23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬੰਗਲਾਦੇਸ਼ ਵਿਚ ਹਿੰਦੂ ਨੌਜਵਾਨ ਨੂੰ ਜਿਉਂਦਾ ਸਾੜਨ ਦੀ ਘਟਨਾ ਦੇ ਵਿਰੋਧ ਵਿਚ ਪੰਜਾਬੀ, ਹਿੰਦੂ ਗਰੁੱਪ ਵਲੋਂ ਰਾਜ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ

ਅਜੀਤ ਡੈਸਕ 24-12-2025
ਮੁਕੇਰੀਆਂ, 23 ਦਸੰਬਰ (ਰਾਮਗੜ੍ਹੀਆ)- ਪੰਜਾਬੀ ਹਿੰਦੂ ਗਰੁੱਪ ਦੀ ਸਟੇਟ ਬਾਡੀ ਦੀ ਇਕ ਮਹੱਤਵਪੂਰਨ ਮੀਟਿੰਗ ਗਰੁੱਪ ਦੇ ਚੇਅਰਮੈਨ ਮਹੰਤ ਰਵੀ ਕਾਂਤ ਮੁਨੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਬੰਗਲਾਦੇਸ਼ ਵਿਚ ਹਾਲ ਹੀ 'ਚ ਇਕ ਹਿੰਦੂ ਨੌਜਵਾਨ ਨੂੰ ਧਾਰਮਿਕ ਨਫ਼ਰਤ ਦੇ ਆਧਾਰ 'ਤੇ ਜਿਉਂਦਾ ਅੱਗ ਲਗਾ ਕੇ ਮਾਰਨ ਦੀ ਖ਼ੌਫ਼ਨਾਕ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਮੀਟਿੰਗ ਵਿਚ ਬੋਲਦਿਆਂ ਨੇਤਾਵਾਂ ਨੇ ਕਿਹਾ ਕਿ ਇਹ ਬੇਹੱਦ ਦਰਦਨਾਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ, ਜਿਸ ਨਾਲ ਪੂਰੀ ਦੁਨੀਆ ਵਿਚ ਵੱਸਦੇ ਹਿੰਦੂ ਸਮਾਜ ਦੇ ਲੋਕਾਂ ਵਿਚ ਰੋਸ ਅਤੇ ਗ਼ੁੱਸੇ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਕਿਹਾ ਕਿ ਇਹ ਘਟਨਾ ਸਾਨੂੰ ਲਗਭਗ 300 ਸਾਲ ਪਹਿਲਾਂ ਧਾਰਮਿਕ ਅੱਤਿਆਚਾਰਾਂ ਦੇ ਸ਼ਿਕਾਰ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਦੀ ਯਾਦ ਦਿਵਾਉਂਦੀ ਹੈ | ਗਰੁੱਪ ਦੇ ਸਟੇਟ ਬਾਡੀ ਮੈਂਬਰ ਅਤੇ ਜਲੰਧਰ ਜ਼ੋਨ ਦੇ ਇੰਚਾਰਜ ਸ੍ਰੀ ਰਮਨ ਨੇਹਰਾ ਫਗਵਾੜਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਵਿਰੋਧ ਵਿਚ ਸੰਸਾਰ ਭਰ ਵਿਚ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਹਿੰਦੂ ਗਰੁੱਪ ਇਸ ਘਟਨਾ ਦਾ ਤਿੱਖੇ ਸ਼ਬਦਾਂ ਵਿਚ ਵਿਰੋਧ ਕਰਦਾ ਹੈ | ਸਟੇਟ ਬਾਡੀ ਮੈਂਬਰ ਪੰਡਤ ਗੁਰੂਦੱਤ ਸ਼ਾਸਤਰੀ ਅਮਲੋਹ ਨੇ ਮੰਗ ਕੀਤੀ ਕਿ ਹਰ ਥਾਣਾ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਇਸ ਵੱਲ ਖਿੱਚਿਆ ਜਾਵੇ | ਇਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਸਹਿ-ਕੁਆਰਡੀਨੇਟਰ ਪਵਨ ਭਾਰਦਵਾਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਹੁਣ ਤੱਕ ਇਸ ਘਟਨਾ 'ਤੇ ਕੋਈ ਢੁਕਵੀਂ ਨਿੰਦਾ ਨਾ ਹੋਣਾ ਚਿੰਤਾਜਨਕ ਹੈ ਅਤੇ ਦੋਹਾਂ ਸਰਕਾਰਾਂ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਇਸ ਮਾਮਲੇ ਨੂੰ ਉਠਾਉਣਾ ਚਾਹੀਦਾ ਹੈ | ਸਟੇਟ ਬਾਡੀ ਮੈਂਬਰ ਅਤੇ ਪਟਿਆਲਾ ਜ਼ੋਨ ਦੇ ਇੰਚਾਰਜ ਜੈਵਰਧਨ ਨੇ ਕਿਹਾ ਕਿ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿਚ ਉਠਾ ਕੇ ਬੰਗਲਾਦੇਸ਼ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ | ਮੀਟਿੰਗ ਦੇ ਅੰਤ ਵਿਚ ਫ਼ੈਸਲਾ ਲਿਆ ਗਿਆ ਕਿ ਬੰਗਲਾਦੇਸ਼ ਵਿਚ ਹਿੰਦੂਆਂ ਦੀ ਸੁਰੱਖਿਆ ਵਿਚ ਨਾਕਾਮ ਰਹੀ ਸਰਕਾਰ ਦੇ ਵਿਰੋਧ ਵਿਚ 25 ਦਸੰਬਰ (ਵੀਰਵਾਰ) ਦੁਪਹਿਰ 12:15 ਵਜੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਸਰਕਾਰ ਦੇ ਪੁਤਲੇ ਫੂਕੇ ਜਾਣਗੇ | ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਨਾਮ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ | ਇਸ ਮੀਟਿੰਗ ਵਿਚ ਸਟੇਟ ਬਾਡੀ ਮੈਂਬਰ ਸਤਪਾਲ ਸ਼ਰਮਾ ਰਾਮਪੁਰਾ, ਰਿੰਕੂ ਦੇਵਾ ਫ਼ਿਰੋਜ਼ਪੁਰ, ਸੰਜੀਵ ਅਬਰੋਲ ਐਡਵੋਕੇਟ ਫ਼ਤਿਹਗੜ੍ਹ ਸਾਹਿਬ, ਪ੍ਰੀਤ ਅਮਨ ਸ਼ਰਮਾ ਸੰਗਰੂਰ, ਪਵਨ ਸ਼ਰਮਾ, ਕੁਲਦੀਪ ਸਦਾਨਾ ਲੁਧਿਆਣਾ, ਵਿਕਰਮਜੀਤ ਗੁਰਦਾਸਪੁਰ, ਮੌਂਟੀ ਸ਼ਰਮਾ ਜਲੰਧਰ, ਨਵਨੀਤ ਮਲਿਕ ਹੁਸ਼ਿਆਰਪੁਰ, ਵਿਕਾਸ ਜਸਰਾ ਨਵਾਂਸ਼ਹਿਰ, ਇੰਦਰਪਾਲ ਗੋਲਡੀ ਰਾਏਕੋਟ ਅਤੇ ਅਰੁਣ ਜੋਸ਼ੀ ਪਾਇਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮਾਣਕੀ ਵਿਖੇ ਟੀ. ਬੀ. ਮੁਕਤ ਮੁਹਿੰਮ ਦਾ ਕੈਂਪ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।