ਗਲੀਆਂ ’ਚ ਮਿੱਟੀ ਦੀ ਥਾਂ ਕੂੜੇ ਦੀ ਭਰਤ ਪਾਉਣ ’ਤੇ ਲੋਕਾਂ ਵਲੋਂ ਰੋਸ ਪ੍ਰਗਟ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸੇ ਤਹਿਤ ਸਥਾਨਕ ਮਲੋਟ ਰੋਡ ਸਥਿਤ ਮੰਦਰ ਸਿੰਘ ਸੰਧੂ ਕਾਲੋਨੀ, ਵਾਰਡ ਨੰਬਰ 16 ਵਿਚ ਵੀ ਨਵਾਂ ਸੀਵਰੇਜ ਪਾਇਆ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸੇ ਤਹਿਤ ਸਥਾਨਕ ਮਲੋਟ ਰੋਡ ਸਥਿਤ ਮੰਦਰ ਸਿੰਘ ਸੰਧੂ ਕਾਲੋਨੀ, ਵਾਰਡ ਨੰਬਰ 16 ਵਿਚ ਵੀ ਨਵਾਂ ਸੀਵਰੇਜ ਪਾਇਆ ਗਿਆ ਹੈ। ਇਲਾਕਾ ਵਾਸੀਆਂ ਅਨੁਸਾਰ ਕਾਲੋਨੀ ਦੀਆਂ ਗਲੀਆਂ ਕਾਫ਼ੀ ਨੀਵੀਆਂ ਹੋਣ ਕਾਰਨ ਸੀਵਰੇਜ ਪਾਉਣ ਉਪਰੰਤ ਇਨ੍ਹਾਂ ਵਿਚ ਭਰਤ ਪਾਉਣ ਦੀ ਲੋੜ ਹੈ। ਪਰ ਇੱਥੇ ਮਿੱਟੀ ਦੀ ਥਾਂ ਕੂੜਾ-ਕਰਕਟ ਪਾ ਕੇ ਗਲੀਆਂ ਨੂੰ ਉੱਚਾ ਕਰਨ ਦਾ ਕੰਮ ਕੀਤੇ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਗਲੀਆਂ ਵਿਚ ਪਾਈ ਜਾ ਰਹੀ ਭਰਤ ਵਿਚ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਅਤੇ ਹੋਰ ਕਚਰਾ ਸਾਫ਼ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਕੂੜਾ ਪਿੰਡ ਕਬਰਵਾਲਾ ਸਥਿਤ ਡੰਪ ਤੋਂ ਲਿਆ ਕੇ ਇੱਥੇ ਪਾਇਆ ਜਾ ਰਿਹਾ ਹੈ ਅਤੇ ਕੂੜੇ ਦੀ ਪੂਰੀ ਰੈਮੀਡੇਸ਼ਨ (ਸਫ਼ਾਈ ਅਤੇ ਵਿਗਿਆਨਕ ਢੰਗ ਨਾਲ ਨਿਪਟਾਰਾ) ਕੀਤੇ ਬਿਨਾਂ ਹੀ ਇਸ ਦੀ ਵਰਤੋਂ ਭਰਤ ਵਜੋਂ ਕੀਤੀ ਜਾ ਰਹੀ ਹੈ। ਲੋਕਾਂ ਨੇ ਸਬੰਧਿਤ ਵਿਭਾਗ ਤੋਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਵਾਰਡ ਨੰਬਰ 12 ਦੇ ਕੌਂਸਲਰ ਗੁਰਪ੍ਰੀਤ ਸਿੰਘ ਬਰਾੜ ਵੀ ਮੌਕੇ ’ਤੇ ਪਹੁੰਚੇ। ਕੌਂਸਲਰ ਬਰਾੜ ਨੇ ਕਿਹਾ ਕਿ ਜੇਕਰ ਕੂੜੇ ਦੀ ਪੂਰੀ ਰੈਮੀਡੇਸ਼ਨ ਨਹੀਂ ਹੋਈ ਤਾਂ ਇਸ ਨੂੰ ਗਲੀਆਂ ਦੀ ਭਰਤ ਵਜੋਂ ਵਰਤਣਾ ਗੰਭੀਰ ਮਾਮਲਾ ਹੈ, ਕਿਉਂਕਿ ਇਸ ਨਾਲ ਵਾਤਾਵਰਨ ਅਤੇ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਕੌਂਸਲਰ ਬਰਾੜ ਨੇ ਕਿਹਾ ਕਿ ਜੇਕਰ ਠੇਕੇਦਾਰ ਜਾਂ ਨਗਰ ਕੌਂਸਲ ਨਾਲ ਸਬੰਧਿਤ ਕਿਸੇ ਅਧਿਕਾਰੀ ਦੀ ਮਨਜ਼ੂਰੀ ਨਾਲ ਕੂੜੇ ਦੀ ਭਰਤ ਪਾਈ ਜਾ ਰਹੀ ਹੈ ਤਾਂ ਇਸ ਸਬੰਧੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜੇਕਰ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਸਬੰਧਿਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੂੜੇ ਵਿਚ ਪਲਾਸਟਿਕ ਅਤੇ ਹੋਰ ਕਚਰਾ ਹੋਣਾ ਚਿੰਤਾਜਨਕ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਵਾਈ ਜਾਵੇਗੀ।