ਨਵੀਂ ਦਿੱਲੀ, 15 ਅਕਤੂਬਰ (ਜਗਤਾਰ ਸਿੰਘ)-ਰੌਸ਼ਨੀ ਦੇ ਤਿਉਹਾਰ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ | ਦਿੱਲੀ ਸਰਕਾਰ ਦੀ ਅਪੀਲ 'ਤੇ ਸਰਬਉੱਚ ਅਦਾਲਤ ਨੇ ਦਿੱਲੀ-ਐਨ.ਸੀ.ਆਰ. 'ਚ ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਦੀ ਸ਼ਰਤਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ | ਗ੍ਰੀਨ ਪਟਾਕਿਆਂ ਤੋਂ ਇਲਾਵਾ ਹੋਰ ਕਿਸਮ ਦੇ ਪਟਾਕਿਆਂ 'ਤੇ ਪਾਬੰਦੀ ਪਹਿਲਾਂ ਵਾਂਗ ਹੀ ਲਾਗੂ ਰਹੇਗੀ | ਗ੍ਰੀਨ ਪਟਾਕਿਆਂ ਵਾਸਤੇ ਅਦਾਲਤ ਵਲੋਂ ਮਿਲੀ ਛੋਟ ਸਿਰਫ਼ 4 ਦਿਨਾਂ ਵਾਸਤੇ ਯਾਨੀ 18 ਤੋਂ 21 ਅਕਤੂਬਰ ਤੱਕ ਹੀ ਹੋਏਗੀ | ਇਸ ਦੇ ਨਾਲ ਹੀ ਅਦਾਲਤ ਨੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਤੇ ਫਿਰ ਸ਼ਾਮ 8 ਵਜੇ ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਹੈ | ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਰੁਖ਼ ਕਰਦੇ ਹੋਏ ਗ੍ਰੀਨ ਪਟਾਕਿਆਂ ਦੀ ਮਨਜ਼ੂਰੀ ਦੀ ਮੰਗ ਕੀਤੀ ਸੀ | ਸੁਪਰੀਮ ਕੋਰਟ ਨੇ ਪ੍ਰਮਾਣਿਤ ਗ੍ਰੀਨ ਪਟਾਕਿਆਂ ਦੀ ਵਰਤੋਂ ਤੇ ਵਿਕਰੀ ਦੀ ਇਜਾਜ਼ਤ ਦਿੰਦੇ ਹੋਏ ਹੋਏ ਸਾਫ਼ ਕੀਤਾ ਕਿ ਹੋਰ ਕਿਸਮਾਂ ਦੇ ਪਟਾਕਿਆਂ 'ਤੇ ਪਾਬੰਦੀ ਲਾਗੂ ਰਹੇਗੀ ਤੇ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਨਿਰਮਾਤਾਵਾਂ ਤੇ ਵਿਕ੍ਰੇਤਾਵਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਚੀਫ਼ ਜਸਟਿਸ ਬੀ.ਆਰ. ਗਵਈ ਤੇ ਜਸਟਿਸ ਕੇ. ਵਿਨੋਦ ਚੰਦਰਾ ਦੇ ਬੈਂਚ ਨੇ ਗ੍ਰੀਨ ਪਟਾਕਿਆਂ ਦੀ ਵਰਤੋਂ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਸਿਰਫ਼ ਅਜਿਹੇ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਮਨਜ਼ੂਰੀ ਹੋਏਗੀ, ਜਿਨ੍ਹਾਂ ਨੂੰ ਨੈਸ਼ਨਲ ਐਨਵਾਇਰਨਮੈਂਟ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਐਨ.ਈ.ਈ.ਆਰ.ਆਈ.) ਤੇ ਪੈਟਰੋਲੀਅਮ ਐਂਡ ਐਕਸਪਲੋਸਿਵ ਸੇਫ਼ਟੀ ਆਰਗੇਨਾਈਜ਼ੇਸ਼ਨ (ਪੀ.ਈ.ਐਸ.ਓ.) ਤੋਂ ਪ੍ਰਮਾਣਿਤ ਕਰਵਾਇਆ ਗਿਆ ਹੈ |
ਸੁਪਰੀਮ ਕੋਰਟ ਵਲੋਂ ਦਿੱਲੀ-ਐਨ.ਸੀ.ਆਰ. 'ਚ ਗ੍ਰੀਨ ਪਟਾਕੇ ਚਲਾਉਣ ਦੀ ਮਨਜ਼ੂਰੀ
ਅਜੀਤ ਡੈਸਕ
16-10-2025