ਦਸੂਹਾ, 23 ਅਕਤੂਬਰ (ਭੁੱਲਰ)- ਸਕੂਲ ਆਫ਼ ਐਮੀਨੈਸ ਵਿਖੇ ਪਿ੍ੰਸੀਪਲ ਗੁਰਦਿਆਲ ਸਿੰਘ ਦੀ ਅਗਵਾਈ ਹੇਠ 21 ਅਕਤੂਬਰ ਦੇ ਸ਼ਹੀਦਾਂ ਦੀ ਲੜੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਚ ਪੜ੍ਹੇ ਸ਼ਹੀਦ ਸਿਕੰਦਰ ਸਿੰਘ ਦੀ ਸਹੀਦੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸ਼ਹੀਦ ਦੇ ਪਿਤਾ ਸ. ਗੁਰਮੇਲ ਸਿੰਘ ਨੇ ਆਪਣੇ ਸ਼ਹੀਦ ਪੁੱਤਰ ਸਿਕੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ | ਪੁਲਿਸ ਵਿਭਾਗ ਦੇ ਵੱਖ-ਵੱਖ ਅਧਿਕਾਰੀ ਐਸ. ਆਈ. ਜਗਜੀਤ ਸਿੰਘ (ਥਾਣਾ ਦਸੂਹਾ), ਏ.ਐਸ.ਆਈ. ਰਣਧੀਰ ਸਿੰਘ (ਥਾਣਾ ਦਸੂਹਾ), ਏ.ਐਸ.ਆਈ. ਹਰਜਿੰਦਰਪਾਲ ਸਿੰਘ 80ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਹੈੱਡ. ਕਾਂਸਟੇਬਲ ਅਜਬੇਰ ਸਿੰਘ 80ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਸ਼ਾਮਿਲ ਹੋਏ | ਪਿ੍ੰਸੀਪਲ ਗੁਰਦਿਆਲ ਸਿੰਘ ਨੇ ਸ਼ਹੀਦ ਸਿਕੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਜੀਵਨ ਦੇ ਸਫ਼ਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਸੱਚੀ ਨਿਸ਼ਠਾ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਸ਼ਹੀਦ ਦੇ ਪਿਤਾ ਵਲੋਂ ਆਪਣੇ ਪੁੱਤਰ ਦੀ ਯਾਦ ਵਿਚ ਇਕ ਬੂਟਾ ਵੀ ਲਗਵਾਇਆ ਗਿਆ | ਏ.ਐਸ.ਆਈ. ਹਰਜਿੰਦਰਪਾਲ ਸਿੰਘ ਨੇ ਵੀ ਸ਼ਹੀਦ ਦੇ ਜੀਵਨ ਅਤੇ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਦੱਸਿਆ | ਮੰਚ ਦਾ ਸੰਚਾਲਨ ਲੈਕਚਰਾਰ ਨੀਰੂ ਸੂਦ ਵੱਲੋਂ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |