ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਖਾਣ ਪੀਣ ਵਾਲੀਆਂ ਵਸਤੂਆਂ ਦੇ 72 ਸੈਂਪਲ ਭਰ ਕੇ ਜਾਂਚ ਲਈ ਭੇਜੇ
ਕਪੂਰਥਲਾ, 18 ਅਕਤੂਬਰ (ਸਡਾਨਾ)-ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟੀ ਖਾਦ ਪਦਾਰਥਾਂ ਦੀ ਵਿੱਕਰੀ ਵਿਰੁੱਧ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕਰਕੇ 72 ਵਸਤੂਆਂ ਦੇ ਨਮੂਨੇ ਜਾਂਚ ਲਈ ਭਰੇ ਗਏ | ਇਨ੍ਹਾਂ ਸੈਂਪਲਾਂ ਵਿਚ ਜ਼ਿਆਦਾਤਰ ਨਮੂਨੇ ਦੁੱਧ ਤੋਂ ਬਣੇ ਪਦਾਰਥਾਂ, ਬੇਕਰੀ ਦੀਆਂ ਵਸਤੂਆਂ ਤੇ ਕਰਿਆਨੇ ਆਦਿ ਦਾ ਸਮਾਨ ਸ਼ਾਮਲ ਹੈ | ਜਿਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਖਰੜ ਵਿਖੇ ਭੇਜਿਆ ਗਿਆ ਹੈ | ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸ ਜਾਂਚ ਮੁਹਿੰਮ ਦਾ ਮੁੱਖ ਉਦੇਸ਼ ਤਿਉਹਾਰਾਂ ਦੌਰਾਨ ਲੋਕਾਂ ਨੂੰ ਮਠਿਆਈਆਂ ਤੇ ਹੋਰ ਖਾਣ ਵਾਲੇ ਪਦਾਰਥਾਂ ਨੂੰ ਮਿਆਰੀ ਪੱਧਰ ‘ਤੇ ਮੁਹੱਈਆ ਕਰਵਾਉਣਾ ਹੈ | ਸਹਾਇਕ ਫੂਡ ਕਮਿਸ਼ਨਰ ਡਾ: ਹਰਜੋਤਪਾਲ ਸਿੰਘ, ਫੂਡ ਸੇਫ਼ਟੀ ਅਫ਼ਸਰਾਂ ਰਮਨ ਵਿਰਦੀ ਤੇ ਮਹਿਕ ਸੈਣੀ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਖਾਦ ਪਦਾਰਥ ਵੇਚਣ ਵਾਲੇ ਨਿਯਮਾਂ ਅਤੇ ਗੁਣਵੱਤਾ ਦੀ ਸਹੀ ਪਾਲਣਾ ਕਰਨ |