ਨਡਾਲਾ-ਬੇਗੋਵਾਲ ਰੋਡ ’ਤੇ ਨੀਂਦ ਵਿਚ ਛੋਟੇ ਹਾਥੀ ਚਾਲਕ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, ਛੋਟਾ ਹਾਥੀ ਚਾਲਕ ਜ਼ਖਮੀ ਹਾਦਸੇ ਵਿਚ ਟਰੈਕਟਰ ਦੋ ਹਿੱਸਿਆਂ ’ਚ ਵੰਡਿਆ
ਨਡਾਲਾ, 6 ਸਤੰਬਰ (ਰਘਬਿੰਦਰ ਸਿੰਘ)-ਅੱਜ ਦੁਪਹਿਰ ਕਰੀਬ ਡੇਢ ਵਜੇ ਨਡਾਲਾ-ਬੇਗੋਵਾਲ ਸੜਕ ‘ਤੇ ਬਿਜਲੀ ਦਫ਼ਤਰ ਨਡਾਲਾ ਨੇੜੇ ਇੱਕ ਛੋਟੇ ਹਾਥੀ ਅਤੇ ਟਰੈਕਟਰ-ਟਰਾਲੀ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ | ਹਾਦਸੇ ਵਿਚ ਛੋਟੇ ਹਾਥੀ ਦਾ ਚਾਲਕ ਜ਼ਖਮੀ ਹੋ ਗਿਆ, ਜਦਕਿ ਟੱਕਰ ਕਾਰਨ ਟਰੈਕਟਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਵਾਹਨ ਦਾ ਕਾਫ਼ੀ ਨੁਕਸਾਨ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਕਟਰ ਚਾਲਕ ਰਵਿੰਦਰ ਸਿੰਘ ਸੋਨੂੰ ਵਾਸੀ ਰਾਏਪੁਰ ਰਾਜਪੂਤਾਂ ਨੇ ਦੱਸਿਆ ਕਿ ਉਹ ਨਡਾਲਾ ਤੋਂ ਬੱਜਰੀ ਨਾਲ ਭਰੀ ਟਰਾਲੀ ਲੈ ਕੇ ਆਪਣੇ ਪਿੰਡ ਰਾਏਪੁਰ ਰਾਜਪੂਤਾਂ ਵੱਲ ਜਾ ਰਿਹਾ ਸੀ | ਇਸ ਦੌਰਾਨ ਸਾਹਮਣੇ ਤੋਂ ਇੱਕ ਛੋਟਾ ਹਾਥੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ | ਉਸ ਨੇ ਦੱਸਿਆ ਕਿ ਮੈਂ ਸਮਝਿਆ ਕਿ ਸੜਕ ‘ਤੇ ਟੋਇਆ ਹੋਣ ਕਾਰਨ ਛੋਟੇ ਹਾਥੀ ਦੇ ਚਾਲਕ ਵੱਲੋਂ ਵਾਹਨ ਨੂੰ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਦੇਖਦਿਆਂ ਉਸ ਨੇ ਵੀ ਆਪਣਾ ਟਰੈਕਟਰ ਕੱਚੀ ਸਾਈਡ ‘ਤੇ ਉਤਾਰ ਲਿਆ | ਇਸ ਦੇ ਬਾਵਜੂਦ ਛੋਟਾ ਹਾਥੀ ਉਸ ਦੇ ਟਰੈਕਟਰ ਨਾਲ ਜਾ ਟਕਰਾਇਆ, ਜਿਸ ਕਾਰਨ ਟਰੈਕਟਰ ਦੋ ਹਿੱਸਿਆਂ ਵਿਚ ਵੰਡਿਆ ਗਿਆ | ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉੱਧਰ, ਛੋਟੇ ਹਾਥੀ ਦੇ ਚਾਲਕ ਦਲੀਪ ਸਿੰਘ ਵਾਸੀ ਵੱਡੀ ਮਿਆਣੀ (ਹੁਸ਼ਿਆਰਪੁਰ) ਨੂੰ ਹਾਦਸੇ ਤੋਂ ਬਾਅਦ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਵਾਹਨ ਵਿਚੋਂ ਬਾਹਰ ਕੱਢਿਆ ਗਿਆ | ਦਲੀਪ ਸਿੰਘ ਨੇ ਦੱਸਿਆ ਕਿ ਉਹ ਆਲਮਪੁਰ (ਦਸੂਹਾ) ਤੋਂ ਸਵਾਰੀਆਂ ਲੈ ਕੇ ਤਲਵੰਡੀ ਚੌਧਰੀਆਂ ਵਿਖੇ ਪੀਰ ਦੀ ਜਗ੍ਹਾ ‘ਤੇ ਮੱਥਾ ਟੇਕਣ ਲਈ ਜਾ ਰਿਹਾ ਸੀ | ਉਸ ਮੁਤਾਬਿਕ ਅਚਾਨਕ ਅੱਖ ਲੱਗ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ | ਹਾਦਸੇ ਦੀ ਸੂਚਨਾ ਮਿਲਣ ‘ਤੇ ਨਡਾਲਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |