ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ.ਐਮ. ਭੱਲਾ ਦੇ ਨਿਰਦੇਸ਼ਾਂ ਅਤੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਦੀ ਅਗਵਾਈ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਪਵਿੱਤਰ ਹਵਨ ਯੱਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕਾਲਜ ਦੀ ਖ਼ੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ ਗਈ | ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਸਕੱਤਰ ਆਰ. ਐਮ. ਭੱਲਾ ਅਤੇ ਡਾ. ਸ਼ੁਸੀਨ ਭੱਲਾ ਜ਼ਜਮਾਨ ਦੇ ਤੌਰ 'ਤੇ ਹਾਜ਼ਰ ਹੋਏ, ਇਸ ਉਪਰੰਤ ਕਾਲਜ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪੋ੍ਰਗਰਾਮ ਦੀ ਪੇਸ਼ਕਾਰੀ ਕੀਤੀ ਗਈ | ਪੋ੍ਰਗਰਾਮ ਦੌਰਾਨ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਡੀ.ਏ.ਵੀ ਸੁਸਾਇਟੀ ਦੇ ਮੈਂਬਰ ਅਤੇ ਕਾਲਜ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ, ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਪਿ੍ੰਸੀਪਲਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਸੰਸਥਾ ਸਬੰਧੀ ਇਕ ਡਾਕੂਮੈਂਟਰੀ ਵੀ ਦਿਖਾਈ ਗਈ | ਇਸ ਮੌਕੇ ਰੂਬੀ ਜੈਨ ਨੇ ਆਸਾਨ ਭਾਸ਼ਾ 'ਚ ਇਸ ਡਾਕੂਮੈਂਟਰੀ 'ਚ ਆਪਣੀ ਆਵਾਜ਼ ਪੇਸ਼ ਕੀਤੀ | ਇਸ ਮੌਕੇ ਕਾਲਜ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਨੇ ਕਾਲਜ ਦੇ ਸਥਾਪਨਾ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਹੜਾ ਸੁਪਨਾ ਲੈ ਕੇ ਅੱਜ ਤੋਂ ਸੌ ਸਾਲ ਪਹਿਲਾ 1925 'ਚ ਇਕ ਬੀਜ ਬੀਜਿਆ ਗਿਆ ਸੀ, ਉਹ ਹੁਣ ਸੰਘਣੇ ਬੋਹੜ ਦਾ ਰੂਪ ਧਾਰਨ ਕਰ ਚੁੱਕਾ ਹੈ, ਨਾਲ ਹੀ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸੌ ਸਾਲਾਂ ਨੂੰ ਵੀ ਇਹ ਕਾਲਜ ਇਸੇ ਤਰ੍ਹਾਂ ਸਮੇਂ ਦੇ ਹਾਣ ਦੀ ਸਿੱਖਿਆ ਦਿੰਦਾ ਰਹੇਗਾ | ਪੋ੍ਰਗਰਾਮ ਦੇ ਅੰਤ ਤੇ ਸਮੂਹ ਸੁਸਾਇਟੀ ਮੈਂਬਰਾਂ ਅਤੇ ਪਿ੍ੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ: ਵਿਨੈ ਕੁਮਾਰ ਨੇ ਅੰਤ 'ਚ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਤਾਬਦੀ ਨਾਲ ਸਬੰਧਿਤ ਜਸ਼ਨਾਂ ਦੀ ਲੜੀ ਸਾਰਾ ਸਾਲ ਨਿਰੰਤਰ ਚਲਦੀ ਰਹੇਗੀ ਅਤੇ ਕਾਲਜ ਇਲਾਕੇ ਦੇ ਵਿਦਿਆਰਥੀਆਂ ਦੇ ਭਵਿੱਖੀ ਵਿਕਾਸ ਲਈ ਨਿਰੰਤਰ ਕੰਮ ਕਰਦਾ ਰਹੇਗਾ | ਮੰਚ ਸੰਚਾਲਨ ਡਾ. ਸੁਰਜੀਤ ਕੌਰ ਬਸਰਾ ਵਲੋਂ ਬਾਖ਼ੂਬੀ ਕੀਤਾ ਗਿਆ |