26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਪਾਕਿ ਫ਼ੌਜ ਦੇ ਹਮਲੇ 'ਚ 40 ਤੋਂ ਵੱਧ ਅਫ਼ਗਾਨੀ ਤਾਲਿਬਾਨ ਹਮਲਾਵਰ ਹਲਾਕ <br/>

ਅਜੀਤ ਡੈਸਕ 16-10-2025

12 ਨਾਗਰਿਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
ਤਾਲਿਬਾਨ ਨੇ ਦੋਸਤੀ ਗੇਟ ਉਡਾਇਆ
23 ਪਾਕਿ ਸੈਨਿਕ ਤੇ 25 ਤੋਂ 30 ਅੱਤਵਾਦੀ ਮਾਰਨ ਦਾ ਦਾਅਵਾ
ਸੁਰਿੰਦਰ ਕੋਛੜ

ਅੰਮਿ੍ਤਸਰ, 15 ਅਕਤੂਬਰ-ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਕਾਰ ਤਣਾਅ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ | ਬੀਤੀ ਰਾਤ ਇਕ ਵਾਰ ਫਿਰ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਅਫਗਾਨਿਸਤਾਨ ਵਿਚਕਾਰ ਹਿੰਸਕ ਝੜਪਾਂ ਹੋਈਆਂ | ਜਿਸ ਸੰਬੰਧੀ ਪਾਕਿਸਤਾਨੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਅਫ਼ਗਾਨ ਤਾਲਿਬਾਨ ਦੇ ਕਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਵੱਖ-ਵੱਖ ਝੜਪਾਂ ਵਿਚ 40 ਤੋਂ ਵੱਧ ਹਮਲਾਵਰਾਂ ਨੂੰ ਮਾਰ ਦਿੱਤਾ ਹੈ | ਫ਼ੌਜ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਮਕਬੂਜ਼ਾ ਕਸ਼ਮੀਰ ਦੇ ਬਲੋਚਿਸਤਾਨ ਸੂਬੇ ਦੇ ਸਪਿਨ ਬੋਲਡਕ ਖੇਤਰ ਵਿਚ ਚਾਰ ਥਾਵਾਂ 'ਤੇ ਹਮਲੇ ਕੀਤੇ, ਜਿਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕਰ ਦਿੱਤਾ | ਫ਼ੌਜ ਨੇ ਕਿਹਾ ਕਿ ਅਫ਼ਗਾਨ ਦੇ ਹਮਲਿਆਂ ਨੂੰ ਨਾਕਾਮ ਕਰਦੇ ਹੋਏ 15-20 ਅਫ਼ਗਾਨ ਤਾਲਿਬਾਨ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ | ਪਾਕਿਸਤਾਨੀ ਅਤੇ ਅਫ਼ਗਾਨ ਫ਼ੌਜਾਂ ਵਿਚਕਾਰ ਸਰਹੱਦ ਦੇ ਨਾਲ-ਨਾਲ ਕਈ ਇਲਾਕਿਆਂ 'ਚ ਲੜਾਈ ਜਾਰੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਖ਼ੈਬਰ ਪਖਤੂਨਖਵਾ ਦੇ ਕੁਰਮ ਜ਼ਿਲ੍ਹੇ 'ਚ ਪਾਕਿ-ਅਫ਼ਗਾਨ ਸਰਹੱਦ 'ਤੇ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫ਼ਗਾਨ ਤਾਲਿਬਾਨ ਵਿਚਕਾਰ ਫਿਰ ਤੋਂ ਤਿੱਖੀਆਂ ਝੜਪਾਂ ਸ਼ੁਰੂ ਹੋ ਗਈਆਂ | ਪਾਕਿ ਅਨੁਸਾਰ ਅਫ਼ਗਾਨ ਤਾਲਿਬਾਨ ਅਤੇ ਫ਼ਿਤਨਾ ਅਲ-ਖਵਾਰੀਜ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨੇ ਕੁਰਮ 'ਚ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ | ਜਿਸ ਦਾ ਪਾਕਿਸਤਾਨੀ ਫ਼ੌਜ ਨੇ ਪੂਰੀ ਤਾਕਤ ਨਾਲ ਜਵਾਬ ਦਿੱਤਾ | ਪਾਕਿ ਨੇ ਇਹ ਵੀ ਦਾਅਵਾ ਕੀਤਾ ਕਿ ਜਵਾਬੀ ਗੋਲੀਬਾਰੀ 'ਚ ਦੁਸ਼ਮਣ ਦੀਆਂ 8 ਚੌਕੀਆਂ ਅਤੇ 6 ਟੈਂਕ ਉਨ੍ਹਾਂ ਦੇ ਅਮਲੇ ਸਮੇਤ ਤਬਾਹ ਹੋ ਗਏ ਅਤੇ 25 ਤੋਂ 30 ਅੱਤਵਾਦੀ ਮਾਰੇ ਗਏ | ਅਫ਼ਗਾਨ ਤਾਲਿਬਾਨ ਦੇ ਬੁਲਾਰੇ ਮੌਲਵੀ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਕੰਧਾਰ ਦੇ ਸਪਿਨ ਬੋਲਡਕ ਅਤੇ ਸ਼ੋਰਾਬਕ ਜ਼ਿਲਿ੍ਹਆਂ ਦੇ ਵਿਚਕਾਰਲੇ ਖੇਤਰ 'ਚ ਹਵਾਈ ਹਮਲਾ ਕੀਤਾ, ਜਿਸ 'ਚ 12 ਆਮ ਨਾਗਰਿਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ | ਮੁਜਾਹਿਦ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਬਾਅਦ ਅਫ਼ਗਾਨ ਫ਼ੌਜਾਂ ਨੂੰ ਜਵਾਬੀ ਹਮਲੇ ਕਰਨ ਲਈ ਮਜਬੂਰ ਹੋਣਾ ਪਿਆ | ਸਪਿਨ ਬੋਲਡਕ ਦੇ ਸੂਚਨਾ ਮੁਖੀ ਅਲੀ ਮੁਹੰਮਦ ਹੱਕਮਲ ਦਾ ਕਹਿਣਾ ਹੈ ਕਿ ਤਾਲਿਬਾਨ ਵਲੋਂ ਸਰਹੱਦ ਵੱਲ ਵੱਡੀ ਗਿਣਤੀ 'ਚ ਟੈਂਕ ਅਤੇ ਫ਼ੌਜੀ ਸਾਮਾਨ ਭੇਜਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਪੱਖ ਸਪਿਨ ਬੋਲਡਕ 'ਤੇ ਪਈਆਂ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਦੀ ਬੇਨਤੀ ਕਰ ਰਿਹਾ ਹੈ | ਦੋਵਾਂ ਧਿਰਾਂ ਨੇ ਲੜਾਈ 'ਚ ਇਕ-ਦੂਜੇ ਦੀਆਂ ਫ਼ੌਜੀ ਪੋਸਟਾਂ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਅਤੇ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਿਆ | ਧਮਾਕਿਆਂ ਤੋਂ ਬਾਅਦ ਦੋਵੇਂ ਪਾਸੇ ਪੋਸਟਾਂ ਤੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ | ਅਫ਼ਗਾਨ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਕਿ ਪਾਕਿ 'ਚ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਅਫ਼ਗਾਨਿਸਤਾਨ ਲਈ ਖ਼ਤਰਾ ਹਨ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਗੋਲੀਬਾਰੀ 'ਚ 25 ਪਾਕਿਸਤਾਨੀ ਸੈਨਿਕ ਮਾਰੇ ਗਏ | ਅਫ਼ਗਾਨ ਮੀਡੀਆ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਦੇ ਇਕ ਡਰੋਨ ਨੇ ਖ਼ੈਬਰ ਪਖਤੂਨਖਵਾ ਦੇ ਸਰਹੱਦੀ ਖੇਤਰਾਂ 'ਚ ਇਕ ਪਾਕਿਸਤਾਨੀ ਫ਼ੌਜੀ ਅੱਡੇ 'ਤੇ ਜ਼ਬਰਦਸਤ ਹਮਲਾ ਕੀਤਾ | ਬੁਲਾਰੇ ਮੁਜਾਹਿਦ ਨੇ ਕਿਹਾ ਕਿ ਸਵੇਰੇ 8 ਵਜੇ ਤੱਕ ਲੜਾਈ ਕਾਬੂ 'ਚ ਸੀ | ਇਸ ਦੌਰਾਨ ਅਫ਼ਗਾਨਿਸਤਾਨ 'ਚ ਦੋ ਟੀ. ਟੀ. ਪੀ. ਧੜਿਆਂ ਨੇ ਪਾਕਿ ਵਿਰੁੱਧ ਇੱਕਜੁਟ ਹੋਣ ਦਾ ਐਲਾਨ ਕੀਤਾ ਹੈ | ਰਿਪੋਰਟਾਂ ਅਨੁਸਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਕ ਧੜੇ ਦੀ ਅਗਵਾਈ ਕੁਰਮ ਜ਼ਿਲ੍ਹੇ ਦੇ ਮੁਫ਼ਤੀ ਅਬਦੁਰ ਰਹਿਮਾਨ ਕਰ ਰਹੇ ਹਨ ਅਤੇ ਦੂਜੇ ਦੀ ਅਗਵਾਈ ਖ਼ੈਬਰ ਜ਼ਿਲ੍ਹੇ ਦੀ ਤਿਰਾਹ ਘਾਟੀ ਦੇ ਕਮਾਂਡਰ ਸ਼ੇਰ ਖਾਨ ਕਰ ਰਹੇ ਹਨ | ਦੋਵਾਂ ਕਮਾਂਡਰਾਂ ਨੇ ਟੀ. ਟੀ. ਪੀ. ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਹੈ | ਅੱਜ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ 4 ਥਾਵਾਂ 'ਤੇ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਾਲਿਬਾਨ ਨੂੰ ਜਵਾਬ ਦਿੱਤਾ | ਆਈ. ਐੱਸ. ਪੀ. ਆਰ. ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ ਅਫ਼ਗਾਨ ਤਾਲਿਬਾਨ ਅਤੇ ਫ਼ਿਤਨਾ ਅਲ-ਖਵਾਰਿਜ ਅੱਤਵਾਦੀਆਂ ਨੇ ਨੇੜਲੇ ਪਿੰਡਾਂ ਦੇ ਮਾਸੂਮ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ | ਪਾਕਿਸਤਾਨੀ ਫ਼ੌਜ ਦੀ ਸਮੇਂ ਸਿਰ ਜਵਾਬੀ ਕਾਰਵਾਈ 'ਚ 30 ਤੋਂ ਵੱਧ ਹਮਲਾਵਰ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ, ਜਦੋਂ ਕਿ ਕਈ ਹੋਰ ਸਰਹੱਦ ਪਾਰ ਭੱਜ ਗਏ | ਫ਼ੌਜੀ ਬੁਲਾਰੇ ਨੇ ਇਹ ਵੀ ਕਿਹਾ ਕਿ ਤਾਲਿਬਾਨ ਹਮਲਾਵਰਾਂ ਨੇ ਕਾਰਵਾਈ ਦੌਰਾਨ ਅਫ਼ਗਾਨ ਪਾਸਿਓਾ ਪਾਕਿ-ਅਫ਼ਗਾਨ ਦੋਸਤੀ ਗੇਟ ਨੂੰ ਵੀ ਉਡਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਗੇਟ ਨੂੰ ਤਬਾਹ ਕਰਨਾ ਸਾਬਤ ਕਰਦਾ ਹੈ ਕਿ ਅਫ਼ਗਾਨ ਤਾਲਿਬਾਨ ਸ਼ਾਂਤੀਪੂਰਨ ਵਪਾਰ ਅਤੇ ਸਰਹੱਦ ਪਾਰ ਆਵਾਜਾਈ ਦੇ ਵਿਰੋਧੀ ਹਨ | ਪਾਕਿਸਤਾਨ ਦਾ ਦੋਸ਼ ਹੈ ਕਿ ਟੀ. ਟੀ. ਪੀ. ਕਮਾਂਡਰਾਂ ਨੂੰ ਅਫ਼ਗਾਨ ਤਾਲਿਬਾਨ ਦਾ ਸਮਰਥਨ ਪ੍ਰਾਪਤ ਹੈ | 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਤੇ ਮੰਗੋਲੀਆ ਦੇ ਰਾਸ਼ਟਰਪਤੀ ਨੂੰ ਮਿਲੇ ਅਦਾਰਾ 'ਅਜੀਤ' ਦੀ ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ <br> ਨਾਮਜ਼ਦਗੀਆਂ ਦੇ ਤੀਸਰੇ ਦਿਨ 3 ਨਾਮਜ਼ਦਗੀ ਪੱਤਰ ਦਾਖ਼ਲ<br> ਸ਼ੋ੍ਰਮਣੀ ਅਕਾਲੀ ਦਲ ਦੀ ਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।