ਮਾਹਿਲਪੁਰ, 19 ਜੂਨ (ਰਜਿੰਦਰ ਸਿੰਘ)-ਗ਼ਦਰੀ ਬਾਬਿਆਂ ਤੇ ਸਮੂਹ ਆਜ਼ਾਦੀ ਸੰਗਰਾਮੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਤੇ ਅਕਹਿ ਤੇ ਅਸਹਿ ਕਸ਼ਟ ਝੱਲਦੇ ਹੋਏ ਘਰ-ਬਾਹਰ ਕੁਰਕ ਕਰਵਾਏ ਅਤੇ ਜਲਾਵਤਨ ਹੋਏ | ਇਹ ਪ੍ਰਗਟਾਵਾ ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ (ਹੁਸ਼ਿਆਰਪੁਰ) ਸਮੇਤ ਸ਼ਹੀਦ ਈਸ਼ਰ ਸਿੰਘ ਢੁੱਡੀਕੇ (ਮੋਗਾ), ਸ਼ਹੀਦ ਉੱਤਮ ਸਿੰਘ ਹਾਂਸ (ਲੁਧਿਆਣਾ), ਸ਼ਹੀਦ ਅਰੂੜ ਸਿੰਘ ਤਲਵੰਡੀ ਭੁੰਗੇਰੀਆਂ (ਮੋਗਾ), ਰੰਗਾ ਸਿੰਘ ਖੁਰਦਪੁਰ (ਜਲੰਧਰ) ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਨ ਲਈ ਅੱਜ ਪਿੰਡ ਬਾਹੋਵਾਲ ਵਿਖ ਸ਼ਰਧਾਂਜਲੀਆਂ ਦੇਣ ਮੌਕੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ ਨੇ ਕੀਤੇ | ਉਨ੍ਹਾਂ ਕਿਹਾ ਕਿ ਇਨ੍ਹਾਂ ਸੂਰਬੀਰ ਯੋਧਿਆਂ ਵਿਚ ਭਾਈ ਬੀਰ ਸਿੰਘ ਬਾਹੋਵਾਲ ਦੀ ਮਹਾਨ ਕੁਰਬਾਨੀ ਵੀ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੂਰਨ ਆਜ਼ਾਦੀ ਤੇ ਬਰਾਬਰੀ ਦੇ ਹੱਕ ਦਿਵਾਉਣ ਲਈ ਸੰਘਰਸ਼ੀ ਲੋਕਾਂ ਨੂੰ ਪ੍ਰੇਰਿਤ ਕਰਕੇ ਸੰਘਰਸ਼ਾਂ ਦੇ ਮੈਦਾਨ 'ਚ ਜੂਝਣ ਲਈ ਥਾਪੜਾ ਬਖ਼ਸ਼ਦੀ ਰਹੇਗੀ | ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਮਾਹਿਲਪੁਰ ਦੀ ਧਰਤੀ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗ਼ਦਰੀ ਵੀਰਾਂਗਣਾਂ ਬੀਬੀ ਗੁਲਾਬ ਕੌਰ ਵਰਗੇ ਮਹਾਨ ਦੇਸ਼ ਭਗਤ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਹੈ | ਮੁਲਾਜ਼ਮ ਆਗੂ ਮਲਕੀਤ ਸਿੰਘ ਬਾਹੋਵਾਲ ਨੇ ਗ਼ਦਰੀ ਬਾਬਿਆਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਪਿੰਡ ਬਾਹੋਵਾਲ ਦੇ ਨੌਜਵਾਨ ਸਰਪੰਚ ਹਰਦੀਪ ਸਿੰਘ ਨੇ ਪੂਰੀ ਪੰਚਾਇਤ ਸਮੇਤ ਪਹੁੰਚ ਕੇ ਸਿਜਦਾ ਕਰਦਿਆਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਪਿੰਡ 'ਚ ਭਾਈ ਬੀਰ ਸਿੰਘ ਸਮੇਤ 13 ਦੇਸ਼ ਭਗਤਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਲਾਇਬ੍ਰੇਰੀ ਖੋਲ੍ਹਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸ਼ਹੀਦ ਭਾਈ ਬੀਰ ਸਿੰਘ ਦੇ ਪਿੰਡ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਵੀ ਹਾਜ਼ਰੀ ਲਗਵਾਈ | ਇਸ ਸ਼ਹੀਦੀ ਸਮਾਰੋਹ 'ਚ ਵਿਜੇ ਬੰਬੇਲੀ, ਸੁਰਜੀਤ ਸਿੰਘ ਬਾਹੋਵਾਲ , ਲਹਿੰਬਰ ਸਿੰਘ ਬਾਹੋਵਾਲ, ਰਾਮ ਆਸਰਾ ਚੰਦੇਲੀ, ਅਰਸ਼ ਮਹੇ, ਲਖਵੀਰ ਕੌਰ, ਦਲਜੀਤ ਕੌਰ, ਮਮਤਾ ਦੇਵੀ, ਬਲਵੀਰ ਕੌਰ ਨੇ ਸ਼ਮੂਲੀਅਤ ਕੀਤੀ |