ਸਿੱਧਵਾਂ ਬੇਟ, 15 ਜੂਨ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ: ਅੰਕੁਰ ਗੁਪਤਾ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਐੱਸ.ਆਈ. ਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦਰਿਆ ਸਤਲੁਜ ਨਜ਼ਦੀਕ ਗਸ਼ਤ ਦੌਰਾਨ ਇਕ ਸੇਮ ਨਾਲੇ ਨਜ਼ਦੀਕ ਸ਼ੱਕੀ ਔਰਤ ਨੂੰ ਆਉਂਦੇ ਹੋਏ ਵੇਖਿਆ | ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ | ਉਕਤ ਔਰਤ ਦੀ ਪਹਿਚਾਣ ਸਰਬਜੀਤ ਕੌਰ ਉਰਫ਼ ਸਰਬੀ ਪਤਨੀ ਰਜਿੰਦਰ ਸਿੰਘ ਵਾਸੀ ਸਲੇਮਪੁਰਾ (ਟਿੱਬਾ) ਵਜੋਂ ਕੀਤੀ ਗਈ | ਇਸੇ ਤਰ੍ਹਾਂ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਏ.ਐੱਸ.ਆਈ. ਸੁਖਮੰਦਰ ਸਿੰਘ ਨੇ ਵੀ ਕਿਸੇ ਖਾਸ ਮੁਖ਼ਬਰ ਦੀ ਇਤਲਾਹ 'ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਪੁੱਤਰ ਜਗਰੂਪ ਸਿੰਘ ਉਰਫ਼ ਰੂਪੀ ਕੋਲੋਂ 6 ਗ੍ਰਾਮ ਹੈਰੋਇਨ ਅਤੇ ਚੌਂਕੀ ਭੂੰਦੜੀ ਵਿਖੇ ਤਾਇਨਾਤ ਏ.ਐੱਸ.ਆਈ. ਮਨਜੀਤ ਸਿੰਘ ਨੇ ਕਿਸੇ ਖਾਸ ਮੁਖਬਰ ਦੀ ਸੂਚਨਾ 'ਤੇ ਅੰਮਿ੍ਤਪਾਲ ਸਿੰਘ ਉਰਫ਼ ਨਾਇਕ ਪੁੱਤਰ ਭੁਪਿੰਦਰ ਸਿੰਘ ਵਾਸੀ ਭੂੰਦੜੀ ਕੋਲੋਂ 15 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ | ਪੁਲਿਸ ਨੇ ਦੱਸਿਆ ਕਿ ਉਕਤ ਤਿੰਨਾਂ ਲੋਕਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ |