍ਰਿੰਸੀਪਲ ਮੇਹਰ ਚੰਦ ਪੋਲੀਟੈਕਿਨਕ ਕਾਲਜ, ਜਲੰਧਰ), ਡਾ. ਗੌਰੀ ਦੱਤ ਸ਼ਰਮਾ (ਸਾਬਕਾ ਡਾਇਰੈਕਟਰ, ਦੂਰਦਰਸ਼ਨ ਕੇਂਦਰ, ਜਲੰਧਰ), ਪਰਮਜੀਤ ਸਿੰਘ (ਡਾਇਰੈਕਟਰ, ਆਲ ਇੰਡੀਆ ਰੇਡੀਓ, ਜਲੰਧਰ), ਨਿਤਿਨ ਕਪੂਰ (ਸੀਨੀਅਰ ਵਾਇਸ ਪ੍ਰੈਜ਼ੀਡੈਂਟ ਸ੍ਰੀ ਬਾਬਾ ਹਰਵਲਭ ਸੰਗੀਤ ਮਹਾਂਸਭਾ, ਜਲੰਧਰ), ਗਿਆਨ ਚੰਦ ਅਰੋੜਾ, ਪੰਕਜ, ਡਾ. ਜੇ.ਐੱਸ. ਉੱਪਲ ਅਤੇ ਵਿਨੋਦ ਫਕੀਰਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਸ਼ਾਸਤਰੀ ਸੰਗਤ ਦੀ ਪੇਸ਼ਕਾਰੀ ਕਰਦੇ ਹੋਏ ਆਸ਼ੂਪ੍ਰੀਤ ਕੌਰ ਅਤੇ ਅਨੂੰ ਮਲਹੋਤਰਾ ਨੇ ਚਾਰੂਕੇਸੀ, ਕੇਸੀ ਕ੍ਰਨਾਟਿਕੀ ਪ੍ਰਦਿਤੀ ਦਾ ਰਾਗ ਗਾਇਨ ਕਰਕੇ ਦਰਸ਼ਕਾਂ ਨੂੰ ਮੰਤਰ-ਮੁਗਦ ਕੀਤਾ । ਹਰਮਨਦੀਪ ਸਿੰਘ ਨੇ ਹਰਮੋਨੀਅਮ ਅਤੇ ਸੁਰਜੀਤ ਸਿੰਘ ਨੇ ਤਬਲੇ ’ਤੇ ਸ਼ਾਨਦਾਰ ਸੰਗਤ ਕੀਤੀ ਉਪਰੰਤ ਉਜੈਨ ਤੋਂ ਆਈ ਇਟਾਵਾ ਘਰਾਣੇ ਦੀ ਸੰਸਕ੍ਰਤੀ ਵਾਹਨੇ ਅਤੇ ਪ੍ਰਾਕ੍ਰਤੀ ਵਾਹਨੇ ਨੇ ਸਿਤਾਰ ਅਤੇ ਸੰਤੂਰ ਦੀ ਇਕ ਸ਼ਾਨਦਾਰ ਜੁਗਲਬੰਦੀ ਪੇਸ਼ ਕੀਤੀ। ਤਬਲਾ ਵਾਦਕ ਪੰਡਿਤ ਸੁਪ੍ਰੀਤ ਦੇਸ਼ਪਾਂਡੇ (ਮੁੰਬਈ) ਨੂੰ ਉਨ੍ਹਾਂ ਦੇ ਸ਼ਾਨਦਾਰ ਪੇਸ਼ਕਾਰੀ ਲਈ ਖੂਬ ਸ਼ਲਾਘਾ ਮਿਲੀ। ਮੁੰਬਈ ਤੋਂ ਆਏ ਪੰਡਿਤ ਭਾਗੇਸ਼ ਮਰਾਠੇ ਨੇ ਆਪਣੀ ਗਾਇਕੀ ਨਾਲ ਸਾਰਿਆਂ ਨੂੰ ਅਨੰਦਿਤ ਕੀਤਾ ਅਤੇ ਦਰਸ਼ਕਾਂ ਤਾਰੀਫ਼ ਦੇ ਪਾਤਰ ਬਣੇ। ਹਾਰਮੋਨੀਅਮ ‘ਤੇ ਉਨ੍ਹਾਂ ਦਾ ਸਾਥ ਪੰਡਿਤ ਵਿਨੈ ਮਿਸ਼ਰਾ (ਦਿੱਲੀ) ਅਤੇ ਤਬਲੇ ‘ਤੇ ਜੈ ਦੇਵ ਨੇ ਸ਼ਾਨਦਾਰ ਸੰਗਤ ਦੇ ਕੇ ਗਾਇਕੀ ਦੀ ਸੁੰਦਰਤਾ ਨੂੰ ਹੋਰ ਵਧਾ ਦਿੱਤਾ। ਡਾ. ਲੋਕੇਸ਼ ਸ਼ਰਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਸਮਾਗਮ ਨੂੰ ਕਾਮਯਾਬ ਬਣਾਉਣ ’ਚ ਤਿਲਕ ਰਾਜ ਦੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਡਾ. ਰੇਣੂਕਾ ਗੰਭੀਰ, ਉਸਤਾਦ ਕਾਲੇ ਰਾਮ, ਡਾ. ਮਮਤਾ, ਆਤਮ ਪ੍ਰਕਾਸ਼ ਸਿੰਘ ਅਤੇ ਹੋਰ ਹਾਜ਼ਰ ਸਨ। ਪੰਡਿਤ ਸੁਰਿੰਦਰ ਕੁਮਾਰ ਦੱਤਾ ਅਤੇ ਤਿਲਕ ਰਾਜ ਨੇ ਸਾਰੇ ਕਲਾਕਾਰਾਂ, ਮਹਿਮਾਨਾਂ ਅਤੇ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕੀਤਾ।