ਹਰਿਆਣਾ, 23 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬੀ ਵਿਕਾਸ ਮੰਚ ਹਰਿਆਣਾ ਵਲੋਂ ਮੇਲੇ ਅਤੇ ਤਿਉਹਾਰਾਂ ਮੌਕੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ ਵਿਖੇ ਦੇਸੀ ਅੰਬਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ ਦੇ ਮੁੱਖ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਸਮੁੱਚੀ ਦੁਨੀਆ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਹਵਾ ਪਾਣੀ ਅਤੇ ਧਰਤੀ ਵਰਗੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਹੈ | ਇਸ ਮੌਕੇ ਭਾਈ ਘਨ੍ਹੱਈਆ ਜੀ ਨਿਸ਼ਕਾਮ ਸਭਾ ਹਰਿਆਣਾ ਦੇ ਹਰਜੀਤ ਸਿੰਘ ਨੰਗਲ ਨੇ ਕਿਹਾ ਕਿ ਧਰਤੀ ਦੇ ਦਿਨ ਵਧਣ ਵਧ ਰਹੇ ਤਾਪਮਾਨ ਅਤੇ ਰੁੱਖਾਂ ਜੰਗਲਾਂ ਦੀ ਕਮੀ ਦੇ ਕਾਰਨ ਸਮੁੱਚੀ ਮਨੁੱਖ ਜਾਤੀ ਬਨਸਪਤੀ ਅਤੇ ਜੀਵ ਜੰਤੂਆਂ ਲਈ ਵੱਧ ਰਹੀ ਤਪਸ਼ ਨਾਲ ਕਈ ਤਰ੍ਹਾਂ ਦੇ ਮੌਸਮੀ ਵਿਗਾੜ ਆਉਣ ਨਾਲ ਸੰਕਟ ਪੈਦਾ ਹੋ ਰਹੇ ਹਨ | ਇਸ ਮੌਕੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਹਰਮੇਲ ਸਿੰਘ ਖੱਖ, ਹਰਜੀਤ ਸਿੰਘ ਨੰਗਲ, ਵਰਿੰਦਰ ਸਿੰਘ ਨਿਮਾਣਾ, ਸਰਬਜੀਤ ਸਿੰਘ ਕੰਗ, ਹਰਅਵਤਾਰ ਸਿੰਘ, ਹਰਮਿੰਦਰ ਸਿੰਘ ਕੰਗ, ਅਮਰਜੀਤ ਸਿੰਘ ਬਿੱਟੂ, ਧਾਮੀ ਤੇ ਹੋਰ ਹਾਜ਼ਰ ਸਨ |