ਬੀਣੇਵਾਲ, 23 ਅਕਤੂਬਰ (ਬੈਜ ਚੌਧਰੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਫ਼ਤਰ ਜਲੰਧਰ ਵਲੋਂ ਮਾਈਨਿੰਗ ਮਾਫ਼ੀਆ ਬਲਜਿੰਦਰ ਸਿੰਘ ਉਰਫ਼ ਅਮਨ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਛੀਵਾੜਾ ਰੋਡ ਸਮਰਾਲਾ ਦੀ ਜ਼ਮੀਨ ਨਾਜਾਇਜ਼ ਮਾਈਨਿੰਗ ਅਤੇ ਜਾਅਲੀ ਸੀ.ਆਰ. ਸਲਿੱਪਾਂ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਕਾਰਨ ਅਟੈਚ ਕੀਤੀ ਗਈ ਹੈ, ਜਿਸ 'ਚ ਜ਼ਿਲ੍ਹਾ ਰੋਪੜ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਪਿੰਡ ਤੋਂ ਇਲਾਵਾ ਬੀਤ ਇਲਾਕੇ ਦੇ ਪਿੰਡ ਡੱਲੇਵਾਲ (ਗੜ੍ਹਸ਼ੰਕਰ) 'ਚ ਪੈਂਦੀ ਖੇਤੀਯੋਗ ਜ਼ਮੀਨ ਸਾਢੇ ਚਾਰ ਏਕੜ ਅਤੇ 4.2 ਏਕੜ (ਕੁੱਲ 8 ਏਕੜ 6 ਕਨਾਲ) ਜ਼ਮੀਨ ਅਟੈਚ ਕੀਤੀ ਗਈ ਹੈ | ਈ.ਡੀ. ਵਲੋਂ ਉਕਤ ਦੋਸ਼ੀ ਵਿਰੁੱਧ ਨਾਜਾਇਜ਼ ਮਾਈਨਿੰਗ ਕਰਨ ਅਤੇ ਜਾਅਲੀ ਸੀ.ਆਰ. ਸਲਿੱਪਾਂ ਤਿਆਰ ਕਰਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ | ਇਸ ਸੰਬੰਧੀ ਬਕਾਇਦਾ ਨੂਰਪੁਰ ਬੇਦੀ ਪੁਲਿਸ ਥਾਣੇ ਵਿਚ ਪਰਚਾ ਵੀ ਦਰਜ ਹੋਇਆ ਸੀ ਅਤੇ ਬਲਜਿੰਦਰ ਸਿੰਘ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ | ਇਥੇ ਇਹ ਦੱਸਣਾ ਬਣਦਾ ਹੈ ਕਿ ਜੋ ਜਾਅਲੀ ਸੀ.ਆਰ. ਸਲਿਪਾਂ ਰਿਕਾਰਡ ਚੈੱਕ ਕਰਨ 'ਤੇ ਫੜੀਆਂ ਸਨ | ਉਨ੍ਹਾਂ 'ਚ 40 ਸਲਿਪਾਂ ਸਾਈ ਸਟੋਨ ਕਰੱਸ਼ਰ ਦੀਆਂ ਨਾਕਾ ਸ਼ਾਹਪੁਰ ਗੜ੍ਹਸ਼ੰਕਰ ਦੀਆਂ ਸਨ | ਇਹ ਮੱੁਦਾ 'ਰੋਜ਼ਾਨਾ ਅਜੀਤ' ਵਲੋਂ (ਕਰੋੜਾਂ ਰੁਪਏ ਮੁੱਲ ਦੀਆਂ ਸਲਿਪਾਂ ਤਿਆਰ ਕਰਕੇ ਸਰਕਾਰ ਨੂੰ ਲਗਾਈਆ ਚੂਨਾ) ਜ਼ੋਰ-ਸ਼ੋਰ ਨਾਲ ਚੁੱਕਿਆ ਸੀ, ਜਿਸ 'ਚ ਕੁੱਝ ਲੋਕਾਂ 'ਤੇ ਜਾਅਲੀ ਸੀ.ਆਰ. ਸਲਿਪਾਂ ਛਪਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੀਆਂ ਖ਼ਬਰਾਂ ਛਪੀਆਂ ਸਨ ਅਤੇ ਥਾਣਾ ਨੂਰਪੁਰ ਬੇਦੀ ਅਤੇ ਨੰਗਲ 'ਚ ਮਾਮਲੇ ਦਰਜ ਹੋਏ ਸਨ | ਇਸ ਸਬੰਧੀ ਐਸ.ਡੀ.ਐਮ. ਗੜ੍ਹਸ਼ੰਕਰ ਸੰਦੀਪ ਕੁਮਾਰ ਗੌੜ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਈ.ਡੀ. ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਅਤੇ ਜਦ ਵੀ ਮਿਲੇਗੀ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |