ਭੂੰਦੜੀ, 15 ਅਕਤੂਬਰ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ 'ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਧੰਨਰਾਜ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਸ਼ੇਰ ਅਜੀਤ ਸਿੰਘ ਮੰਡ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ ਵਿਖੇ ਝੋਨੇ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ (ਸੀ.ਆਰ.ਐੱਮ) ਸਕੀਮ ਆਈ.ਸੀ.ਈ ਕੰਪੋਨੈਂਟ ਤਹਿਤ ਵਿਦਿਆਰਥੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਵਿਦਿਆਰਥੀਆਂ ਦੇ ਪੇਂਟਿੰਗ, ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਸਕੂਲ ਇੰਚਾਰਜ ਪਿ੍ੰ. ਸੁਖਦੇਵ ਸਿੰਘ ਮਾਨ ਅਤੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਕਰਵਾਏ ਗਏ | ਇੰਨ੍ਹਾਂ ਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਕੈਂਪ 'ਚ ਡੀ.ਸੀ. ਦਫ਼ਤਰ ਤੋਂ ਮੈਡਮ ਅੰਜ਼ਲੀ, ਸ੍ਰੀ ਮਹਿਬੂਬ ਸਮੇਤ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ਗਈ | ਇਸ ਸਮੇਂ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਸ਼ੇਰ ਅਜੀਤ ਸਿੰਘ ਮੰਡ ਵਲੋਂ ਸਕੂਲੀ ਵਿਦਿਆਰਥੀਆਂ ਰਾਹੀਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿਚ ਖ਼ਪਤ ਕੀਤਾ ਜਾਵੇ, ਜਿਸ ਨਾਲ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਵੱਧਦੀ ਹੈ, ਮਿੱਤਰ ਕੀੜੇ ਜੀਵਤ ਰਹਿੰਦੇ ਹਨ, ਫ਼ਸਲਾਂ ਦੇ ਝਾੜ ਵੱਧਦੇ ਹਨ, ਕੈਮੀਕਲ ਖਾਦਾਂ ਕੀੜੇਮਾਰ ਦਵਾਈਆਂ ਦੀ ਵਰਤੋਂ ਘਟਦੀ ਹੈ | ਇਸ ਸਮੇਂ ਡਾ. ਮੰਡ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਵਿਭਾਗ ਕੋਲ ਪਰਾਲੀ ਦੀ ਸਾਂਭ-ਸੰਭਾਲ ਵਾਲੀਆਂ ਮਸ਼ੀਨਾਂ ਵੀ ਮੌਜੂਦ ਹਨ, ਕਿਸਾਨ ਇਨ੍ਹਾਂ ਦਾ ਲਾਹਾ ਲੈ ਸਕਦੇ ਹਨ | ਇਸ ਸਮੇਂ ਭਾਸ਼ਣ, ਪੇਂਟਿੰਗ, ਪੋਸਟਰ ਮੇਕਿੰਗ ਮੁਕਾਬਲਿਆਂ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਤੇ ਪੀ.ਏ.ਯੂ ਵਿਦਿਆਰਥੀਆਂ ਨਾਲ ਮਿਲ ਕੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਪਿੰਡ ਵਿਚ ਜਾਗਰੂਕ ਰੈਲੀ ਵੀ ਕੱਢੀ ਗਈ | ਇਸ ਮੌਕੇ ਸਰਪੰਚ ਕੋਮਲਜੀਤ ਸਿੰਘ ਗਰੇਵਾਲ, ਜਸਪ੍ਰੀਤ ਕੌਰ, ਚਰਨਜੀਤ ਸਿੰਘ, ਹਰਪਾਲ ਸਿੰਘ, ਕਮਲਦੀਪ ਸਿੰਘ, ਜਸਪਾਲ ਸਿੰਘ, ਪਰਮਜੀਤ ਕੌਰ, ਜਗਤਾਰ ਸਿੰਘ, ਸੁਖਜੀਤ ਸਿੰਘ, 'ਆਪ' ਆਗੂ ਗੁਰਜੀਤ ਸਿੰਘ ਮੰਤਰੀ, ਗੁੁਰਮਿੰਦਰ ਸਿੰਘ, ਹੋਰ ਪਿੰਡ ਵਾਸੀ ਤੇ ਕਿਸਾਨ ਵੀ ਹਾਜ਼ਰ ਸਨ |