ਲੋਹਟਬੱਦੀ, 22 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਮੌਜੂਦਾ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਮੌਕੇ ਸਮਾਗਮ ਕਰਵਾਏ ਗਏ | ਉਨ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ 'ਚ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਗਵਾਲੀਅਰ ਦੇ ਕਿਲੇ੍ਹ 'ਚ ਜ਼ਬਰੀ ਕੈਦ ਕੀਤੇ 52 ਰਾਜਿਆਂ ਨੂੰ ਰਿਹਾਅ ਕਰਵਾਉਣ ਨਾਲ ਸੰਬੰਧਿਤ ਬੰਦੀ ਛੋੜ ਦਿਵਸ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਹੈ, ਕਿਉਂਕਿ ਇਕੱਲੇ ਜਹਾਂਗੀਰ ਨੇ ਹੀ ਨਹੀਂ ਸਗੋਂ ਸਮੇਂ-ਸਮੇਂ ਦੀਆਂ ਹਕੂਮਤਾਂ ਨੇ ਮਨੁੱਖੀ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਸਾਡੇ ਗੁਰੂ ਸਾਹਿਬਾਨ, ਮਰਜੀਵੜੇ ਸਿੰਘਾਂ ਨੇ ਦੁਖੀ ਤੇ ਮਜ਼ਲੂਮ ਵਰਗਾਂ ਦੀ ਸਹਾਇਤਾ ਕਰਕੇ ਹੱਕ, ਸੱਚ ਅਤੇ ਇਨਸਾਫ਼ ਦੀਆਂ ਵੱਡੀਆਂ ਉਦਾਹਰਨਾਂ ਪੇਸ਼ ਕੀਤੀਆਂ | ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਨੂੰ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਦਿਆਲਾ ਜੀ, ਸ਼ਹੀਦ ਭਾਈ ਸਤੀ ਦਾਸ ਜੀ ਦੇ ਸਿਦਕ ਸਵੈਮਾਨ ਬੇ-ਮਿਸਾਲ ਅਦੁੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ 19 ਨਵੰਬਰ 2025, ਦਿਨ ਬੁੱਧਵਾਰ ਨੂੰ ਨਿਰਮਲੇ ਸੰਪਰਦਾਇ ਵਲੋਂ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਤੋਂ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ/ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਇਹ ਵਿਸ਼ਾਲ ਨਗਰ ਕੀਰਤਨ ਲੋਹਟਬੱਦੀ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਣਗੇ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼, ਧਾਰਮਿਕ ਆਗੂ, ਵਿਦਵਾਨ ਅਤੇ ਰਾਜਸੀ ਆਗੂ ਨਗਰ ਕੀਰਤਨ 'ਚ ਹਾਜ਼ਰੀ ਭਰਨਗੇ | ਇਸ ਮੌਕੇ ਗ੍ਰੰਥੀ ਅਵਤਾਰ ਸਿੰਘ, ਰਾਗੀ ਦਰਬਾਰਾ ਸਿੰਘ ਲੋਹਟਬੱਦੀ, ਰਾਗੀ ਭਰਪੂਰ ਸਿੰਘ, ਲਖਵੀਰ ਸਿੰਘ ਚੌਧਰੀ ਸਾਬਕਾ ਸਰਪੰਚ, ਅਮਰਜੀਤ ਸਿੰਘ ਸਹਿਬਾਜਪੁਰਾ, ਗੁਰਲੀਨ ਸਿੰਘ, ਬਾਵਾ ਹਜੀ, ਗੁਰਜੰਟ ਸਿੰਘ, ਰਣਝੋਧ ਸਿੰਘ, ਜਸਪਾਲ ਸਿੰਘ, ਗਿਆਨ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਮਨਮੋਹਣ ਸਿੰਘ, ਅਮਰਿੰਦਰ ਸਿੰਘ ਦਿਓਲ, ਨਿਰਭੈ ਸਿੰਘ, ਤੀਰਥ ਸਿੰਘ, ਨਾਰੰਗ ਸਿੰਘ, ਗੁਰਮੇਲ ਸਿੰਘ ਭੈਣੀ ਦਰੇੜਾ, ਸੇਵਾਦਾਰ ਕੁਲਦੀਪ ਸਿੰਘ ਆਦਿ ਹਾਜ਼ਰ ਸਨ |