07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਿਆਸਤ 'ਚ ਤਿੱਖੀ ਨਿੱਜੀ ਆਲੋਚਨਾ ਨੂੰ ਲੋਕ ਪਸੰਦ ਨਹੀਂ ਕਰਦੇ-ਅਸ਼ਵਨੀ ਕੁਮਾਰ

ਅਜੀਤ ਡੈਸਕ 31-12-2025
ਨਵੀਂ ਦਿੱਲੀ, 30 ਦਸੰਬਰ (ਉਪਮਾ ਡਾਗਾ ਪਾਰਥ)-ਸਿਆਸਤ 'ਚ ਤਿੱਖੀ ਨਿੱਜੀ ਆਲੋਚਨਾ ਨੂੰ ਲੋਕ ਪਸੰਦ ਨਹੀਂ ਕਰਦੇ | ਕਾਂਗਰਸ ਇਸ ਤੱਥ ਨੂੰ ਅਣਗੌਲਣ ਕਾਰਨ ਹੀ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ | ਉਕਤ ਵਿਚਾਰ ਸਾਬਕਾ ਕਾਨੂੰਨ ਮੰਤਰੀ ਅਤੇ ਉੱਘੇ ਵਿਚਾਰਕ ਅਸ਼ਵਨੀ ਕੁਮਾਰ ਨੇ ਆਪਣੀ ਪੁਰਾਣੀ ਪਾਰਟੀ ਬਾਰੇ ਪ੍ਰਗਟਾਏ | ਅਸ਼ਵਨੀ ਕੁਮਾਰ ਨੇ ਕਿਹਾ ਕਿ ਕਾਂਗਰਸ ਆਪਣੀ ਗਲਤੀ ਦਾ ਕਾਰਨ ਹੋਰਨਾਂ ਵਿਰੋਧੀ ਧਿਰਾਂ ਜਾਂ ਸੱਤਾ ਧਿਰਾਂ ਨੂੰ ਨਹੀਂ ਦੱਸ ਸਕਦੀ | ਅਸ਼ਵਨੀ ਕੁਮਾਰ ਦਾ ਇਹ ਬਿਆਨ ਉਸ ਵੇਲੇ ਆਇਆ ਹੈ, ਜਦੋਂ ਦਿਗਵਿਜੈ ਸਿੰਘ ਵਲੋਂ ਹਾਲ ਹੀ 'ਚ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐਸ. ਐਸ.) ਦੀ ਸ਼ਲਾਘਾ ਕੀਤੀ ਗਈ ਤੇ ਹਲਕਿਆਂ ਮੁਤਾਬਿਕ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਾਰਾਜ਼ਗੀ ਵੀ ਪ੍ਰਗਟਾਈ, ਪਰ ਸ਼ਸ਼ੀ ਥਰੂਰ ਅਤੇ ਸਲਮਾਨ ਖੁਰਸ਼ੀਦ ਵਰਗੇ ਨੇਤਾਵਾਂ ਨੇ ਦਿਗਵਿਜੈ ਸਿੰਘ ਦਾ ਸਮਰਥਨ ਕੀਤਾ | ਅਸ਼ਵਨੀ ਕੁਮਾਰ ਨੇ ਕਾਂਗਰਸ ਦੇ ਨਾਲ ਪੰਜਾਬ 'ਚ ਵੀ ਵਧ ਰਹੇ ਸਿਆਸੀ ਨਫ਼ਰਤ ਵਾਲੇ ਮਾਹੌਲ 'ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਰਗਾ ਪ੍ਰਗਤੀਸ਼ੀਲ ਸੂਬਾ ਜੇਕਰ ਅੱਜ ਪਛੜ ਰਿਹਾ ਹੈ ਤਾਂ ਉਸ ਦਾ ਕਾਰਨ ਹੈ ਕਿ ਸਿਆਸੀ ਸਦਭਾਵਨਾ ਸੂਬੇ 'ਚੋਂ ਖਤਮ ਹੋ ਰਹੀ ਹੈ ਅਤੇ ਸਿਰਫ ਨਿੱਜੀ ਤਨਜ਼ ਅਤੇ ਨਫ਼ਰਤ ਨਾਲ ਜੁੜ ਚੁੱਕੀ ਹੈ | ਅਸ਼ਵਨੀ ਕੁਮਾਰ ਨੇ ਹਾਲ 'ਚ ਰਿਲੀਜ਼ ਹੋਈ ਆਪਣੀ ਨਵੀਂ ਕਿਤਾਬ 'ਗਾਰਡੀਅਨਜ਼ ਆਫ ਰਿਪਬਲਿਕ' 'ਚ ਵੀ ਸਨਮਾਨ ਅਤੇ ਗਰਿਮਾ ਭਰਪੂਰ ਸਿਆਸਤ ਨੂੰ ਅਜੋਕੇ ਸਮੇਂ ਦੀ ਤਰਜੀਹ ਅਤੇ ਜ਼ਰੂਰਤ ਦੱਸਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਅਤੇ ਪੰਜਾਬ ਨੂੰ ਇਕ ਵਿਸ਼ਾਲ ਸੋਚ ਦੀ ਲੋੜ ਹੈ, ਜਿਸ 'ਚ ਸਿਆਸੀ ਵਿਰੋਧੀਆਂ ਨੂੰ ਨਿੱਜੀ ਦੁਸ਼ਮਣ ਸਮਝਿਆ ਜਾਵੇ | ਸਾਬਕਾ ਕਾਨੂੰਨ ਮੰਤਰੀ ਨੇ ਵਿਰੋਧੀ ਧਿਰਾਂ ਦੇ ਨਾਲ-ਨਾਲ ਸੱਤਾ ਧਿਰ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਸੱਤਾ ਦੀ ਦੁਰਵਰਤੋਂ ਕਰਨ ਵਾਲੀ ਲੀਡਰਸ਼ਿਪ, ਬਦਲਾਅ ਵਾਲੀ ਲੀਡਰਸ਼ਿਪ ਨਹੀਂ ਹੋ ਸਕਦੀ | ਅਸ਼ਵਨੀ ਕੁਮਾਰ ਨੇ ਇਹ ਵੀ ਕਿਹਾ ਕਿ ਜਿਹੜੇ ਮੁੱਦੇ ਦੇਸ਼ ਤੇ ਲੋਕਤੰਤਰ ਦੀ ਦਿਸ਼ਾ ਨਿਰਧਾਰਿਤ ਕਰਨਗੇ | ਉਹ ਆਖਰਕਾਰ ਲੋਕ ਹੀ ਤੈਅ ਕਰਨਗੇ | ਹਾਲਾਂਕਿ ਇਹ ਮੁੱਦੇ ਵੱਖ-ਵੱਖ ਰੂਪਾਂ 'ਚ ਸੁਪਰੀਮ ਕੋਰਟ 'ਚ ਵੀ ਪਹੁੰਚੇ ਹਨ, ਪਰ ਇਨ੍ਹਾਂ ਦਾ ਹੱਲ ਲੋਕਾਂ ਦੀ ਅਦਾਲਤ 'ਚ ਹੀ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਫ਼ੈਸਲਿਆਂ ਰਾਹੀਂ ਇਕ ਫ਼ੈਸਲਾਕੁੰਨ ਮੋੜ ਦਿੱਤਾ ਹੈ, ਪਰ ਕਿਸੇ ਵੀ ਲੋਕਤੰਤਰਿਕ ਅਤੇ ਸੰਵਿਧਾਨਕ ਸੰਸਥਾ ਤੋਂ ਇਹ ਉਮੀਦ ਕਰਨਾ ਕਿ ਕੁਝ ਲੋਕ ਜੋ ਸੰਵਿਧਾਨਕ ਸੰਸਥਾਵਾਂ ਨੂੰ ਚਲਾ ਰਹੇ ਹਨ, ਉਹ ਦੇਸ਼ ਦੀਆਂ ਪੇਚੀਦਾ ਸਮੱਸਿਆਵਾਂ ਨੂੰ ਹੱਲ ਕਰ ਸਕਣਗੇ | ਇਹ ਭਾਵਨਾ ਬਿਲਕੁਲ ਗਲਤ ਹੈ | ਉਨ੍ਹਾਂ ਦਾਰਸ਼ਨਿਕ ਅੰਦਾਜ਼ 'ਚ ਕਿਹਾ ਕਿ ਲੋਕਤੰਤਰ ਦੀਆਂ ਜੜ੍ਹਾਂ ਸਿਆਸੀ ਲੀਡਰਸ਼ਿਪ ਨਾਲ ਜੁੜੀਆਂ ਹਨ, ਜਿਸ ਦੀ ਪਰਿਭਾਸ਼ਾ ਦੂਰਗਾਮੀ ਸੋਚ ਅਤੇ ਵਿਸ਼ਾਲ ਦਿਲ ਨਾਲ ਜੁੜੀਆਂ ਹਨ ਅਤੇ ਸੱਤਾ ਧਿਰ ਨੂੰ ਇਸ ਤੱਥ ਨੂੰ ਅਣਗੌਲਣਾ ਨਹੀਂ ਚਾਹੀਦਾ |

ਪਿਛਲੀ ਖ਼ਬਰ ਜੀ. ਟੀ. ਬੀ. ਨਗਰ ਦੇ ਰੂਟ ਵਾਲੇ ਪਾਸੇ ਤੋਂ ਕੰਪਨੀ ਨੇ ਕੱਢੀਆਂ ਕਈ ਪਾਈਪਾਂ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।