ਸਾਹਲੋਂ, 16 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਦੇ ਨੌਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਦਿਲਪ੍ਰੀਤ ਸਿੰਘ ਨੂੰ ਇੰਡੀਅਨ ਸਟਾਰਜ਼ ਕਿ੍ਕਟ ਲੀਗ ਲਈ ਚੁਣਿਆ ਗਿਆ | ਇਸ ਸੰਬੰਧੀ ਇਕ ਸਨਮਾਨ ਸਮਾਗਮ ਦੌਰਾਨ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕਾਂ ਨੇ ਦੱਸਿਆ ਦਿਲਪ੍ਰੀਤ ਸਿੰਘ ਦੀ ਕਿ੍ਕਟ 'ਚ ਇਹ ਉਪਲਬਧੀ ਸਕੂਲ ਲਈ ਮਾਣ ਦਾ ਮੌਕਾ ਹੈ ਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ | ਪਿ੍ੰਸਿਪਲ ਸੰਦੀਪ ਚਾਵਲਾ ਨੇ ਦਿਲਪ੍ਰੀਤ ਸਿੰਘ ਨੂੰ ਉਸ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਉਸ ਦੀ ਮਿਹਨਤ ਤੇ ਲਗਨ ਦੀ ਖੁੱਲ੍ਹੀ ਪ੍ਰਸੰਸਾ ਕੀਤੀ | ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਵੀ ਇਸ ਤਰ੍ਹਾਂ ਖੇਡਾਂ ਤੇ ਹੋਰ ਖੇਤਰਾਂ ਵਿਚ ਸਕੂਲ ਦਾ ਨਾਂਅ ਰੌਸ਼ਨ ਕਰਨ | ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਢਾਹ ਨੇ ਵੀ ਲੰਡਨ ਤੋਂ ਦਿਲਪ੍ਰੀਤ ਸਿੰਘ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਭੇਜੀਆਂ | ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਸਿਰਫ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਖੇਡਾਂ 'ਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਜੋ ਬਹੁਤ ਮਾਣ ਦੀ ਗੱਲ ਹੈ | ਇਸ ਮੌਕੇ ਸਮੂਹ ਸਕੂਲ ਅਧਿਆਪਕ ਵੀ ਹਾਜ਼ਰ ਸਨ |