02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-01-2022

...ਆਈਆਂ ਨੂਰ ਦੀਆਂ ਸਰਕਾਰਾਂ <H4>* ਡਾ. ਸਰਬਜੀਤ ਕੌਰ ਸੰਧਾਵਾਲੀਆ *</H4>

ਅਜੀਤ ਡੈਸਕ 09-01-2022

ਅਰਸ਼ਾਂ ਤੋਂ ਫਰਸ਼ਾਂ 'ਤੇ ਆਈਆਂ ਨੂਰ ਦੀਆਂ ਸਰਕਾਰਾਂ,
ਪੋਹ ਦੇ ਵਿਚ ਬਸੰਤ ਆ ਗਈ, ਖਿੜ ਪਈਆਂ ਗੁਲਜ਼ਾਰਾਂ।
ਧਰਤੀ ਨੇ ਚਰਨਾਂ ਦੇ ਹੇਠਾਂ ਆਪਣਾ ਆਪ ਵਿਛਾਇਆ,
ਪਟਨੇ ਆਣ ਉਤਾਰੇ ਕੀਤੇ ਸੱਚਖੰਡ ਦੇ ਦਿਲਦਾਰਾਂ।
ਕੁਦਰਤ ਦੀ ਮਹਿਫ਼ਿਲ ਵਿਚ ਕੋਈ ਰਾਗ ਇਲਾਹੀ ਛਿੜਿਆ
ਕਾਇਨਾਤ ਦੇ ਅੰਬਰ ਉੱਤੇ, ਹੋਈਆਂ ਸੁਰ ਸਿਤਾਰਾਂ।
ਹਰ ਪਾਸੇ ਵਿਸਮਾਦ ਛਾ ਗਿਆ, ਪੌਣਾਂ ਘੋੜੀਆਂ ਗਾਈਆਂ,
ਫੁੱਲ ਨਸ਼ੇ ਵਿਚ ਝੂਮਣ ਲੱਗੇ, ਹੋਈਆਂ ਮਸਤ ਬਹਾਰਾਂ।
ਭੀਖਣ ਸ਼ਾਹ ਦੀ ਰਮਜ਼ ਪਛਾਣੀ ਸਭ ਦੇ ਸਾਂਝੇ ਰਹਿਬਰ,
ਦੋਹਾਂ ਕੁੱਜੀਆਂ ਦੇ ਸਿਰ ਹੱਥ ਧਰ, ਵੰਡੀਆਂ ਪਿਆਰ ਫੁਹਾਰਾਂ।
ਹਰ ਪਾਸੇ ਸੀ ਜ਼ੁਲਮ ਜਬਰ ਦੀ ਝੁੱਲਦੀ ਪਈ ਹਨੇਰੀ,
ਦੁਖੀ ਅਤੇ ਮਜ਼ਲੂਮ ਦਿਲਾਂ ਦੀਆਂ ਸੁਣੀਆਂ ਤੁਸੀਂ ਪੁਕਾਰਾਂ
ਫਿਰ ਖੰਡੇ ਦੀ ਧਾਰ ਤੋਂ ਸਾਜੇ ਐਸੇ ਸੰਤ ਸਿਪਾਹੀ,
ਜੋ ਦੁਖੀਆਂ ਦੇ ਬਣੇ ਮਸੀਹੇ, ਜ਼ਾਲਮ ਲਈ ਤਲਵਾਰਾਂ।
ਅੰਮ੍ਰਿਤ ਦੀ ਤੂੰ ਗੁੜ੍ਹਤੀ ਦੇ ਕੇ ਆਪਾ ਘੋਲ ਪਿਲਾਇਆ,
ਕੀ ਕੀ ਫੇਰ ਦਿਖਾਏ ਕੌਤਕ ਅਣਖ ਦੇ ਪਹਿਰੇਦਾਰਾਂ।
ਸਮਿਆਂ ਨੂੰ ਵੀ ਦੰਦਲ ਪੈ ਗਈ ਦੇਖ ਕਹਿਰ ਦੇ ਸਾਕੇ,
ਸੱਚ ਲਈ ਕੀ ਕੀ ਨਹੀਂ ਜਰਿਆ ਤੇਰਿਆਂ ਬਰਖੁਰਦਾਰਾਂ।
ਮਾਨਵਤਾ ਦੀ ਖ਼ਾਤਰ ਤੂੰ ਸਰਬੰਸ ਵਾਰਿਆ ਸਾਰਾ,
ਅਦਬ ਤੇਰੇ ਵਿਚ ਭਰ ਕੇ ਆਪਣੇ ਅੱਥਰੂ ਤੈਥੋਂ ਵਾਰਾਂ।
ਤੇਰੇ ਜਿਹਾ ਮਹਾਂਆਸ਼ਕ ਨਾ ਹੋਇਆ ਨਾ ਕੋਈ ਹੋਣਾ,
ਅਨਿਕ ਡੰਡਾਉਤਾਂ ਸਿਜਦੇ ਤੈਨੂੰ ਵਾਰ ਵਾਰ ਨਮਸਕਾਰਾਂ।

ਪਿਛਲੀ ਖ਼ਬਰ ਗੁਰੂ ਸਾਹਿਬ ਦਾ ਜੀਵਨ-ਆਦਰਸ਼ ਅਗਲੀ ਖ਼ਬਰ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਗੁਰੂ ਸਾਹਿਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।