16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2017

ਨਵੀਂ ਸੰਸਾਰਿਕ ਵਿਵਸਥਾ ਵੱਲ ਵਧ ਰਹੀ ਹੈ ਦੁਨੀਆ

drinking water
ਅਜੀਤ ਡੈਸਕ 31-12-2017

ਸਾਲ 2017 ਵਿਚ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ, ਪ੍ਰੰਤੂ ਇਨ੍ਹਾਂ ਵਿਚੋਂ ਕੁਝ ਅਜਿਹੀਆਂ ਹਨ, ਜਿਨ੍ਹਾਂ ਨੇ ਸੰਸਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਚੀਨ ਦੀ ਕਮਿਊਨਿਸਟ ਪਾਰਟੀ ਦੀ 19ਵੀਂ ਕਾਨਫਰੰਸ, ਰੂਸ ਦੀ ਸੀਰੀਆ ਵਿਚ ਜਿੱਤ, ਉੱਤਰੀ ਕੋਰੀਆ ਦੀ ਸਥਿਤੀ, ਜਰਮਨੀ ਦੇ ਪ੍ਰਧਾਨ ਦੀ ਚੋਣ, ਪੱਛਮੀ ਸਰਮਾਏਦਾਰ ਦੇਸ਼ਾਂ ਵਿਚ ਵੱਡੇ ਪੱਧਰ 'ਤੇ ਲਾਏ ਗਏ ਛੇੜਛਾੜ ਅਤੇ ਕਾਮੁਕ ਸ਼ੋਸ਼ਣ ਦੇ ਇਲਜ਼ਾਮ, ਟਰੰਪ ਦਾ ਪੈਰਿਸ ਵਾਤਾਵਰਨ ਸਮਝੌਤੇ ਤੋਂ ਬਾਹਰ ਨਿਕਲਣ ਦਾ ਐਲਾਨ ਅਤੇ ਟਰੰਪ ਦਾ ਯੇਰੂਸ਼ਲਮ ਬਾਰੇ ਫ਼ੈਸਲਾ ਅਜਿਹੀਆਂ ਘਟਨਾਵਾਂ ਕਹੀਆਂ ਜਾ ਸਕਦੀਆਂ ਹਨ।
ਜੇ ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਇਕ ਸਾਂਝੀ ਕੜੀ ਲੱਭਣ ਦਾ ਯਤਨ ਕੀਤਾ ਜਾਵੇ ਤਾਂ ਇਹ ਪ੍ਰਭਾਵ ਪੈਂਦਾ ਹੈ ਕਿ ਪੱਛਮੀ ਸਰਮਾਏਦਾਰੀ ਵਿਵਸਥਾ ਬਹੁਤ ਹੀ ਡੂੰਘੇ ਆਰਥਿਕ, ਸਮਾਜਿਕ, ਸੱਭਿਆਚਾਰਕ, ਫ਼ੌਜੀ ਅਤੇ ਰਾਜਨੀਤਕ ਸੰਕਟਾਂ ਵਿਚ ਘਿਰ ਚੁੱਕੀ ਹੈ ਅਤੇ ਇਸ ਵਿਚੋਂ ਨਿਕਲਣ ਦੇ ਰਸਤੇ ਬੰਦ ਹੁੰਦੇ ਨਜ਼ਰ ਆ ਰਹੇ ਹਨ। ਇਸ ਵਿਵਸਥਾ ਦਾ ਇਸ ਸਦੀ ਦੇ ਮੱਧ (2050) ਤੱਕ ਢਹਿ ਹੋ ਜਾਣਾ ਲਗਪਗ ਨਿਸ਼ਚਿਤ ਨਜ਼ਰ ਆ ਰਿਹਾ ਹੈ। ਪਿਛਲੀਆਂ ਦੋ ਸਦੀਆਂ ਤੋਂ ਚਲੀ ਆ ਰਹੀ ਪੱਛਮੀ ਪ੍ਰਬਲਤਾ ਅਤੇ ਉਸ 'ਤੇ ਆਧਾਰਿਤ ਇਕ ਧਰੁਵੀ ਵਿਵਸਥਾ ਤੇਜ਼ੀ ਨਾਲ ਆਪਣੇ ਅੰਤ ਵੱਲ ਵਧਦੀ ਨਜ਼ਰ ਆ ਰਹੀ ਹੈ। ਸੰਸਾਰ ਇਕ ਨਵੀਂ ਸੰਸਾਰਿਕ ਵਿਵਸਥਾ ਵੱਲ ਵਧ ਰਿਹਾ ਹੈ, ਜਿਸ ਵਿਚ ਪੂਰਬ ਦਾ ਬੋਲਬਾਲਾ ਹੋਵੇਗਾ ਅਤੇ ਇਹ ਬਹੁ-ਧਰੁਵੀ ਹੋਵੇਗੀ। ਇਸ ਤਬਦੀਲੀ ਦੀ ਅਗਵਾਈ ਰੂਸ ਅਤੇ ਚੀਨ ਕਰਨਗੇ। ਭਾਰਤ ਦੀ ਇਸ ਤਬਦੀਲੀ ਅਤੇ ਨਵੀਂ ਵਿਵਸਥਾ ਵਿਚ ਭੂਮਿਕਾ ਅਜੇ ਅਨਿਸਚਿਤ ਲਗਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰੇਗੀ ਕਿ, ਕੀ ਭਾਰਤ ਰੂਸ ਅਤੇ ਚੀਨ ਨਾਲ ਮਿਲ ਕੇ ਮੌਜੂਦਾ ਸੰਸਾਰਿਕ ਵਿਵਸਥਾ ਦੀ ਥਾਂ 'ਤੇ ਇਕ ਨਵੀਂ ਸੰਸਾਰਿਕ ਵਿਵਸਥਾ ਸਥਾਪਤ ਕਰਨ ਦੇ ਯਤਨਾਂ ਵਿਚ ਸ਼ਾਮਿਲ ਹੁੰਦਾ ਹੈ ਜਾਂ ਅਮਰੀਕਾ, ਇਜ਼ਰਾਈਲ ਅਤੇ ਹੋਰ ਅਜਿਹੇ ਦੇਸ਼ਾਂ ਨਾਲ ਮਿਲ ਕੇ ਮੌਜੂਦਾ ਸੰਸਾਰਿਕ ਵਿਵਸਥਾ ਕਾਇਮ ਰੱਖਣ ਦੇ ਯਤਨਾਂ ਵਿਚ ਸ਼ਾਮਿਲ ਹੁੰਦਾ ਹੈ। ਜ਼ਾਹਿਰ ਹੈ ਕਿ ਭਾਰਤ ਅਤੇ ਭਾਰਤੀ ਲੋਕਾਂ ਦੇ ਬੁਨਿਆਦੀ ਹਿਤ ਨਵੀਂ ਵਿਵਸਥਾ ਵਿਚ ਵਧੇਰੇ ਸੁਰੱਖਿਅਤ ਹਨ, ਪ੍ਰੰਤੂ ਜੇ ਭਾਰਤ ਦੂਜੇ ਪਾਸੇ ਜਾਂਦਾ ਹੈ ਤਾਂ ਭਾਰਤ ਤੇ ਭਾਰਤੀ ਲੋਕਾਂ ਦਾ ਭਵਿੱਖ ਧੁੰਦਲਾ ਹੋ ਸਕਦਾ ਹੈ।
ਚੀਨ ਦੀ ਕਮਿਊਨਿਸਟ ਪਾਰਟੀ ਦੀ 19ਵੀਂ ਮੀਟਿੰਗ ਨੂੰ ਇਕ ਬਹੁਤ ਹੀ ਮਹੱਤਵਪੂਰਨ ਘਟਨਾ ਕਿਹਾ ਜਾ ਸਕਦਾ ਹੈ। ਇਹ ਚੀਨ ਦੀਆਂ ਨੀਤੀਆਂ ਵਿਚ ਬੁਨਿਆਦੀ ਤਬਦੀਲੀ ਦੀ ਪ੍ਰਤੀਕ ਸੀ। ਚੀਨ ਨੇ ਇਕ ਤਰ੍ਹਾਂ ਨਾਲ ਖੁੱਲ੍ਹ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਅਮਰੀਕਾ ਦੀ ਥਾਂ 'ਤੇ ਜਲਦੀ ਹੀ ਉਹ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਨ ਵਾਲਾ ਹੈ ਅਤੇ ਸੰਸਾਰਿਕ ਵਿਵਸਥਾ ਨੂੰ ਚਲਾਉਣਾ ਹੁਣ ਉਸ ਦੀ ਜ਼ਿੰਮੇਵਾਰੀ ਹੈ। ਇਹ ਪ੍ਰਭਾਵ ਪੈਂਦਾ ਹੈ ਕਿ ਨਾ ਸਿਰਫ਼ ਚੀਨ ਨੇ ਪੱਛਮੀ ਸਰਮਾਏਦਾਰੀ ਦੇ ਵਿਕਾਸ ਦੇ ਮਾਡਲ ਅਤੇ ਲੋਕਰਾਜੀ ਪ੍ਰਣਾਲੀ ਨੂੰ ਰੱਦ ਕਰ ਦਿੱਤਾ ਹੈ, ਸਗੋਂ ਰਵਾਇਤੀ ਮਾਰਕਸਵਾਦ ਅਤੇ ਰਵਾਇਤੀ ਸਮਾਜਵਾਦੀ ਮਾਡਲ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਚੀਨ ਆਪਣੇ ਢੰਗ ਦਾ ਸਮਾਜਵਾਦੀ ਮਾਡਲ ਵਿਕਸਿਤ ਕਰਨ ਵਲ ਵਧ ਰਿਹਾ ਹੈ, ਜਿਸ ਨੂੰ ਚੀਨੀ ਵਿਸ਼ੇਸ਼ਤਾਈਆਂ ਵਾਲਾ ਸਮਾਜਵਾਦ ਕਿਹਾ ਜਾਵੇਗਾ। ਚੀਨ ਨੇ ਇਕ ਤਰ੍ਹਾਂ ਨਾਲ ਦੋਵਾਂ ਰਵਾਇਤੀ ਵਿਕਾਸ ਮਾਡਲਾਂ ਪੱਛਮੀ ਸਰਮਾਏਦਾਰੀ ਵਾਲੇ ਅਤੇ ਸਮਾਜਵਾਦੀ ਮਾਡਲਾਂ ਨੂੰ ਰੱਦ ਕਰ ਦਿੱਤਾ ਹੈ।
ਰੂਸ ਦੀ ਸੀਰੀਆ ਵਿਚ ਜਿੱਤ ਬਹੁਤ ਹੀ ਮਹੱਤਵਪੂਰਨ ਘਟਨਾ ਹੈ। ਅਮਰੀਕਾ ਤੇ ਪੱਛਮੀ ਦੇਸ਼ ਸੀਰੀਆ ਦੇ ਪ੍ਰਧਾਨ ਅਸਾਦ ਨੂੰ ਗੱਦੀਉਂ ਨਹੀਂ ਲਾਹ ਸਕੇ ਤੇ ਇਕ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੀ ਹਾਰ ਮੰਨ ਲਈ ਹੈ। ਰੂਸ ਮੱਧ ਪੂਰਬ ਵਿਚ ਹੁਣ ਇਕ ਸਿਰਕੱਢ ਸ਼ਕਤੀ ਵਜੋਂ ਸਥਾਪਤ ਹੋ ਗਿਆ ਹੈ। ਅਮਰੀਕਾ ਦੇ ਸਭ ਤੋਂ ਨੇੜਲੇ ਸਾਥੀ ਸਾਊਦੀ ਅਰਬ ਦਾ ਰਸੂਖ ਘਟੀ ਜਾ ਰਿਹਾ ਹੈ ਅਤੇ ਰੂਸ ਦੇ ਸਾਥੀ ਈਰਾਨ ਦਾ ਰਸੂਖ ਵਧੀ ਜਾ ਰਿਹਾ ਹੈ। ਰੂਸ, ਤੁਰਕੀ ਅਤੇ ਈਰਾਨ ਦਾ ਧੁਰਾ ਸਥਾਪਤ ਹੋ ਰਿਹਾ ਹੈ। ਮਿਸਰ ਵੀ ਰੂਸ ਵੱਲ ਝੁਕਦਾ ਨਜ਼ਰ ਆ ਰਿਹਾ ਹੈ। ਸਾਊਦੀ ਅਰਬ ਇਕ ਛੋਟੇ ਜਿਹੇ ਅਰਬ ਦੇਸ਼ ਕਤਰ ਨੂੰ ਵੀ ਝੁਕਾਉਣ ਵਿਚ ਸਫ਼ਲ ਨਹੀਂ ਹੋ ਸਕਿਆ। ਕਤਰ ਨੂੰ ਈਰਾਨ ਅਤੇ ਤੁਰਕੀ ਦੀ ਸਹਾਇਤਾ ਮਿਲ ਰਹੀ ਹੈ ਅਤੇ ਉਸ ਨੇ ਸਾਊਦੀ ਅਰਬ ਅਤੇ ਹੋਰ ਅਰਬ ਦੇਸ਼ਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਾਊਦੀ ਅਰਬ ਨੂੰ ਇਕ ਤੋਂ ਬਾਅਦ ਇਕ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਤਰੀ ਕੋਰੀਆ ਦੀ ਸਥਿਤੀ ਨੂੰ ਵੀ ਇਕ ਤਰ੍ਹਾਂ ਨਾਲ ਅਮਰੀਕਾ ਦੀ ਨੈਤਿਕ ਹਾਰ ਕਿਹਾ ਜਾ ਸਕਦਾ ਹੈ। ਇਕ ਛੋਟਾ ਜਿਹਾ ਦੇਸ਼ ਏਨੀ ਵੱਡੀ ਮਹਾਂਸ਼ਕਤੀ ਅੱਗੇ ਖੜ੍ਹ ਗਿਆ ਅਤੇ ਅਮਰੀਕਾ ਉਸ ਨੂੰ ਝੁਕਾਉਣ ਵਿਚ ਸਫ਼ਲ ਨਹੀਂ ਹੋਇਆ। ਅਮਰੀਕਾ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਉਹ ਉੱਤਰੀ ਕੋਰੀਆ ਨੂੰ ਤਾਂ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ, ਪ੍ਰੰਤੂ ਵੱਡਾ ਖ਼ਤਰਾ ਇਹ ਹੈ ਕਿ ਉੱਤਰੀ ਕੋਰੀਆ ਤਬਾਹ ਹੋਣ ਤੋਂ ਪਹਿਲਾਂ ਅਮਰੀਕਾ ਦੇ ਦੋ ਸਾਥੀਆਂ ਦੱਖਣੀ ਕੋਰੀਆ ਅਤੇ ਜਾਪਾਨ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ ਹੈ ਅਤੇ ਸ਼ਾਇਦ ਉਸ ਦੀ ਕੋਈ ਪ੍ਰਮਾਣੂ ਮਿਜ਼ਾਈਲ ਅਮਰੀਕਾ ਤੱਕ ਵੀ ਪਹੁੰਚ ਸਕਦੀ ਹੈ। ਸੋ, ਕੋਈ ਵੀ ਸਿਆਣਾ ਅਮਰੀਕਨ ਅਜਿਹਾ ਖ਼ਤਰਾ ਮੁੱਲ ਲੈਣ ਲਈ ਸ਼ਾਇਦ ਤਿਆਰ ਨਾ ਹੋਵੇ।
ਜਰਮਨੀ ਦੇ ਪ੍ਰਧਾਨ ਦੀ ਚੋਣ ਵੀ ਇਕ ਬਹੁਤ ਮਹੱਤਵਪੂਰਨ ਘਟਨਾ ਸੀ। ਭਾਵੇਂ ਕਿ ਐਂਜਲਾ ਮਰਕਲ ਚੋਣ ਜਿੱਤ ਗਈ, ਪ੍ਰੰਤੂ ਉਸ ਦੀ ਪਾਰਟੀ ਨੂੰ 70 ਸਾਲਾਂ ਵਿਚ ਏਨੀਆਂ ਘੱਟ ਸੀਟਾਂ ਨਹੀਂ ਮਿਲੀਆਂ ਅਤੇ ਨਾ ਹੀ ਇੰਨੀਆਂ ਘੱਟ ਵੋਟਾਂ ਦਾ ਹਿੱਸਾ ਮਿਲਿਆ। ਉਸ ਨੂੰ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣੀ ਪਈ, ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਉਸ ਦੀ ਪਾਰਟੀ ਦੀ ਨੀਤੀ ਨਾਲ ਮੇਲ ਨਹੀਂ ਖਾਂਦੀਆਂ। ਹੁਣ ਉਹ ਇਕ ਸ਼ਕਤੀਸ਼ਾਲੀ ਨੇਤਾ ਨਹੀਂ ਰਹੀ। ਉਹ ਯੂਰਪ ਦੀ ਆਖਰੀ ਸ਼ਕਤੀਸ਼ਾਲੀ ਨੇਤਾ ਸੀ, ਜਿਸ ਦਾ ਦਰਜਾ ਪੁਤਿਨ ਦੇ ਬਰਾਬਰ ਦਾ ਕਿਹਾ ਜਾ ਸਕਦਾ ਹੈ। ਹੁਣ ਯੂਰਪ ਵਿਚ ਇਕੋ-ਇਕ ਸ਼ਕਤੀਸ਼ਾਲੀ ਨੇਤਾ ਪੁਤਿਨ ਹੀ ਬਚਿਆ ਹੈ। ਨਿਰਸੰਦੇਹ ਰੂਸ ਮੱਧ-ਪੂਰਬ ਤੇ ਯੂਰਪ ਵਿਚ ਸਿਰਕੱਢ ਦੇਸ਼ ਬਣ ਗਿਆ ਹੈ।
ਹਾਰਵੇ ਵਾਈਨਸਟਾਈਨ ਹਾਲੀਵੁੱਡ ਦਾ ਇਕ ਬਹੁਤ ਹੀ ਮਸ਼ਹੂਰ ਅਤੇ ਸ਼ਕਤੀਸ਼ਾਲੀ ਨਿਰਮਾਤਾ ਹੈ। ਉਸ ਵਿਰੁੱਧ ਕਈ ਮਸ਼ਹੂਰ ਨਾਇਕਾਵਾਂ ਨੇ ਇਹ ਇਲਜ਼ਾਮ ਲਾਏ ਹਨ ਕਿ ਉਹ ਉਨ੍ਹਾਂ ਨਾਲ ਛੇੜਖਾਨੀ ਕਰਦਾ ਸੀ ਅਤੇ ਉਨ੍ਹਾਂ ਦਾ ਕਾਮੁਕ ਸ਼ੋਸ਼ਣ ਕਰਦਾ ਸੀ। ਇਸ ਗੱਲ ਦਾ ਇਹ ਪ੍ਰਭਾਵ ਪਿਆ ਕਿ ਪੱਛਮੀ ਦੇਸ਼ਾਂ ਵਿਚ ਬਹੁਤ ਸਾਰੀਆਂ ਔਰਤਾਂ, ਜਿਨ੍ਹਾਂ ਵਿਚੋਂ ਕਈ ਜਾਣੀਆਂ-ਪਹਿਚਾਣੀਆਂ ਸ਼ਖ਼ਸੀਅਤਾਂ ਹਨ, ਨੇ ਬਹੁਤ ਸਾਰੇ ਸ਼ਕਤੀਸ਼ਾਲੀ ਤੇ ਜਾਣੇ-ਪਹਿਚਾਣੇ ਮਰਦਾਂ ਦੇ ਪਾਜ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਹ ਸਮੱਸਿਆ ਕਿੰਨੀ ਕੁ ਵੱਡੀ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਗਲੈਂਡ ਵਿਚ ਹੋਏ ਇਕ ਸਰਵੇਖਣ ਅਨੁਸਾਰ 50 ਫ਼ੀਸਦੀ ਤੋਂ ਵੱਧ ਉਥੇ ਵਸਣ ਵਾਲੀਆਂ ਔਰਤਾਂ ਨੇ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਕਾਲ ਵਿਚ ਛੇੜ-ਛਾੜ ਅਤੇ ਕਾਮੁਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਚੇਤੇ ਰਹੇ ਕਿ ਇਨ੍ਹਾਂ ਦੇਸ਼ਾਂ ਦੀ ਕੁੱਲ ਵਸੋਂ ਵਿਚ ਔਰਤਾਂ ਦੀ ਗਿਣਤੀ 50 ਫ਼ੀਸਦੀ ਤੋਂ ਜ਼ਿਆਦਾ ਹੈ। ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਜਦੋਂ ਕਿਸੇ ਦੇਸ਼ ਦੀ ਅੱਧੀ ਤੋਂ ਵੱਧ ਵਸੋਂ ਇਹ ਮਹਿਸੂਸ ਕਰਦੀ ਹੋਵੇ ਕਿ ਉਹ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ ਤਾਂ ਇਹ ਉਸ ਸਮਾਜ ਲਈ ਕਿੰਨੀ ਵੱਡੀ ਸਮੱਸਿਆ ਤੇ ਚੁਣੌਤੀ ਬਣ ਸਕਦੀ ਹੈ।
ਟਰੰਪ ਨੇ ਇਸ ਸਾਲ ਦੋ ਅਜਿਹੇ ਫ਼ੈਸਲੇ ਕੀਤੇ ਹਨ ਜਿਨ੍ਹਾਂ ਨੇ ਅਮਰੀਕਾ ਨੂੰ ਬਾਕੀ ਸੰਸਾਰ ਨਾਲੋਂ ਅਲੱਗ-ਥਲੱਗ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਇਹ ਅਮਰੀਕਾ ਦੇ ਘਟਦੇ ਰਸੂਖ ਨੂੰ ਹੋਰ ਵੀ ਤੇਜ਼ੀ ਨਾਲ ਘਟਾ ਸਕਦੇ ਹਨ। ਪਹਿਲਾ ਫ਼ੈਸਲਾ ਉਸ ਨੇ ਅਮਰੀਕਾ ਨੂੰ ਪੈਰਿਸ ਵਾਤਾਵਰਨ ਸਮਝੌਤੇ, ਜੋ ਕਿ 2015 ਵਿਚ ਹੋਇਆ ਸੀ, ਵਿਚੋਂ ਬਾਹਰ ਕੱਢਣ ਦਾ ਕਰ ਲਿਆ ਹੈ। ਇਸ ਨਾਲ ਅਮਰੀਕਾ ਵਾਤਾਵਰਨ ਦੇ ਮਸਲੇ 'ਤੇ ਸੰਸਾਰ ਵਿਚ ਇਕੱਲਾ ਰਹਿ ਗਿਆ ਹੈ ਅਤੇ ਆਪਣੇ ਨੇੜਲੇ ਸਾਥੀਆਂ ਦੀ ਨਾਰਾਜ਼ਗੀ ਤੇ ਗੁੱਸੇ ਦਾ ਪਾਤਰ ਬਣ ਰਿਹਾ ਹੈ। ਦੂਜਾ ਫ਼ੈਸਲਾ ਹੈ ਇਜ਼ਰਾਈਲ ਵਿਚ ਅਮਰੀਕਨ ਅੰਬੈਸੀ ਨੂੰ ਤਲਅਵੀਵ ਤੋਂ ਯੇਰੂਸ਼ਲਮ ਲਿਜਾਣ ਦਾ। ਚੇਤੇ ਰਹੇ ਕਿ ਯੂਨਾਈਟਿਡ ਨੇਸ਼ਨਜ਼ ਦੇ ਮਤੇ 181 ਅਨੁਸਾਰ, ਜੋ 1947 ਵਿਚ ਪਾਸ ਹੋਇਆ ਸੀ ਤੇ ਇਸ ਦੇ ਅਧਾਰ 'ਤੇ ਫਲਸਤੀਨ ਦੀ ਵੰਡ ਕਰਕੇ ਇਜ਼ਰਾਈਲ ਬਣਾਇਆ ਗਿਆ ਸੀ, ਅਨੁਸਾਰ ਯੇਰੂਸ਼ਲਮ ਕਿਉਂਕਿ ਤਿੰਨਾਂ ਧਰਮਾਂ (ਮੁਸਲਮਾਨਾਂ, ਇਸਾਈਆਂ ਅਤੇ ਯਹੂਦੀਆਂ) ਲਈ ਪਵਿੱਤਰ ਸ਼ਹਿਰ ਹੈ ਤੇ ਇਸ 'ਤੇ ਕਿਸੇ ਇਕ ਧਿਰ ਦਾ ਕੰਟਰੋਲ ਨਹੀਂ ਹੋ ਸਕਦਾ, ਭਾਵ ਸਾਂਝਾ ਕੰਟਰੋਲ ਹੀ ਰਹੇਗਾ। ਅਮਰੀਕਾ ਨੇ ਇਸ ਸਿਧਾਂਤ ਦੀ ਉਲੰਘਣਾ ਕੀਤੀ ਹੈ ਅਤੇ ਇਸ ਦਾ ਵਿਰੋਧ ਲਗਪਗ ਸਾਰੇ ਸੰਸਾਰ ਨੇ ਕੀਤਾ ਹੈ। ਇਥੋਂ ਤੱਕ ਕਿ ਅਮਰੀਕਾ ਦੇ ਸਭ ਤੋਂ ਨੇੜਲੇ ਸਾਥੀ ਇੰਗਲੈਂਡ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਅਮਰੀਕਾ ਹੋਰ ਅਲੱਗ-ਥਲੱਗ ਹੋਇਆ ਹੈ ਅਤੇ ਯੂਰਪ ਨਾਲ ਉਸ ਦਾ ਵਖਰੇਵਾਂ ਹੋਰ ਵਧਿਆ ਹੈ। ਪੱਛਮੀ ਦੇਸ਼ਾਂ ਦੇ ਇਹ ਵਧ ਰਹੇ ਮਤਭੇਦ ਸੰਸਾਰ 'ਤੇ ਪੱਛਮ ਦੇ ਗਲਬੇ ਨੂੰ ਹੋਰ ਕਮਜ਼ੋਰ ਕਰਨਗੇ ਅਤੇ ਉਸ ਦਾ ਲਾਭ ਰੂਸ ਅਤੇ ਚੀਨ ਦੇ ਧੜੇ ਨੂੰ ਹੋਏਗਾ।-0-

ਪਿਛਲੀ ਖ਼ਬਰ ਰਾਜਨੀਤਕ ਚੋਣਾਂ ਅਤੇ ਨਵੇਂ ਮੁੱਦਿਆਂ ਦਾ ਸਾਲ ਅਗਲੀ ਖ਼ਬਰ ਅਹਿਮ ਸ਼ਖ਼ਸੀਅਤਾਂ, ਜੋ ਵਿਛੜ ਗਈਆਂ.........

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।