ਨਸ਼ੇ ਦਾ ਸੇਵਨ
ਕਰਨ ਵਾਲੇ ਦੋ ਕਾਬੂ ਫਗਵਾੜਾ, 10 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ| ਥਾਣਾ ਸਤਨਾਮਪੁਰਾ ਦੇ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ‘ਚ ਗਸ਼ਤ ਕਰ ਰਹੇ ਸਨ | ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪਿੰਡ ਮਹੇੜੂ ਦੇ ਟੀ-ਪੁਆਇੰਟ ਨੇੜੇ ਪਹੁੰਚੀ ਤਾਂ ਹਰਦਾਸਪੁਰ ਰੋਡ ‘ਤੇ ਸਕੂਲ ਨੇੜੇ ਇੱਕ ਬੰਦ ਪਈ ਦੁਕਾਨ ‘ਚ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ| ਪੁਲਿਸ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਪਛਾਣ ਕਸ਼ਮੀਰ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਪਿੰਡ ਖੇੜਾ ਵਜੋਂ ਹੋਈ| ਇਸੇ ਤਰ੍ਹਾਂ ਥਾਣਾ ਸਿਟੀ ਦੇ ਥਾਣੇਦਾਰ ਜਤਿੰਦਰਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਲੋਹਾ ਮੰਡੀ ਚੌਕ ਨੇੜੇ ਗਸ਼ਤ ਕਰ ਰਹੇ ਸਨ | ਇਸ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪੁਰਾਣੇ ਸਿਵਲ ਹਸਪਤਾਲ ਬੰਗਾ ਰੋਡ ਨੇੜੇ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਹੈ | ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮੌਕੇ ਤੋਂ ਨੌਜਵਾਨ ਨੂੰ ਕਾਬੂ ਕਰ ਲਿਆ | ਕਾਬੂ ਕੀਤੇ ਨੌਜਵਾਨ ਦੀ ਪਛਾਣ ਜੋਨੀ ਉਰਫ਼ ਜਾਨੀ ਪੁੱਤਰ ਸਤਪਾਲ ਵਾਸੀ ਪਿੰਡ ਕੁਲਾ ਵਜੋਂ ਹੋਈ ਹੈ |