ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ, ਜਲੰਧਰ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਸੰਬੰਧੀ ਸਵੇਰੇ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ’ਚ ਸੰਗਤ ਗੁਰੂ ਚਰਨਾਂ ’ਚ ਨਤਮਸਤਕ ਹੋਈ ਅਤੇ ਕਥਾ-ਕੀਰਤਨ ਦਾ ਅਨੰਦ ਮਾਣਿਆ। ਸਮਾਗਮ ਦੌਰਾਨ ਭਾਈ ਲਵਕੇਸ਼ ਸਿੰਘ (ਜਲੰਧਰ ਵਾਲੇ) ਦੇ ਜੱਥੇ ਨੇ ਸੰਗਤ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਸਮਾਗਮ ਦੌਰਾਨ ਭਾਈ ਸ਼ਨਬੀਰ ਸਿੰਘ ਅਤੇ ਭਾਈ ਰਸ਼ਪਾਲ ਸਿੰਘ ਦੇ ਰਾਗੀ ਜੱਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਕਥਾਵਾਚਕ ਗਿਆਨੀ ਮਨਜੀਤ ਸਿੰਘ ‘ਸੇਵਕ’ ਨੇ ਗੁਰਮਤਿ ਅਨੁਸਾਰ ਕੱਤਕ ਮਹੀਨੇ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ। ਸਮਾਪਤੀ ਮੌਕੇ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ। ਸਟੇਜ ਸਕੱਤਰ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਨੇ ਨਿਭਾਈ। ਪ੍ਰਧਾਨ ਚਰਨਜੀਤ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਸੇਠੀ, ਰਜਿੰਦਰ ਸਿੰਘ ਬੇਦੀ, ਗੁਰਮਿੰਦਰ ਸਿੰਘ, ਰਵਿੰਦਰ ਸਿੰਘ, ਬਲਬੀਰ ਸਿੰਘ, ਗੁਰਜੀਤ ਸਿੰਘ, ਦਵਿੰਦਰ ਸਿੰਘ, ਮਨਵਿੰਦਰ ਸਿੰਘ ਸਹਿਗਲ, ਸਰਦੂਲ ਸਿੰਘ ਕਾਨਪੁਰੀ, ਗੁਰਿੰਦਰ ਸਿੰਘ ਮਝੈਲ, ਅਮਰਜੀਤ ਸਿੰਘ ਬੰਟੀ ਅਤੇ ਹੋਰ ਹਾਜ਼ਰ ਸਨ।ਤਸਵੀਰ — ਰਾਗੀ ਜੱਥੇ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਚਰਨਜੀਤ ਸਿੰਘ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਸੇਠੀ ਅਤੇ ਬਲਬੀਰ ਸਿੰਘ। ਤਸਵੀਰ : ਮੁਨੀਸ਼