ਲੁਧਿਆਣਾ, 16 ਜੂਨ (ਭੁਪਿੰਦਰ ਸਿੰਘ ਬੈਂਸ)-ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਸ਼ਹਿਰ ਦੇ ਹਲਕਾ ਪੱਛਮੀ ਜ਼ਿਮਨੀ ਚੋਣ ਵਿਚ ਹਾਰ ਦੇ ਡਰ ਕਾਰਨ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਵਿਚ ਸੀਟ ਪਾਉਣ ਦਾ ਸੁਪਨਾ ਟੁੱਟ ਰਿਹਾ ਹੈ ਤੇ ਹਾਰ ਤੋਂ ਬੌਖਲਾਈ 'ਆਪ' ਵਲੋਂ ਪੱਛਮੀ ਹਲਕੇ ਵਿਚ ਵੋਟਰਾਂ ਨੂੰ ਡਰਾਉਣ ਲਈ ਗੈਂਗਸਟਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ | ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਪਾਰਟੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਦੇ ਆਗੂ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਵੋਟਰਾਂ ਵਿਚ ਡਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਆਪਣੇ ਉਮੀਦਵਾਰ ਸੰਜੀਵ ਅਰੋੜਾ ਦੇ ਪੱਖ ਵਿਚ ਵੋਟ ਪਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੰੂ ਜੇਤੂ ਬਣਾਉਣ ਦਾ ਮਨ ਬਣਾ ਲਿਆ ਹੈ, ਇਸੇ ਲਈ ਉਹ ਅਜਿਹੀ ਰਣਨੀਤੀ ਅਪਣਾ ਰਹੇ ਹਨ | ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗੈਂਗਸਟਰਾਂ ਨਾਲ ਸਬੰਧ ਕੋਈ ਨਵੀਂ ਗੱਲ ਨਹੀਂ ਹੈ ਅਤੇ ਉਨ੍ਹਾਂ ਨੇ ਪਹਿਲਾਂ ਵੀ ਆਪਣੇ ਸਵਾਰਥੀ ਉਦੇਸ਼ਾਂ ਲਈ ਉਨ੍ਹਾਂ ਦੀ ਵਰਤੋਂ ਕੀਤੀ ਹੈ | ਖੰਨਾ ਨੇ ਹਲਕਾ ਪੱਛਮੀ ਦੇ ਵੋਟਰਾਂ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਨਾ ਡਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਉਨ੍ਹਾਂ ਦੀ ਜ਼ਰੂਰਤ ਸਮੇਂ ਉਨ੍ਹਾਂ ਦੇ ਨਾਲ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸੂਬਾ ਬੁਲਾਰਾ ਸਵਰਨ ਸਿੰਘ ਚੰਨੀ, ਡਾ. ਕਮਲਜੀਤ ਸੋਹੀ, ਪਿ੍ਤਪਾਲ ਸਿੰਘ ਬੱਲੀਏਵਾਲ ਤੇ ਸੁਰੇਸ਼ ਮਿਗਲਾਨੀ ਆਦਿ ਮੌਜੂਦ ਸਨ |
ਭਾਜਪਾ ਆਗੂ ਖੰਨਾ ਨੇ 'ਆਪ' ਤੇ ਜ਼ਿਮਨੀ ਚੋਣ ਲਈ ਗੈਂਗਸਟਰਾਂ ਦਾ ਸਹਾਰਾ ਲੈਣ ਦਾ ਲਗਾਇਆ ਦੋਸ਼ <br/>
ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਨਾਲ ਮੌਜੂਦ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸੂਬਾ ਬੁਲਾਰਾ ਸਵਰਨ ਸਿੰਘ ਚੰਨੀ ਤੇ ਹੋਰ | ਤਸਵੀਰ-ਸੇਵਕ ਸਿੰਘ<br/>
17-06-2025