04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2013

ਅਜੀਤ ਡੈਸਕ 30-11-2013

 ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ 'ਅਜੀਤ' ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ 'ਪੰਜਾਬ ਦੀ ਆਵਾਜ਼' ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮੱਰਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ ਜਾਗਦੀ ਉਦਾਹਰਨ ਰੋਜ਼ਾਨਾ 'ਅਜੀਤ' ਹੈ ਜੋ ਕਵਰੇਜ਼ ਅਤੇ ਸਜਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ। 'ਅਜੀਤ' ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਰਦੂ 'ਅਜੀਤ' 1941 ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਛੱਪਣਾ ਸ਼ੁਰੂ ਹੋਇਆ ਸੀ। ਸ. ਅਮਰ ਸਿੰਘ ਦੁਸਾਂਝ ਅਤੇ ਮਾਸਟਰ ਅਜੀਤ ਸਿੰਘ ਅੰਬਾਲਵੀ ਇਸ ਦੇ ਕਰਤਾ-ਧਰਤਾ ਤੇ ਸੰਪਾਦਕ ਸਨ। ਇਹ ਇਕ ਛੋਟੇ ਆਕਾਰ ਵਾਲਾ ਚਾਰ ਸਫ਼ਿਆਂ ਦਾ ਹਫ਼ਤਾਵਰੀ ਅਖ਼ਬਾਰ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਭਾਈਚਾਰੇ ਕੋਲ ਅਜਿਹਾ ਕੋਈ ਰੋਜ਼ਾਨਾ ਅਖ਼ਬਾਰ ਨਹੀਂ ਸੀ ਜੋ ਉਨ੍ਹਾਂ ਦੇ ਹਿਤਾਂ ਦੀ ਗੱਲ ਕਰ ਸਕੇ। ਨਵੰਬਰ 1942 ਵਿਚ ਉਰਦੂ 'ਅਜੀਤ' ਰੋਜ਼ਾਨਾ ਹੋ ਗਿਆ ਅਤੇ ਲਾਹੌਰ ਤੋਂ ਛਪਣ ਲੱਗਾ। ਇਸ ਦਾ ਪ੍ਰਬੰਧ ਉਦੋਂ ਦੇ ਸਿਵਲ ਸਪਲਾਈ ਮੰਤਰੀ ਸ: ਬਲਦੇਵ ਸਿੰਘ ਦੇ ਹੱਥਾਂ ਵਿਚ ਆ ਗਿਆ। ਉਨ੍ਹਾਂ ਨੇ ਸ: ਸੰਪੂਰਨ ਸਿੰਘ ਦੀ ਚੇਅਰਮੈਨਸ਼ਿਪ ਹੇਠ ਅਖ਼ਬਾਰ ਦਾ ਪ੍ਰਬੰਧ ਸੰਭਾਲਣ ਲਈ ਪੰਜਾਬ ਨਿਊਜ਼ ਪੇਪਰਜ਼ ਲਿਮਿਟਿਡ ਸੁਸਾਈਟੀ ਦਾ ਗਠਨ ਕੀਤਾ। ਉਸ ਵੇਲੇ ਦੇ ਵਿਧਾਇਕ ਸ: ਲਾਲ ਸਿੰਘ ਕਮਲਾ ਅਕਾਲੀ ਨੂੰ ਇਸ ਦਾ ਮੁੱਖ ਸੰਪਾਦਕ ਬਣਾਇਆ ਗਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ 'ਅਜੀਤ' ਜਲੰਧਰ ਤੋਂ ਛੱਪਣਾ ਸ਼ੁਰੂ ਹੋਇਆ। ਸ: ਸਾਧੂ ਸਿੰਘ ਹਮਦਰਦ ਇਸ ਦੇ ਮੁੱਖ ਸੰਪਾਦਕ ਸਨ। 1955 ਵਿਚ ਉਰਦੂ 'ਅਜੀਤ' ਨੂੰ ਪੰਜਾਬੀ ਦੀ 'ਅਜੀਤ ਪਤ੍ਰਿਕਾ' ਵਿਚ ਬਦਲ ਦਿੱਤਾ ਗਿਆ, ਜਿਸ ਦਾ ਨਾਂਅ 1957 ਵਿਚ ਮੁੜ ਬਦਲ ਕੇ ਪੰਜਾਬੀ 'ਅਜੀਤ' ਰੱਖ ਦਿੱਤਾ ਗਿਆ। ਇਹ ਹੁਣ ਵੀ ਇਸੇ ਨਾਂਅ ਹੇਠ ਛੱਪ ਰਿਹਾ ਹੈ। ਪੰਜਾਬੀ 'ਅਜੀਤ' ਦੇ ਬਾਨੀ ਸੰਪਾਦਕ ਡਾ: ਸਾਧੂ ਸਿੰਘ ਹਮਦਰਦ ਆਪਣੇ ਆਖਰੀ ਸਾਹਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਹ 29 ਜੁਲਾਈ, 1984 ਨੂੰ ਸਵਰਗ ਸਿਧਾਰ ਗਏ।
ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜਤਾ ਨਾਲ ਡਾ: ਹਮਦਰਦ ਨੇ ਇਸ ਛੋਟੇ ਜਿਹੇ ਪੌਦੇ ਨੂੰ ਪਾਲ ਪੋਸ ਕੇ ਇਕ ਵੱਡੇ ਦਰਖ਼ਤ ਦਾ ਰੂਪ ਦਿੱਤਾ। ਇਹ ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦਾ ਮਹਾਨ ਯੋਗਦਾਨ ਹੀ ਸੀ, ਜਿਸ ਕਾਰਨ 1968 ਵਿਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 'ਸ਼੍ਰੋਮਣੀ ਪੱਤਰਕਾਰ' ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਡਾ: ਸਾਧੂ ਸਿੰਘ ਹਮਦਰਦ ਪਹਿਲੇ ਦਿਨੋਂ ਹੀ 'ਅਜੀਤ' ਵੱਲੋਂ ਪੁੱਟੀ ਗਈ ਹਰੇਕ ਪੁਲਾਂਘ ਨਾਲ ਜੁੜੇ ਰਹੇ। ਉਨ੍ਹਾਂ ਦੇ ਯਤਨਾ ਸਦਕਾ ਹੀ 'ਅਜੀਤ' ਦਾ ਆਕਾਰ 20×30/4 ਤੋਂ ਵਧਾ ਕੇ 20×30/2 ਕਰ ਦਿੱਤਾ ਗਿਆ। ਹੋਰ ਪੰਜਾਬੀ ਅਖ਼ਬਾਰਾਂ ਨੇ ਇਸ ਮਾਮਲੇ ਵਿਚ 'ਅਜੀਤ' ਵੱਲੋਂ ਪਾਈਆਂ ਪੈੜਾਂ ਨੂੰ ਅਪਣਾਇਆ। ਇਕ ਹੋਰ ਮਹੱਤਵਪੂਰਨ ਕਦਮ 'ਅਜੀਤ' ਵੱਲੋਂ ਇਹ ਉਠਾਇਆ ਗਿਆ ਕਿ ਦੋ ਆਨਿਆਂ ਦੀ ਕੀਮਤ ਵਿਚ ਛੇ ਸਫ਼ੇ ਮੁਹੱਈਆ ਕਰਵਾਣੇ ਸ਼ੁਰੂ ਕਰ ਦਿੱਤੇ ਗਏ ਜਦ ਕਿ ਪਹਿਲਾਂ ਇਕ ਆਨੇ ਦੀ ਕੀਮਤ 'ਤੇ ਚਾਰ ਸਫ਼ੇ ਦਿੱਤੇ ਜਾਂਦੇ ਸਨ। ਫਿਰ 'ਅਜੀਤ' ਦਾ ਪੁਆਇੰਟ ਸਾਇਜ਼ 18 ਤੋਂ 12 ਕਰ ਦਿੱਤਾ ਗਿਆ। ਦੂਜੇ ਪੰਜਾਬੀ ਅਖ਼ਬਾਰਾਂ ਨੇ ਵੀ ਅਜਿਹਾ ਹੀ ਕੀਤਾ। ਮੌਜੂਦਾ ਸਮੇਂ ਵਿਚ 'ਅਜੀਤ' ਦਾ ਪੁਆਇੰਟ ਸਾਇਜ਼ 8.5 ਹੈ।
ਪੰਜਾਬੀ ਅਖਬਾਰਾਂ ਵਿਚ ਵਿਸ਼ੇਸ਼ ਸਪਲੀਮੈਂਟ ਛਾਪਣ ਦੀ ਪਿਰਤ ਵੀ 'ਅਜੀਤ' ਨੇ ਹੀ ਪਾਈ ਸੀ। ਇਸ ਨੇ ਹਫਤੇ ਵਿਚ ਇਕ ਸਪਲੀਮੈਂਟ ਕੱਢਣਾ ਸ਼ੁਰੂ ਕੀਤਾ ਅਤੇ ਇਨ੍ਹਾਂ ਨੂੰ ਹਰ ਰੋਜ਼ ਇਕ ਜਾਂ ਦੋ ਸਪਲੀਮੈਂਟਾਂ ਤੱਕ ਵਧਾ ਦਿੱਤਾ। ਅੱਜਕਲ੍ਹ 'ਅਜੀਤ' ਵੱਲੋਂ ਲਗਪਗ ਹਰ ਰੋਜ਼ ਚਾਰ ਸਫ਼ਿਆਂ ਦਾ ਵੱਖਰਾ ਸਚਿਤਰ ਸਪਲੀਮੈਂਟ ਦਿੱਤਾ ਜਾ ਰਿਹਾ ਹੈ। ਇਹ ਸਪਲੀਮੈਂਟ ਖੇਡਾਂ, ਸਿਹਤ, ਨਾਰੀ, ਮਨੋਰੰਜਨ, ਸਿੱਖਿਆ, ਧਰਮ, ਸੱਭਿਆਚਾਰ, ਖੇਤੀਬਾੜੀ ਅਤੇ ਨਵੀਂ ਤਕਨਾਲੋਜੀ ਅਤੇ ਗਿਆਨ ਵਿਗਿਆਨ ਆਦਿ ਪੱਖਾਂ ਨੂੰ ਸਮੇਟਦੇ ਹਨ।
ਸ: ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਮਗਰੋਂ 'ਅਜੀਤ' ਦੀ ਜ਼ਿੰਮੇਵਾਰੀ ਸ: ਬਰਜਿੰਦਰ ਸਿੰਘ ਹਮਦਰਦ ਦੇ ਮੋਢਿਆਂ 'ਤੇ ਆਣ ਪਈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਚ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਸਨ। ਆਪਣੇ ਤਜਰਬੇ ਨਾਲ ਸ: ਬਰਜਿੰਦਰ ਸਿੰਘ ਹਮਦਰਦ ਨੇ 'ਅਜੀਤ' ਦੀ ਡਿਜ਼ਾਈਨਿੰਗ ਅਤੇ ਸਮੱਗਰੀ ਵਿਚ ਬਹੁਤ ਸੁਧਾਰ ਕੀਤਾ। ਉਨ੍ਹਾਂ ਨੇ ਆਧੁਨਿਕ ਵਿਕਾਸ ਅਤੇ ਤਕਨਾਲੋਜੀ ਨਾਲ ਕਦਮ ਮਿਲਾਉਂਦਿਆਂ 'ਅਜੀਤ' ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਿਆ ਅਤੇ ਇਸ ਤਰ੍ਹਾਂ 'ਅਜੀਤ' ਦੀ ਛਪਣ ਗਿਣਤੀ ਵਿਚ ਅਥਾਹ ਵਾਧਾ ਹੋਇਆ। ਅੱਜ 'ਅਜੀਤ' ਹਰ ਇਕ ਪੰਜਾਬੀ ਦੀ ਬੈਠਕ ਲਈ ਇਕ 'ਸਟੇਟਸ ਸਿੰਬਲ' ਬਣ ਚੁੱਕਾ ਹੈ। 'ਅਜੀਤ' ਨੇ ਆਪਣੇ ਲਈ ਇਕ ਅਜਿਹਾ ਨੈਟਵਰਕ ਸਥਾਪਤ ਕੀਤਾ ਹੈ, ਜਿਸ ਨੂੰ ਸਥਾਪਤ ਕਰਨ ਦੀ ਕਲਪਨਾ ਕੋਈ ਕੌਮੀ ਪੱਧਰ ਦਾ ਅਖਬਾਰ ਹੀ ਕਰ ਸਕਦਾ ਹੈ।
ਸ: ਸਾਧੂ ਸਿੰਘ ਹਮਦਰਦ ਟਰੱਸਟ, ਜਿਸ ਵੱਲੋਂ 'ਅਜੀਤ' ਛਾਪਿਆ ਜਾਂਦਾ ਹੈ, ਨੇ 1996 ਵਿਚ ਇਕ ਹੋਰ ਮੀਲ-ਪੱਥਰ ਕਾਇਮ ਕੀਤਾ, ਜਦੋਂ ਪੰਜਾਬੀ 'ਅਜੀਤ' ਦੇ ਨਾਲ-ਨਾਲ ਹਿੰਦੀ ਵਿਚ 'ਅਜੀਤ ਸਮਾਚਾਰ' ਵੀ ਸ਼ੁਰੂ ਕੀਤਾ ਗਿਆ। ਇਸ ਨੂੰ ਹਿੰਦੀ ਦੇ ਕੁਝ ਸਭ ਤੋਂ ਚੰਗੇ ਰੋਜ਼ਾਨਾ ਛਪਣ ਵਾਲੇ ਅਖਬਾਰਾਂ ਵਿਚ ਗਿਣਿਆ ਜਾਂਦਾ ਹੈ। 'ਅਜੀਤ ਸਮਾਚਾਰ' ਗੁਆਂਢੀ ਰਾਜਾਂ ਜੰਮੂ-ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਆਪਣਾ ਆਧਾਰ ਬਣਾਉਣ ਵਿਚ ਸਫਲ ਰਿਹਾ ਹੈ।
ਆਪਣੇ ਸੁਯੋਗ ਪਾਠਕਾਂ ਦੇ ਸਮਰਥਨ ਨਾਲ 'ਅਜੀਤ' ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਖ ਬੁਲਾਰਾ ਬਣਨ ਦਾ ਮਾਣ ਹਾਸਲ ਹੋਇਆ ਹੈ। 'ਅਜੀਤ' ਵੱਖ-ਵੱਖ ਸਮਿਆਂ 'ਤੇ ਸਦਾ ਪੰਜਾਬੀ ਲੋਕਾਂ ਨਾਲ ਡਟ ਕੇ ਖਲੋਤਾ ਹੈ। ਭਾਵੇਂ ਪੰਜਾਬ ਵਿਚ ਆਏ ਹੜ੍ਹਾਂ ਦਾ ਮਾਮਲਾ ਹੋਵੇ ਜਾਂ ਕਾਰਗਿਲ ਲੜਾਈ ਦਾ ਜਾਂ ਫਿਰ ਪੰਜਾਬੀਆਂ ਵੱਲੋਂ ਉੜੀਸਾ ਵਿਚ ਤੂਫਾਨ ਪੀੜਤਾਂ ਨੂੰ ਰਾਹਤ ਦੇਣ ਦਾ, 'ਅਜੀਤ' ਨੇ ਆਪਣੇ ਫਰਜ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ। ਆਪਣੇ ਪਾਠਕਾਂ ਤੋਂ ਹਾਸਲ ਹੋਏ ਦਾਨ ਅਤੇ ਸਹਿਯੋਗ ਨਾਲ 'ਅਜੀਤ' ਨੇ ਹਰ ਸਮੇਂ ਆਫਤ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਦੀ ਸਹਾਇਤਾ ਕੀਤੀ ਹੈ। ਇਸ ਦੀ ਇਕ ਉਦਾਹਰਨ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਕਰੋੜ ਰੁਪਏ ਫੰਡ ਇਕੱਠਾ ਕਰਨਾ ਅਤੇ ਵੰਡਣਾ ਹੈ।
'ਅਜੀਤ' ਨੇ ਆਪਣੀ ਵੈਬਸਾਈਟ www.ajitjalandhar.com ਜਾਰੀ ਕਰਕੇ 21 ਜੁਲਾਈ 2002 ਨੂੰ ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਕਦਮ ਰੱਖੇ। 'ਅਜੀਤ' ਵੈਬਸਾਈਟ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਹਰਮਨ ਪਿਆਰੀ ਹੈ। ਜਿਸ ਦੇ ਦੁਆਰਾ ਉਹ ਆਪਣੇ ਵਿਚਾਰਾਂ ਅਤੇ ਸਮੱਸਿਆਵਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
ਇਹੀ ਕਾਰਨ ਹੈ ਕਿ ਹਰ ਪੰਜਾਬੀ 'ਅਜੀਤ' ਅਤੇ 'ਅਜੀਤ ਸਮਾਚਾਰ' ਨੂੰ ਪੜ੍ਹਨਾ ਬਣੇ ਮਾਣ ਦੀ ਗੱਲ ਸਮਝਦਾ ਹੈ।

ਪਿਛਲੀ ਖ਼ਬਰ kn ਅਗਲੀ ਖ਼ਬਰ kn

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।