ਜਲੰਧਰ, 9 ਅਕਤੂਬਰ (ਐੱਮ. ਐੱਸ. ਲੋਹੀਆ)-ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਸਤੀ ਸ਼ੇਖ ਵਿਖੇ ਕਰਵਾਏ ਗਏ, ਜਿਸ ਦੌਰਾਨ ਅਕਾਲ ਗੁਰਮਤਿ ਸੰਗੀਤ ਵਿਦਿਆਲਾ ਜੱਥਾ (ਗੁਰਦੁਆਰਾ ਬੜ੍ਹੂ ਸਾਹਿਬ) ਜਲੰਧਰ ਦੇ ਸਿਖਿਆਰਥੀਆਂ ਨੇ ਤੰਤੀ ਸਾਜਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਆਪਣੇ ਸੰਬੋਧਨ ਦੌਰਾਨ ਬੇਅੰਤ ਸਿੰਘ ਸਰਹੱਦੀ ਨੇ ਜੱਥੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜੀਏ ਅਤੇ ਗੁਰਮਤਿ ਸੰਗੀਤ ਨੂੰ ਪੁਰਾਤਨ ਰਵਾਇਤੀ ਤਰੀਕੇ ਨਾਲ ਗਾਇਨ ਕਰਦੇ ਹੋਏ ਗੁਰਬਾਣੀ ਦੇ ਰਾਗਾਂ ਦੀ ਮਹੱਤਤਾ ਨੂੰ ਜਾਨਣ ਦਾ ਉਪਰਾਲਾ ਕਰੀਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਗੁਰਮਤਿ ਸੰਗੀਤ ਦੀ ਸਿਖਿਆ ਦੇਣ ਵਾਲੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਇਹ ਬੱਚੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਗੁਰਮਤਿ ਸੰਗੀਤ ਦੀ ਪ੍ਰੰਪਰਾ ਨੂੰ ਅੱਗੇ ਵਧਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਰਾਗਾਂ ਨੂੰ ਸਿਲਸਿਲੇਵਾਰ ਤਰਤੀਬ ਦੇਣੀ ਅਤੇ ਗੁਰੂ ਗ੍ਰੰਥ ਸਾਹਿਬ ’ਚ ਸ਼ਬਦ ਦਰਜ ਕਰਨ ਤੋਂ ਪਹਿਲਾਂ ਰਾਗ ਦੇ ਨਾਮ ਦੀ ਜਾਣਕਾਰੀ ਦੇਣੀ ਰਾਗਾਂ ਦੀ ਵਿਸ਼ੇਸ਼ ਮਹੱਤਤਾ ਨੂੰ ਪ੍ਰਮਾਣਿਤ ਕਰਦੀ ਹੈ। ਸਟੇਜ ਦੀ ਸੇਵਾ ਸਕੱਤਰ ਇੰਦਰਪਾਲ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ। ਵੱਡੀ ਗਿਣਤੀ ਵਿੱਚ ਸੰਗਤ ਨੇ ਦੀਵਾਨ ਦਾ ਅਨੰਦ ਮਾਣਿਆ।