ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਾਈਟੈਕ ਖੇਡ ਗਰਾਊਾਡ ਦਾਖਾ (ਲੁਧਿ:) ਵਿਖੇ ਸਕੂਲ ਸਿੱਖਿਆ ਵਿਭਾਗ ਦੀਆਂ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਜਿਥੇ ਅੱਜ ਲੜਕੀਆਂ ਦੇ ਅੰਡਰ-14 ਫੁੱਟਬਾਲ ਮੁਕਾਬਲੇ ਸਮਾਪਤ ਹੋਏ, ਉਥੇ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਸ਼ੁਰੂ ਹੋ ਗਏ | ਅੰਤਰ ਜ਼ਿਲ੍ਹਾ ਅੰਡਰ-14 ਲੜਕੀਆਂ ਦੇ ਸੈਮੀਫਾਈਨਲ ਮੁਕਾਬਲੇ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟਸ ਕੋਆਰਡੀਨੇਟਰ ਕੁਲਬੀਰ ਸਿੰਘ ਉਚੇਚਾ ਖੇਡ ਗਰਾਊਾਡ 'ਚ ਪਹੁੰਚੇ | ਉਨ੍ਹਾਂ ਨਾਲ ਜ਼ੋਨ ਸਕੱਤਰ ਕੁਲਦੀਪ ਸਿੰਘ ਡੀ.ਪੀ, ਪਿ੍ੰਸੀਪਲ ਗੁਰਜੰਟ ਸਿੰਘ, ਸੁਖਵਿੰਦਰ ਕੌਰ, ਸਨਮਦੀਪ ਕੌਰ, ਗੁਰਮੀਤ ਸਿੰਘ, ਅੰਮਿ੍ਤਪਾਲ ਸਿੰਘ, ਹੋਰ ਮੌਜੂਦ ਰਹੇ | ਵੱਖੋ-ਵੱਖ ਮੁਕਾਬਲਿਆਂ ਵਿਚੋਂ ਗੁਜਰ ਕੇ ਅੰਤਰ ਜ਼ਿਲ੍ਹਾ ਫੁੱਟਬਾਲ ਟੂਰਨਾਮੈਂਟ ਮੋਗਾ, ਹੁਸ਼ਿਆਰਪੁਰ, ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹਾ ਟੀਮਾਂ ਸੈਮੀਫਾਈਨਲ ਵਿਚ ਪੁੱਜੀਆਂ | ਪਹਿਲੇ ਸੈਮੀਫਾਈਨਲ ਮੁਕਾਬਲੇ ਸਮੇਂ ਹੁਸ਼ਿਆਰਪੁਰ ਜ਼ਿਲ੍ਹਾ ਟੀਮ ਨੇ 2-0 ਦੇ ਫ਼ਰਕ ਨਾਲ ਮੋਗਾ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ | ਦੂਸਰਾ ਸੈਮੀਫਾਈਨਲ ਲੁਧਿਆਣਾ ਜ਼ਿਲ੍ਹਾ ਟੀਮ ਨੇ 5-0 ਗੋਲ ਦੇ ਫ਼ਰਕ ਨਾਲ ਬਠਿੰਡਾ ਨੂੰ ਹਰਾ ਕੇ ਜਿੱਤਿਆ | ਬੇਹੱਦ ਫਸਵੇਂ ਫਾਈਨਲ ਮੁਕਾਬਲੇ ਸਮੇਂ ਲੁਧਿਆਣਾ ਜ਼ਿਲ੍ਹਾ ਟੀਮ 1-0 ਗੋਲ ਦੇ ਫ਼ਰਕ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਟੀਮ ਨੂੰ ਹਰਾ ਕੇ ਚੈਂਪੀਅਨ ਬਣੀ | ਤੀਸਰੇ-ਚੌਥੇ ਸਥਾਨ ਲਈ ਹੋਏ ਮੁਕਾਬਲੇ ਸਮੇਂ ਮੋਗਾ ਜ਼ਿਲ੍ਹਾ ਟੀਮ ਨੇ ਬਠਿੰਡਾ ਟੀਮ ਨੂੰ ਹਰਾਇਆ | ਜੇਤੂ, ਉੱਪ ਟੀਮਾਂ ਨੂੰ ਯਾਦਗਾਰ ਟਰਾਫ਼ੀ ਅਤੇ ਸਰਟੀਫਿਕੇਟ ਵੰਡੇ ਗਏ | ਜ਼ੋਨ ਸਕੱਤਰ ਕੁਲਦੀਪ ਸਿੰਘ ਅਨੁਸਾਰ ਅੱਜ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਸ਼ੁਰੂ ਹੋ ਗਏ |