ਗਿੱਦੜਬਾਹਾ, 13 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਜੇ.ਐਨ.ਜੇ. ਡੀ.ਏ.ਵੀ. ਸਕੂਲ ਗਿੱਦੜਬਾਹਾ ਦੇ 45 ਖਿਡਾਰੀ ਨੈਸ਼ਨਲ ਖੇਡਾਂ ਲਈ ਚੁਣੇ ਗਏ ਹਨ, ਜਿਸ ਨਾਲ ਸਮੂਹ ਸਟਾਫ਼, ਮਾਪੇ ਤੇ ਪ੍ਰਬੰਧਕਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਪਿ੍ਰੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਸਕੂਲ ਵਲੋਂ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਚ ਪੱਧਰੀ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਤੇ ਖੇਡਾਂ ਵਿਚ ਬੱਚਿਆਂ ਨੂੰ ਵਧੀਆ ਸਿਖਲਾਈ ਦਿੱਤੀ ਜਾਂਦੀ ਹੈ। ਬੀਤੇ ਦਿਨੀਂ ਡੀ.ਏ.ਵੀ. ਸਕੂਲਜ਼ ਦੀਆਂ ਹੋਈਆਂ ਖੇਡਾਂ ਵਿਚ ਸਕੂਲ ਦੇ ਵਿਦਿਅਰਥੀਆਂ ਨੇ ਬਾਕਸਿੰਗ, ਤਾਈਕਵਾਂਡੋ, ਆਰਚਰੀ, ਕੁਸ਼ਤੀ, ਚੈਸ, ਯੋਗਾ ਤੇ ਕਿ੍ਰਕਟ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ, ਜਿਸ ਕਰਕੇ 24 ਤੋਂ 26 ਅਕਤੂਬਰ ਤੱਕ ਦਿੱਲੀ ਵਿਖੇ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਲਈ ਉਨ੍ਹਾਂ ਦੇ ਸਕੂਲ ਦੇ 45 ਵਿਦਿਆਰਥੀ ਚੁਣੇ ਗਏ ਹਨ। ਇਹ ਸਭ ਬੱਚਿਆਂ ਵਲੋਂ ਕੀਤੀ ਗਈ ਸਖ਼ਤ ਮਿਹਨਤ ਤੇ ਕੋਚਾਂ ਦੀ ਕਰਵਾਈ ਹੋਈ ਵਧੀਆ ਉਚ ਪੱਧਰੀ ਸਿਖਲਾਈ ਸਦਕਾ ਹੀ ਸੰਭਵ ਹੋ ਸਕਿਆ ਹੈ। ਸਮੂਹ ਸਟਾਫ਼ ਵਲੋਂ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ ਹੈ।