ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਦੇ ਪਲੇ-ਵੇ ਵਿੰਗ ਕਿਡੀਜ਼ ਵਰਲਡ, ਆਦਰਸ਼ ਨਗਰ, ਫਗਵਾੜਾ ਵਿਖੇ ਪ੍ਰੀ-ਨਰਸਰੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਗਰੈਜੂਏਸ਼ਨ ਸੈਰੇਮਨੀ ਕਰਵਾਈ ਗਈ| ਇਹ ਸਮਾਗਮ ਸਕੂਲ ਦੀ ਕਿਡੀਜ਼ ਵਰਲਡ ਕੋਆਰਡੀਨੇਟਰ ਮਿਸ ਪ੍ਰੀਤੀ ਸੋਨੀ ਦੀ ਸੁਚੱਜੀ ਦੇਖ-ਰੇਖ ਹੇਠ ਸੰਪੰਨ ਹੋਇਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿੱਥੇ ਬੱਚਿਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਨੂੰ ਇਸ ਵਿਸ਼ੇਸ਼ ਦਿਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸਟੇਜ ‘ਤੇ ਇੱਕ ਤੋਂ ਵਧ ਕੇ ਇੱਕ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ | ਬੱਚਿਆਂ ਦੇ ਮਨਮੋਹਕ ਡਾਂਸ, ਕਵਿਤਾਵਾਂ ਅਤੇ ਗੀਤਾਂ ਨੇ ਹਾਜ਼ਰ ਸਾਰਿਆਂ ਦਾ ਮਨ ਮੋਹ ਲਿਆ | ਸਟੇਜ ’ਤੇ ਬੱਚਿਆਂ ਦੀ ਮਾਸੂਮ ਮੁਸਕਾਨ ਅਤੇ ਆਤਮ-ਵਿਸ਼ਵਾਸ ਨੇ ਪੂਰੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ | ਗਰੈਜੂਏਸ਼ਨ ਸੈਰੇਮਨੀ ਦੌਰਾਨ ਬੱਚਿਆਂ ਨੂੰ ਰਵਾਇਤੀ ਗਰੈਜੂਏਸ਼ਨ ਗਾਊਨ ਅਤੇ ਕਾਲੀਆਂ ਕੈਂਪਾਂ ਪਹਿਨਾਈਆਂ ਗਈਆਂ | ਬੱਚਿਆਂ ਨੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿੱਤ ਕੁਮਾਰ ਸ਼ਰਮਾ ਤੋਂ ਆਪਣੇ ਜੀਵਨ ਦਾ ਪਹਿਲਾ ਗਰੈਜੂਏਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ | ਇਸ ਮੌਕੇ ਮਿਸ ਪ੍ਰੀਤੀ ਸੋਨੀ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਅਗਲੀ ਜਮਾਤ ’ਚ ਜਾਣ ਲਈ ਢੇਰ ਸਾਰਾ ਪਿਆਰ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿੱਤ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ|