ਬੰਗਾ, 19 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ. ਆਈ. ਐਮ ਦੇ ਪੁਰਾਣੇ ਆਗੂ ਕਾਮਰੇਡ ਪ੍ਰੇਮ ਸਿੰਘ ਮੰਢਾਲੀ ਦੀ ਜੀਵਨ ਸਾਥੀ ਬੀਬੀ ਹਰਜੀਤ ਕੌਰ ਦਾ ਸਸਕਾਰ ਉਨ੍ਹਾਂ ਦੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਬੀਬੀ ਹਰਜੀਤ ਕੌਰ ਦੀ ਮੌਤ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਕਾਮਰੇਡ ਪ੍ਰੇਮ ਸਿੰਘ ਮੰਢਾਲੀ ਦਾ ਫਿਰੌਤੀ ਲੈ ਕੇ ਕਤਲ ਕਰ ਦਿੱਤਾ ਗਿਆ ਸੀ | ਇਸੇ ਸਦਮੇ ਨੂੰ ਨਾ ਸਹਾਰਦਿਆਂ ਬੀਬੀ ਹਰਜੀਤ ਕੌਰ ਬਦੇਸ਼ਾ ਮੰਢਾਲੀ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ | ਉਨ੍ਹਾਂ ਦੀ ਮਿ੍ਤਕ ਦੇਹ 'ਤੇ ਪਾਰਟੀ ਦਾ ਲਾਲ ਝੰਡਾ ਪਾਇਆ ਗਿਆ | ਇਸ ਮੌਕੇ ਉਨ੍ਹਾਂ ਦਾ ਬੇਟਾ ਜਸਵੀਰ ਸਿੰਘ ਮੰਨਾ, ਨੂੰ ਹ ਅਤੇ ਵੱਡੀ ਬੇਟੀ, ਜਵਾਈ, ਭਰਾ ਕਸ਼ਮੀਰ ਸਿੰਘ ਬਦੇਸ਼ਾ ਤੋਂ ਇਲਾਵਾ ਸੀ. ਪੀ. ਆਈ. ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਦਰਸ਼ਨ ਸਿੰਘ ਮੱਟੂ, ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ, ਤਹਿਸੀਲ ਸਕੱਤਰ ਕਾਮਰੇਡ ਜੋਗਿੰਦਰ ਲੜੋਆ, ਸੁਨੀਤਾ ਤਲਵੰਡੀ, ਗੁਰਦੀਪ ਸਿੰਘ ਗੁਲਾਟੀ, ਨਾਜਰ ਸਿੰਘ ਮੰਢਾਲੀ ਲੋਕ ਜਮਹੂਰੀ ਮੋਰਚੇ ਦੇ ਬੂਟਾ ਸਿੰਘ ਮਹਿਮੂਦਪੁਰ ਪਿੰਡ ਦੇ ਵਾਸੀ ਤੇ ਰਿਸ਼ਤੇਦਾਰ ਸ਼ਾਮਲ ਹੋਏ | ਬੀਬੀ ਹਰਜੀਤ ਕੌਰ ਦੀ ਅੰਤਿਮ ਅਰਦਾਸ 22 ਜੂਨ ਦਿਨ ਐਤਵਾਰ ਨੂੰ ਠੀਕ 12 ਵਜੇ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਮੰਢਾਲੀ ਵਿਖੇ ਹੋਵੇਗੀ |