06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2019

ਹਿੰਦੁਸਤਾਨ ਦੀ ਵੰਡ ਦੇ ਸਿੱਟੇ

ਅਜੀਤ ਡੈਸਕ 15-08-2019

ਹਿੰਦੋਸਤਾਨ ਦੀ ਵੰਡ ਦੇ ਭਿਆਨਕ ਸਿੱਟਿਆਂ ਬਾਰੇ ਨਾ ਅੰਗਰੇਜ਼ ਹੁਕਮਰਾਨਾਂ ਨੇ, ਨਾ ਉਨ੍ਹਾਂ ਦੇ ਦੇਸੀ ਉੱਤਰਾਧਿਕਾਰੀਆਂ ਨੇ ਸੋਚਿਆ। ਉਨ੍ਹਾਂ ਦੀ ਅਣਗਹਿਲੀ ਦੀ ਸਜ਼ਾ ਉਪ-ਮਹਾਂਦੀਪ ਦੇ ਵਾਸੀ ਸਦੀਆਂ ਤੱਕ ਭੁਗਤਦੇ ਰਹਿਣਗੇ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਛੇਤੀ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਸ ਨੇ ਇਸ ਦਾ ਜ਼ਿਕਰ ਨਵਾਬ ਭੁਪਾਲ ਨੂੰ 9 ਜੁਲਾਈ, 1948 ਨੂੰ ਲਿਖੀ ਚਿੱਠੀ ਵਿਚ ਕੀਤਾ, 'ਵੰਡ ਦੇ ਸਿੱਟੇ ਏਨੇ ਭਿਆਨਕ ਹਨ ਕਿ ਮੈਂ ਸੋਚਦਾ ਹਾਂ ਕਿ ਇਸ ਦਾ ਕੋਈ ਵੀ ਹੋਰ ਬਦਲ ਇਸ ਤੋਂ ਬਿਹਤਰ ਹੁੰਦਾ।'
ਕਾਂਗਰਸ ਆਗੂ ਮੁੱਢ ਤੋਂ ਹੀ ਦੇਸ਼ ਦੀ ਵੰਡ ਦੇ ਖ਼ਿਲਾਫ ਰਹੇ ਪਰ ਉਨ੍ਹਾਂ ਨੇ ਇਸ ਖਤਰਨਾਕ ਫ਼ੈਸਲੇ ਨੂੰ ਅਚਾਨਕ ਹੀ ਮੰਨ ਲਿਆ। ਇਨ੍ਹਾਂ ਨੇ ਮਹਾਤਮਾ ਗਾਂਧੀ ਦੀ ਵੀ ਇਕ ਨਾ ਸੁਣੀ, ਜਿਸ ਨੇ 3 ਮਾਰਚ, 1947 ਨੂੰ ਮੌਲਾਨਾ ਆਜ਼ਾਦ ਨੂੰ ਕਿਹਾ, 'ਜੇ ਕਾਂਗਰਸ ਦੇਸ਼ ਦੀ ਵੰਡ ਮੰਨਦੀ ਹੈ ਤਾਂ ਇਹ ਮੇਰੀ ਲਾਸ਼ 'ਤੇ ਹੀ ਹੋਵੇਗਾ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਹਿੰਦੋਸਤਾਨ ਦੀ ਵੰਡ ਲਈ ਸਹਿਮਤ ਨਹੀਂ ਹੋਵਾਂਗਾ। ਜੇ ਮੇਰੇ ਵੱਸ ਵਿਚ ਹੋਇਆ ਮੈਂ ਕਾਂਗਰਸ ਨੂੰ ਵੀ ਵੰਡ ਨਹੀਂ ਕਰਨ ਦੇਵਾਂਗਾ।'
ਬਰਤਾਨੀਆ ਦੇ ਪ੍ਰਧਾਨ ਮੰਤਰੀ ਐਟਲੇ ਨੇ 20 ਫਰਵਰੀ, 1947 ਨੂੰ ਆਪਣੇ ਮੁਲਕ ਦੀ ਸੰਸਦ ਵਿਚ ਬਿਆਨ ਦਿੱਤਾ ਕਿ ਬਰਤਾਨੀਆ ਹਿੰਦੋਸਤਾਨ ਨੂੰ 30 ਜੂਨ, 1948 ਤੱਕ ਆਜ਼ਾਦ ਕਰ ਦੇਵੇਗਾ ਪਰ ਨਵੇਂ ਨਿਯੁਕਤ ਹੋਏ ਵਾਇਸਰਾਏ ਲਾਰਡ ਮਾਊਂਟਬੈਟਨ ਨੇ 3 ਜੂਨ, 1947 ਨੂੰ ਐਲਾਨ ਕਰ ਦਿੱਤਾ ਕਿ 15 ਅਗਸਤ, 1947 ਨੂੰ ਹਿੰਦੋਸਤਾਨ ਦੇ ਦੋ ਟੁਕੜੇ ਕਰ ਦਿੱਤੇ ਜਾਣਗੇ ਅਤੇ ਮੁਸਲਮਾਨਾਂ ਲਈ ਇਕ ਆਜ਼ਾਦ ਦੇਸ਼ ਪਾਕਿਸਤਾਨ ਹੋਂਦ ਵਿਚ ਆ ਜਾਵੇਗਾ। ਉਸ ਨੇ 15 ਅਗਸਤ ਦੀ ਤਰੀਕ ਇਸ ਕਰਕੇ ਮਿੱਥੀ ਕਿਉਂਕਿ 2 ਸਾਲ ਪਹਿਲਾਂ ਇਸ ਤਰੀਕ ਨੂੰ ਜਾਪਾਨ ਨੇ ਇਤਹਾਦੀ ਫੌਜਾਂ ਅੱਗੇ ਹਥਿਆਰ ਸੁੱਟ ਦਿੱਤੇ ਸਨ। ਹੈਰਾਨੀ ਦੀ ਗੱਲ ਹੈ ਕਿ ਨਾ ਕਾਂਗਰਸੀ ਆਗੂਆਂ ਨੇ ਅਤੇ ਨਾ ਜਿਨਾਹ ਨੇ ਵਾਇਸਰਾਏ ਦੇ ਤੱਤ-ਭੜੱਥੇ ਤੇ ਗੈਰ-ਜ਼ਿੰਮੇਵਾਰਾਨਾ ਫ਼ੈਸਲੇ 'ਤੇ ਕੋਈ ਸਵਾਲ ਉਠਾਇਆ। ਸ਼ਾਇਦ ਛੇਤੀ ਤਾਕਤ ਹਾਸਲ ਕਰਨ ਦੀ ਲਾਲਸਾ ਨੇ ਉਨ੍ਹਾਂ ਨੂੰ ਇਸ ਜਲਦਬਾਜ਼ੀ ਦੇ ਅੰਜਾਮ ਬਾਰੇ ਸੋਚਣ ਨਹੀਂ ਦਿੱਤਾ।
ਵੰਡ ਦੇ ਐਲਾਨ ਤੋਂ ਥੋੜ੍ਹੀ ਦੇਰ ਪਿੱਛੋਂ ਹੀ ਮਜ਼੍ਹਬੀ ਦੰਗਿਆਂ ਨੇ ਜ਼ੋਰ ਫੜ ਲਿਆ। ਵੰਡ ਹੋਣ 'ਤੇ ਤਾਂ ਸਰਹੱਦ ਦੇ ਦੋਵੀਂ ਪਾਸੀਂ ਘੱਟ ਗਿਣਤੀਆਂ ਦਾ ਵੱਢ-ਵਢਾਂਗਾ ਸ਼ੁਰੂ ਹੋ ਗਿਆ। ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਪੰਜਾਬ ਵਿਚ ਹੋਇਆ। ਦੋ ਮਹੀਨਿਆਂ ਵਿਚ 1 ਕਰੋੜ 30 ਲੱਖ ਪੰਜਾਬੀ ਘਰੋਂ ਬੇਘਰ ਹੋਏ। ਜਿੰਨੇ ਕੁ ਹਿੰਦੂ-ਸਿੱਖ ਪੱਛਮੀ ਪੰਜਾਬ 'ਚੋਂ ਇਧਰ ਆਏ, ਓਨੇ ਹੀ ਮੁਸਲਮਾਨ ਪੂਰਬੀ ਪੰਜਾਬ ਵਿਚੋਂ ਪਾਕਿਸਤਾਨ ਚਲੇ ਗਏ। 10 ਲੱਖ ਬੱਚੇ, ਬੁੱਢੇ, ਔਰਤਾਂ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ। 2 ਲੱਖ ਦਾ ਜ਼ਬਰਦਸਤੀ ਮਜ਼੍ਹਬ ਬਦਲਾਇਆ ਗਿਆ। 80 ਹਜ਼ਾਰ ਔਰਤਾਂ ਨੂੰ ਅਗਵਾ ਕੀਤਾ ਗਿਆ, ਜਿਨ੍ਹਾਂ 'ਚੋਂ 54 ਹਜ਼ਾਰ ਮੁੜ ਆਪਣੇ ਵਤਨ ਵਾਪਸ ਨਹੀਂ ਆਈਆਂ। ਬੇਵੱਸ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਅਤੇ ਸ਼ਹਿਰਾਂ ਵਿਚ ਘੁਮਾਇਆ ਗਿਆ। ਇਸ ਤਰ੍ਹਾਂ ਦੀ ਬਰਬਰਤਾ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ।
ਪੰਜਾਬ ਦਾ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਢਾਂਚਾ ਖੇਰੂੰ-ਖੇਰੂੰ ਹੋ ਗਿਆ। ਸਿੱਖਾਂ ਦੀ ਤਾਂ ਆਪਣੇ ਕਈ ਮਹੱਤਵਪੂਰਨ ਧਾਰਮਿਕ ਅਸਥਾਨਾਂ ਤੱਕ ਦੀ ਪਹੁੰਚ ਅਸੰਭਵ ਹੋ ਗਈ। ਵੰਡ ਤੋਂ ਪਹਿਲਾਂ ਕੇਂਦਰੀ ਪੰਜਾਬ ਦਾ ਜਿਹੜਾ ਖੇਤਰ ਸਭ ਤੋਂ ਵੱਧ ਪ੍ਰਫੁਿਲਤ ਸੀ, ਉਹ ਅਪਰਾਧੀਆਂ ਅਤੇ ਸਮੱਗਲਰਾਂ ਦਾ ਅਖਾੜਾ ਬਣ ਗਿਆ। ਹੱਦ ਦੇ ਵਾਸੀਆਂ ਨੂੰ ਹਰ ਵੇਲੇ ਲੜਾਈ ਦਾ ਡਰ ਲੱਗਾ ਰਹਿਣ ਲੱਗਾ। ਆਰ-ਪਾਰ ਗੋਲੀਬਾਰੀ ਨੇ ਲੋਕਾਂ ਵਿਚ ਅਸੁਰੱਖਿਅਤਾ ਲੈ ਆਂਦੀ। ਉਹ ਕਈ ਕਿਸਮਾਂ ਦੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ। ਜਿਸ ਰਵਾਇਤ ਤਿਜਾਰਤ ਦੇ ਰਸਤੇ 'ਤੇ ਅਫ਼ਗਾਨਿਸਤਾਨ ਤੋਂ ਖੁਸ਼ਕ ਮੇਵੇ ਆਉਂਦੇ ਸੀ, ਹੁਣ ਚੋਰੀ ਛਿਪੇ ਨਸ਼ੇ ਆਉਣੇ ਸ਼ੁਰੂ ਹੋ ਗਏ।
ਅੰਗਰੇਜ਼ ਜੱਜ ਰੈਡਕਲਿੱਫ ਦੀ ਨਕਸ਼ੇ 'ਤੇ ਵਾਹੀ ਨਵੀਂ ਸਰਹੱਦ ਦੀ ਲੀਕ ਨੇ ਨਹਿਰਾਂ ਦੇ ਹੈੱਡਵਰਕਸ ਭਾਰਤ ਨੂੰ ਦੇ ਦਿੱਤੇ ਪਰ ਨਹਿਰਾਂ ਪਾਕਿਸਤਾਨ ਵਿਚ ਛੱਡ ਦਿੱਤੀਆਂ। ਕਈ ਪਿੰਡਾਂ ਦੀ ਅਬਾਦੀ ਸਰਹੱਦ ਦੇ ਇਸ ਪਾਰ ਪਰ ਜ਼ਮੀਨੀ ਰਕਬਾ ਪਰਲੇ ਪਾਰ ਚਲਾ ਗਿਆ। ਨਵੀਂ ਸਰਹੱਦ ਸੁਰੱਖਿਆ ਪੱਖੋਂ ਦੋਵਾਂ ਦੇਸ਼ਾਂ ਲਈ ਸਿਰਦਰਦੀ ਬਣ ਗਈ।
ਪੋਠੋਹਾਰ ਅਤੇ ਸਰਹੱਦੀ ਸੂਬੇ ਦੀ ਬੋਲੀ ਅਤੇ ਸੱਭਿਆਚਾਰ ਪੂਰਬੀ ਪੰਜਾਬ ਤੋਂ ਵੱਖਰਾ ਹੋਣ ਕਰਕੇ ਉਥੋਂ ਆਏ ਸ਼ਰਨਾਰਥੀਆਂ ਨੂੰ ਇਧਰ ਵਸਣ ਵਿਚ ਬੜੀਆਂ ਔਕੜਾਂ ਆਈਆਂ। ਇਹੋ ਹਾਲ ਸ਼ਾਇਦ ਇਧਰੋਂ ਹਿਜਰਤ ਕਰਕੇ ਗਏ ਮੁਸਲਮਾਨਾਂ ਦਾ ਹੋਇਆ। ਵੰਡ ਦੇ ਉਜਾੜੇ ਹੋਏ ਲੋਕ ਅੱਜ ਵੀ ਆਪਣੇ ਪੁਰਾਣੇ ਪਿੰਡਾਂ ਅਤੇ ਘਰਾਂ ਨੂੰ ਦੇਖਣ ਲਈ ਤਰਸਦੇ ਹਨ। ਉਧਰੇਵਾਂ ਉਨ੍ਹਾਂ ਦੇ ਮਨਾਂ ਵਿਚ ਵਸ ਗਿਆ। ਉਸ ਵੇਲੇ ਦੇ ਸਿਆਸੀ ਆਗੂ ਸਮਝਦੇ ਸਨ ਕਿ ਵੰਡ ਪਿੱਛੋਂ ਹਿੰਦੂ-ਮੁਸਲਮਾਨ ਰਿਸ਼ਤੇ ਸੁਧਰ ਜਾਣਗੇ ਅਤੇ ਅਮਨ-ਚੈਨ ਹੋ ਜਾਵੇਗਾ ਪਰ ਹੋਇਆ ਇਸ ਦੇ ਉਲਟ, ਹਿੰਦੂ-ਮੁਸਲਮਾਨ ਨਫ਼ਰਤ ਦੁਸ਼ਮਣੀ ਵਿਚ ਬਦਲ ਗਈ। ਦੋਵੇਂ ਦੇਸ਼ ਕਈ ਲੜਾਈਆਂ ਲੜ ਚੁੱਕੇ ਹਨ ਅਤੇ ਸਰਹੱਦਾਂ 'ਤੇ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ, ਕਿਉਂਕਿ ਦੋਵੇਂ ਦੇਸ਼ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ, ਇਸ ਕਰਕੇ ਖੁੱਲ੍ਹੀ ਲੜਾਈ ਤੋਂ ਗੁਰੇਜ਼ ਕਰ ਰਹੇ ਹਨ ਪਰ ਅਣਐਲਾਨੀ ਲੜਾਈ ਨੇ ਅੱਤਵਾਦ ਦਾ ਰੂਪ ਧਾਰ ਲਿਆ ਹੈ।
ਪੰਜਾਬ ਤੋਂ ਪਿੱਛੋਂ ਵੰਡ ਦੀ ਸਭ ਤੋਂ ਵੱਧ ਕੀਮਤ ਕਸ਼ਮੀਰ ਨੂੰ ਦੇਣੀ ਪਈ ਹੈ। ਵੰਡ ਹੁੰਦੇ ਹੀ ਪਾਕਿਸਤਾਨ ਨੇ ਕਬਾਇਲੀਆਂ ਨੂੰ ਸ਼ਹਿ ਦੇ ਕੇ ਕਸ਼ਮੀਰ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ। ਜੇ ਉਸ ਵੇਲੇ ਦੇ ਕਸ਼ਮੀਰ ਦੇ ਹਿੰਦੂ ਰਾਜੇ ਨੇ ਭਾਰਤ ਨਾਲ ਇਕਰਾਰਨਾਮਾ ਨਾ ਕੀਤਾ ਹੁੰਦਾ ਅਤੇ ਵੇਲੇ ਸਿਰ ਭਾਰਤੀ ਫੌਜੀ ਨਾ ਪਹੁੰਚਦੇ ਤਾਂ ਕਮਸ਼ੀਰ 'ਤੇ ਪਾਕਿਸਤਾਨ ਦਾ ਕਬਜ਼ਾ ਹੋ ਜਾਣਾ ਸੀ ਪਰ ਪੰਜਾਬ ਵਾਂਗ ਕਸ਼ਮੀਰ ਵੀ ਵੰਡਿਆ ਗਿਆ, ਇਕ ਤਿਹਾਈ ਹਿੱਸਾ, ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਵਿਚ ਹੈ ਅਤੇ ਬਾਕੀ ਦਾ ਭਾਰਤ ਵਿਚ। ਰਾਜਾ ਕਸ਼ਮੀਰ ਨੂੰ ਆਜ਼ਾਦ ਮੁਲਕ ਬਣਾਉਣ ਦੇ ਸੁਪਨੇ ਲੈਂਦਾ ਸੀ, ਹੁਣ ਭਾਰਤ ਵਾਲੇ ਹਿੱਸੇ ਵਾਲੇ ਕਸ਼ਮੀਰੀ ਵੀ ਆਜ਼ਾਦੀ ਮੰਗਦੇ ਹਨ ਪਰ ਅੱਜ ਕਸ਼ਮੀਰ ਦਾ ਆਜ਼ਾਦ ਦੇਸ਼ ਬਣਨਾ ਮੁਮਕਿਨ ਨਹੀਂ। ਦੋਨਾਂ ਦੇਸ਼ਾਂ ਵਿਚਕਾਰ ਚੱਲ ਰਹੀ ਠੰਢੀ ਅਤੇ ਤੱਤੀ ਲੜਾਈ ਨੇ ਇਸ ਜੱਨਤ ਨੂੰ ਜਹੱਨਮ ਬਣਾ ਦਿੱਤਾ ਹੈ। ਸੈਂਕੜੇ ਫੌਜੀ ਅਤੇ ਸ਼ਹਿਰੀ ਇਸ ਬੇਲੋੜੇ ਤਨਾਜ਼ੇ ਵਿਚ ਆਪਣੀਆਂ ਜਾਨਾਂ ਗਵਾ ਬੈਠੇ ਹਨ। ਭਾਰਤ ਦੀ ਅੱਧੀ ਤੋਂ ਵੱਧ ਫੌਜ ਕਸ਼ਮੀਰ ਵਿਚ ਤਾਇਨਾਤ ਹੈ। ਦੋਵੇਂ ਦੇਸ਼ ਅਰਬਾਂ ਰੁਪਏ ਆਪਸੀ ਡਰ ਕਰਕੇ ਸੁਰੱਖਿਆ 'ਤੇ ਖਰਚ ਕਰ ਰਹੇ ਹਨ। ਹਾਲਾਂਕਿ ਦੋਵਾਂ ਦੇਸ਼ਾਂ ਵਿਚ ਅਤਿ ਦੀ ਗਰੀਬੀ ਹੈ।
ਵੰਡ ਨੇ ਕੋਈ ਮਸਲਾ ਤਾਂ ਕੀ ਹੱਲ ਕਰਨਾ ਸੀ ਸਗੋਂ ਨਵੇਂ ਮਸਲੇ ਖੜ੍ਹੇ ਕਰ ਦਿੱਤੇ ਹਨ। ਵੰਡ ਦੀ ਲਕੀਰ ਨੂੰ ਮਿਟਾਇਆ ਤਾਂ ਨਹੀਂ ਜਾ ਸਕਦਾ ਪਰ ਇਸ 'ਤੇ ਕੰਡੇਦਾਰ ਤਾਰਾਂ ਲਾਉਣੀਆਂ ਅਤੇ ਇਸ 'ਤੇ ਹਜ਼ਾਰਾਂ ਨੀਮ ਫੌਜੀ ਤਾਇਨਾਤ ਕਰਨਾ ਵੀ ਅਕਲਮੰਦੀ ਨਹੀਂ। ਅਕਲਮੰਦੀ ਇਕ-ਦੂਜੇ ਦੀ ਹੋਂਦ ਨੂੰ ਸਵੀਕਾਰ ਕਰਨਾ ਅਤੇ ਕਸ਼ਮੀਰ ਦੇ ਸਵਾਲ ਨੂੰ ਗੱਲਬਾਤ ਰਾਹੀਂ ਹੱਲ ਕਰਨ ਵਿਚ ਹੈ। ਵੰਡ ਆਪਸੀ ਨਫ਼ਰਤ ਵਿਚੋਂ ਪੈਦਾ ਹੋਈ ਸੀ। ਅਫਸੋਸ ਇਹ ਨਫ਼ਰਤ ਘਟਣ ਦੀ ਬਜਾਏ ਵਧ ਗਈ ਹੈ। ਜਦੋਂ ਸਰਕਾਰਾਂ ਹੀ ਪੁੱਠੇ ਰਾਹ ਤੁਰ ਪੈਣ ਤਾਂ ਇਸ ਖੇਤਰ ਵਿਚ ਅਮਨ ਹੋਣਾ ਅਸੰਭਵ ਹੀ ਜਾਪਦਾ ਹੈ। ਦੋਵੇਂ ਦੇਸ਼ਾਂ ਦੇ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਅਮਨ ਦੇ ਹੱਕ ਵਿਚ ਆਪਣੀ ਆਵਾਜ਼ ਉਠਾਉਣ ਤੇ ਸਰਕਾਰਾਂ ਨੂੰ ਮਜਬੂਰ ਕਰਨ ਕਿ ਉਹ ਆਪਸੀ ਰਿਸ਼ਤਿਆਂ ਵਿਚ ਸੁਧਾਰ ਲਿਆਉਣ ਅਤੇ ਆਪਣੀ ਸ਼ਕਤੀ ਅਤੇ ਵਸੀਲੇ ਲੋਕਾਂ ਦੀਆਂ ਲੋੜਾਂ ਲਈ ਵਰਤਣ।


-161, ਐੱਫ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ-141013. ਮੋਬਾ: 94170-06625

ਪਿਛਲੀ ਖ਼ਬਰ kanya ਅਗਲੀ ਖ਼ਬਰ ਅਜੇ ਵੀ ਅਧੂਰੇ ਹਨ ਆਮ ਆਦਮੀ ਦੇ ਸੁਪਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।