ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਦੋ ਸਾਲ ਤੋਂ ਮਲੇਸ਼ੀਆ ’ਚ ਫਸੀ ਲੜਕੀ ਭਾਰਤ ਪੁੱਜੀ
ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪਿੰਡ ਸੰਗਰਾਹੂਰ ਜ਼ਿਲ੍ਹਾ ਫ਼ਰੀਦਕੋਟ ਦੀ ਰਹਿਣ ਵਾਲੀ ਸਿਮਰਜੀਤ ਕੌਰ ਪੁੱਤਰੀ ਮੰਗਾ ਸਿੰਘ, ਜੋ ਏਜੰਟਾਂ ਦੇ ਝਾਂਸੇ ਵਿਚ ਆ ਕੇ ਦੋ ਸਾਲ ਪਹਿਲਾਂ ਮਲੇਸ਼ੀਆ ਗਈ ਸੀ, ਨੂੰ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਗਿਆ। ਪਰਿਵਾਰ ਦੇ ਦੋਸ਼ਾਂ ਅਨੁਸਾਰ ਲੜਕੀ ਨੂੰ ਉੱਥੇ ਕੈਦ ਕਰਕੇ ਰੱਖਿਆ ਗਿਆ ਸੀ, ਉਸ ਦੀ ਮਾਪਿਆਂ ਨਾਲ ਗੱਲਬਾਤ ਨਹੀਂ ਕਰਵਾਈ ਜਾਂਦੀ ਸੀ ਅਤੇ ਉਸ ਨਾਲ ਕੁੱਟਮਾਰ ਤੇ ਅੱਤਿਆਚਾਰ ਕੀਤਾ ਜਾਂਦਾ ਸੀ।
ਮ
ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੇ ਦਫ਼ਤਰ ਵਿਖੇ ਭਾਈ ਦਲੇਰ ਸਿੰਘ ਡੋਡ ਨਾਲ ਪੀੜਤ ਪਰਿਵਾਰ। ਅਜੀਤ ਤਸਵੀਰ
24-10-2026
ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪਿੰਡ ਸੰਗਰਾਹੂਰ ਜ਼ਿਲ੍ਹਾ ਫ਼ਰੀਦਕੋਟ ਦੀ ਰਹਿਣ ਵਾਲੀ ਸਿਮਰਜੀਤ ਕੌਰ ਪੁੱਤਰੀ ਮੰਗਾ ਸਿੰਘ, ਜੋ ਏਜੰਟਾਂ ਦੇ ਝਾਂਸੇ ਵਿਚ ਆ ਕੇ ਦੋ ਸਾਲ ਪਹਿਲਾਂ ਮਲੇਸ਼ੀਆ ਗਈ ਸੀ, ਨੂੰ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਗਿਆ। ਪਰਿਵਾਰ ਦੇ ਦੋਸ਼ਾਂ ਅਨੁਸਾਰ ਲੜਕੀ ਨੂੰ ਉੱਥੇ ਕੈਦ ਕਰਕੇ ਰੱਖਿਆ ਗਿਆ ਸੀ, ਉਸ ਦੀ ਮਾਪਿਆਂ ਨਾਲ ਗੱਲਬਾਤ ਨਹੀਂ ਕਰਵਾਈ ਜਾਂਦੀ ਸੀ ਅਤੇ ਉਸ ਨਾਲ ਕੁੱਟਮਾਰ ਤੇ ਅੱਤਿਆਚਾਰ ਕੀਤਾ ਜਾਂਦਾ ਸੀ। ਲੜਕੀ ਦੇ ਮਾਪਿਆਂ ਨੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੇ ਦਫ਼ਤਰ ਵਿਖੇ ਭਾਈ ਦਲੇਰ ਸਿੰਘ ਡੋਡ ਨਾਲ ਸੰਪਰਕ ਕਰਕੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ। ਪਰਿਵਾਰ ਦੀ ਗੰਭੀਰ ਸਮੱਸਿਆ ਨੂੰ ਦੇਖਦਿਆਂ ਭਾਈ ਸਰਬਜੀਤ ਸਿੰਘ ਖਾਲਸਾ ਵਲੋਂ ਭਾਰਤੀ ਹਾਈ ਕਮਿਸ਼ਨ, ਮਲੇਸ਼ੀਆ ਨੂੰ ਈਮੇਲ ਰਾਹੀਂ ਪੱਤਰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਹੋਈ ਕਾਰਵਾਈ ਸਦਕਾ ਸਿਮਰਜੀਤ ਕੌਰ ਨੂੰ ਉੱਥੋਂ ਬਾਹਰ ਕਢਵਾ ਕੇ ਭਾਰਤ ਵਾਪਸ ਲਿਆਂਦਾ ਗਿਆ। ਵਾਪਸ ਪਰਤਣ ਤੋਂ ਬਾਅਦ ਸਿਮਰਜੀਤ ਕੌਰ ਦੇ ਮਾਤਾ-ਪਿਤਾ ਨੇ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਪਹੁੰਚ ਕੇ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਸਰਕਾਰਾਂ ਦੀਆਂ ਨਾਕਾਮੀਆਂ, ਬੇਰੁਜ਼ਗਾਰੀ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਆਮ ਪਰਿਵਾਰਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸੇ ਮਜ਼ਬੂਰੀ ਕਾਰਨ ਮਾਪੇ ਆਪਣੀਆਂ ਧੀਆਂ-ਪੁੱਤਾਂ ਨੂੰ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਭੇਜਣ ਲਈ ਮਜ਼ਬੂਰ ਹੋ ਜਾਂਦੇ ਹਨ। ਧੀਆਂ ਮਾਪਿਆਂ ਦੀ ਇੱਜ਼ਤ ਅਤੇ ਪਰਿਵਾਰ ਦਾ ਸਹਾਰਾ ਹੁੰਦੀਆਂ ਹਨ, ਇਸ ਲਈ ਵਿਦੇਸ਼ ਭੇਜਣ ਸਮੇਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਸਿਮਰਜੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦਿਹਾੜੀ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਮਜ਼ਬੂਰੀ ਵੱਸ ਉਨ੍ਹਾਂ ਨੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਾਈ ਦਲੇਰ ਸਿੰਘ ਡੋਡ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬਿਨਾਂ ਪੂਰੀ ਜਾਂਚ-ਪੜਤਾਲ ਅਤੇ ਭਰੋਸੇਯੋਗ ਜਾਣਕਾਰੀ ਤੋਂ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ, ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਅਜਿਹੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਗੁਰਮੇਲ ਸਿੰਘ ਸੰਗਰਾਹੂਰ, ਸਰਬਜੀਤ ਸਿੰਘ ਹਰਦਿਆਲੇਆਣਾ, ਕਾਲਾ ਖਾਨ ਗੋਲੇਵਾਲਾ, ਜਸਵੀਰ ਸਿੰਘ ਜੱਸੀ, ਜਗਸੀਰ ਸਿੰਘ ਸੰਧੂ ਅਤੇ ਲਖਵੀਰ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ।