16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2022

ਦ੍ਰਿੜ੍ਹਤਾ, ਸਬਰ ਅਤੇ ਸਿਦਕ ਭਰਪੂਰ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ

drinking water
ਅਜੀਤ ਡੈਸਕ 29-12-2022

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਕਿ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗ਼ਿਲਾ ਨਹੀਂ, ਸਗੋਂ ਕਰਤਾ ਪੁਰਖ ਦਾ ਸ਼ੁਕਰਾਨਾ ਹੀ ਸ਼ੁਕਰਾਨਾ। ਦਸਮੇਸ਼ ਪਿਤਾ ਜੀ ਦਾ ਸਾਰਾ ਜੀਵਨ ਹੀ ਮਾਨਵਤਾ ਲਈ ਸੀ, ਹਰ ਧਰਮ, ਹਰ ਵਰਗ, ਹਰ ਫਿਰਕੇ ਲਈ ਇਕਸਾਰ। ਆਪ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੈ। ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਵਿਚ ਬਿਆਨ ਤਾਂ ਕਰਦੇ ਹਾਂ ਪਰ ਸਾਡੇ ਸ਼ਬਦ ਸੀਮਤ ਹਨ ਅਤੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਮੁਕੰਮਲ ਬਿਆਨੀ ਸੰਭਵ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਅਤੇ ਧਰਮ ਦੇ ਉਭਾਰ ਵਾਲੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਹੀ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ। ਗੁਰੂ ਸਾਹਿਬ ਨੇ ਆਪਣੇ ਉਦੇਸ਼ ਨੂੰ 'ਬਚਿਤ੍ਰ ਨਾਟਕ' ਵਿਚ ਸਪਸ਼ਟ ਕੀਤਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਭਾਰਤੀ ਇਤਿਹਾਸ ਵਿਚ ਇੱਕ ਇਨਕਲਾਬ ਦਾ ਆਰੰਭ ਸੀ। ਉਸ ਸਮੇਂ ਸਮਾਜ ਵਿਚ ਮਨੁੱਖੀ ਆਜ਼ਾਦੀ ਨੂੰ ਕਾਇਮ ਰੱਖਣਾ ਅਸੰਭਵ ਜਾਪਦਾ ਸੀ। ਉਨ੍ਹਾਂ ਨੇ 9 ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਆਪਣੇ ਪਿਤਾ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਖ਼ਾਲਸਾ ਪੰਥ ਦੀ ਸਿਰਜਣਾ ਕੀਤੀ, ਜ਼ੁਲਮ ਵਿਰੁੱਧ ਅਨੇਕਾਂ ਧਰਮ ਯੁੱਧ ਲੜੇ ਅਤੇ ਸਾਹ-ਸਤਹੀਣ ਹੋ ਚੁੱਕੀ ਲੋਕਾਈ ਵਿਚ ਨਵੀਂ ਰੂਹ ਫੂਕੀ। ਗੁਰੂ ਸਾਹਿਬ ਨੇ ਲੋਕਾਂ ਵਿਚ ਹਿੰਮਤ ਅਤੇ ਦਲੇਰੀ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿਚ ਰਣਜੀਤ ਨਗਾਰੇ 'ਤੇ ਚੋਟਾਂ ਲਗਵਾਈਆਂ, ਕੇਸਰੀ ਨਿਸ਼ਾਨ ਸਾਹਿਬ ਝੁਲਾਏ, ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਲੋਕਾਂ ਅੰਦਰ ਬਹਾਦਰੀ ਪੈਦਾ ਕਰਨ ਲਈ ਬੀਰ-ਰਸੀ ਸਾਹਿਤ ਦੀ ਰਚਨਾ ਕੀਤੀ ਤੇ ਕਰਵਾਈ, ਜਿਸ ਨੇ ਅਜਿਹਾ ਕ੍ਰਿਸ਼ਮਾ ਦਿਖਾਇਆ ਕਿ ਗੁਰੂ ਕੇ ਸਿੱਖ ਸਵਾ-ਸਵਾ ਲੱਖ ਨਾਲ ਇਕੱਲੇ ਲੜ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਣ ਦੀ ਗੱਲ ਕਰੀਏ ਤਾਂ ਇਹ ਪੂਰੀ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲੀ ਘਟਨਾ ਸੀ। ਇਸ ਘਟਨਾ ਨਾਲ ਸੰਨ 1699 ਦੀ ਵੈਸਾਖੀ ਦਾ ਦਿਨ ਦੁਨੀਆ ਦੇ ਇਤਿਹਾਸ ਅੰਦਰ ਇਕ ਨਿਵੇਕਲਾ ਅਧਿਆਇ ਸਿਰਜ ਗਿਆ। ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗ਼ੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ 'ਤੇ ਪਹੁੰਚਾ ਦਿੱਤਾ। ਖ਼ਾਲਸਾ ਸਾਜ ਕੇ ਆਪ ਨੇ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਉਨ੍ਹਾਂ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਵਰਗਾਂ ਦੇ ਲੋਕਾਂ ਨੂੰ ਸ਼ਾਮਿਲ ਕਰ ਕੇ ਊਚ ਨੀਚ ਦਾ ਫ਼ਰਕ ਸਦਾ ਲਈ ਮਿਟਾ ਦਿੱਤਾ। ਏਨਾ ਹੀ ਨਹੀਂ, ਫਿਰ ਆਪ ਵੀ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਹ ਵੀ ਧਰਮਾਂ ਦੇ ਇਤਹਾਸ ਵਿਚ ਵਿਲੱਖਣ ਸੀ, ਕਿਉਂਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਉਦਾਹਰਨ ਨਹੀਂ ਸੀ ਮਿਲਦੀ ਕਿ ਕਿਸੇ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣੇ ਤੋਂ ਉੱਪਰ ਦਾ ਦਰਜਾ ਜਾਂ ਮਾਣ ਦਿੱਤਾ ਹੋਵੇ। ਇਹ ਮਾਣ ਕੇਵਲ ਦਸਮ ਪਾਤਿਸ਼ਾਹ ਜੀ ਨੇ ਹੀ ਆਪਣੇ ਖ਼ਾਲਸੇ ਨੂੰ ਬਖਸ਼ਿਆ। ਇਸੇ ਤਰ੍ਹਾਂ ਹੋਲਾ ਮਹੱਲਾ ਦਾ ਆਰੰਭ ਵੀ ਗੁਰੂ ਸਾਹਿਬ ਦੇ ਜੀਵਨ ਦਾ ਇਕ ਵਿਸ਼ੇਸ਼ ਕਾਰਨਾਮਾ ਹੈ ਜਿਸ ਨੇ ਸਿੱਖ ਕੌਮ ਨੂੰ ਸਵੈਮਾਣ, ਅਣਖ, ਦਲੇਰੀ, ਹਿੰਮਤ ਅਤੇ ਬੀਰਤਾ ਨਾਲ ਜੋੜਿਆ।
ਗੁਰੂ ਸਾਹਿਬ ਜੀ ਵੱਲੋਂ ਰਚੀ ਗਈ ਬਾਣੀ ਵੀ ਮਾਨਵਤਾ ਲਈ ਸੁਚੱਜੇ ਜੀਵਨ ਦੀ ਘਾੜਤ ਘੜਨ ਵਾਲੀ ਹੈ। ਆਪ ਨੇ ਆਪਣੀ ਬਾਣੀ ਵਿਚ ਪਖੰਡਵਾਦ ਅਤੇ ਕਰਮਕਾਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿੱਤੀ। ਆਪ ਨੇ ਉਪਦੇਸ਼ ਕੀਤਾ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ-ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੀਵਨ ਅਹਿਮ ਹੈ ਤੇ ਇਸ ਨੂੰ ਵਿਅਰਥ ਦੇ ਕਰਮਕਾਡਾਂ ਤੇ ਭਰਮ ਭੁਲੇਖਿਆਂ ਵਿਚ ਪੈ ਕੇ ਬਰਬਾਦ ਕਰਨ ਦਾ ਕੋਈ ਲਾਭ ਨਹੀਂ। ਕਰਤਾ-ਪੁਰਖ ਤਾਂ ਸਹਿਜ ਤੇ ਪਿਆਰ ਦਾ ਮਾਰਗ ਹੈ। ਇਸ ਦੀ ਸਮਝ ਵਾਲੇ ਹੀ ਉਸ ਵਿਚ ਅਭੇਦ ਹੁੰਦੇ ਹਨ। ਗੁਰੂ ਸਾਹਿਬ ਜੀ ਦਾ ਫੁਰਮਾਣ ਹੈ:
ਕਹਾ ਭਯੋ ਜੋ ਦੋਉ ਲੋਚਨ ਮੂੰਦ ਕੈ
ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ
ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋ ਬੈਠ ਕੈ
ਐਸੇ ਹੀ ਐਸੇ ਸੁ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ॥
ਇਸ ਦੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁਖੀ ਵੇਖਣ ਦੀ ਲੋਚਾ ਨਾਲ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਆਪ ਜੀ ਨੇ ਚਮਕੌਰ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਸ਼ਹਾਦਤਾਂ ਲਈ ਤੋਰਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਪਿਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ। ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ਵਿੱਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸਚਾਈ ਦੇ ਰੂ-ਬ-ਰੂ ਕੀਤਾ। ਧਰਮ ਦੀ ਰਖਵਾਲੀ ਲਈ ਅਨੇਕਾਂ ਕਸ਼ਟ ਝੱਲੇ। ਜੇਕਰ ਅੱਜ ਅਸੀਂ ਸੁਖੀ ਜੀਵਨ ਜੀਅ ਰਹੇ ਹਾਂ ਤਾਂ ਇਹ ਗੁਰੂ ਸਾਹਿਬ ਜੀ ਦੀ ਬਦੌਲਤ ਹੀ ਹੈ। ਆਪ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਡਾ ਫ਼ਰਜ਼ ਹੈ ਕਿ ਜਿਥੇ ਅਸੀਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨਾ ਹੈ, ਉਥੇ ਹੀ ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਵੀ ਬਣਨਾ ਹੈ। ਅਸੀਂ ਦੁਨੀਆ ਦੇ ਭਾਈਚਾਰੇ ਵਿਚ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਨੂੰ ਤਦ ਹੀ ਲੈ ਜਾ ਸਕਾਂਗੇ ਜੇਕਰ ਅਸੀਂ ਦੁਨੀਆ ਦੇ ਹਰ ਖੇਤਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਕਥਨੀ ਤੇ ਕਰਨੀ ਦੇ ਸੂਰੇ ਬਣਾਂਗੇ। ਗੁਰਦੇਵ ਪਿਤਾ ਦੇ ਆਗਮਨ ਦਿਹਾੜੇ 'ਤੇ ਸਾਨੂੰ ਸਭ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਕਿਰਪਾ ਕਰਨ, ਅਸੀਂ ਨਿਸ਼ਾਨ-ਏ-ਸਿੱਖੀ ਦੇ ਧਾਰਨੀ ਹੋ ਕੇ ਗੁਰਸਿੱਖੀ ਜੀਵਨ ਬਸਰ ਕਰਦੇ ਹੋਏ ਤੇ ਉਨ੍ਹਾਂ ਦੇ ਸਰਬ-ਸਾਂਝੇ ਉਪਦੇਸ਼ਾਂ ਨੂੰ ਸਾਰੀ ਮਨੁੱਖਤਾ ਤੱਕ ਪਹੁੰਚਾਉਣ ਦਾ ਯਤਨ ਕਰ ਸਕੀਏ। ਸੋ ਆਓ! ਗੁਰੂ ਬਖ਼ਸ਼ੀ ਖੰਡੇ-ਬਾਟੇ ਦੀ ਪਾਹੁਲ ਛਕ ਗੁਰਬਾਣੀ ਦੀ ਰੌਸ਼ਨੀ ਵਿਚ ਜੀਵਨ ਬਤੀਤ ਕਰੀਏ ਅਤੇ ਸਾਂਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਤੱਤਪਰ ਰਹੀਏ।

ਪਿਛਲੀ ਖ਼ਬਰ ਗੁਰੂ ਜੀ ਦੇ ਪ੍ਰਵਚਨਾਂ ਵਿਚ ਆਦਰਸ਼ ਜੀਵਨ ਦਾ ਸੰਕਲਪ ਅਗਲੀ ਖ਼ਬਰ kanya

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।